PSEB 10th Class Welcome Life Solutions Chapter 8 ਸਮੱਸਿਆ ਦਾ ਹੱਲ
PSEB 10th Class Welcome Life Solutions Chapter 8 ਸਮੱਸਿਆ ਦਾ ਹੱਲ
PSEB Solutions for Class 10 Welcome Life Chapter 8 ਸਮੱਸਿਆ ਦਾ ਹੱਲ
Welcome Life Guide for Class 10 PSEB ਸਮੱਸਿਆ ਦਾ ਹੱਲ Textbook Questions and Answers
ਵਿਸ਼ੇ ਬਾਰੇ ਜਾਣਕਾਰੀ
◆ ਵਿਅਕਤੀ ਨੂੰ ਗੁੱਸਾ ਆਉਣਾ ਇੱਕ ਬਹੁਤ ਬੁਰੀ ਆਦਤ ਹੈ । ਗੁੱਸਾ ਆਉਣਾ ਅਜਿਹੀ ਅਵਸਥਾ ਹੈ ਜਿਸ ਵਿੱਚ ਵਿਅਕਤੀ ਬਹੁਤ ਘਬਰਾਹਟ ਮਹਿਸੂਸ ਕਰਦਾ ਹੈ ਅਤੇ ਸ਼ਾਂਤੀ ਤੋਂ ਬਹੁਤ ਦੂਰ ਚਲਾ ਜਾਂਦਾ ਹੈ । ਇਸ ਸਥਿਤੀ ਵਿੱਚ ਉਹ ਆਪਣਾ ਅਜਿਹਾ ਨੁਕਸਾਨ ਕਰ ਜਾਂਦਾ ਹੈ, ਜਿਸ ਦਾ ਖਾਮਿਆਜਾ ਉਸ ਨੂੰ ਲੰਬਾ ਸਮਾਂ ਭੁਗਤਣਾ ਪੈਂਦਾ ਹੈ ।
◆ ਸਾਨੂੰ ਗੁੱਸਾ ਉਸ ਸਮੇਂ ਆਉਂਦਾ ਹੈ ਜਦੋਂ ਸਾਨੂੰ ਉਹ ਚੀਜ਼ ਨਹੀਂ ਮਿਲਦੀ ਜੋ ਅਸੀਂ ਚਾਹੁੰਦੇ ਹਾਂ । ਅਜਿਹੀ ਸਥਿਤੀ ਵਿੱਚ ਅਸੀਂ ਆਪਣਾ ਆਪਾ ਖੋ ਦਿੰਦੇ ਹਾਂ ਅਤੇ ਕੋਈ ਗ਼ਲਤ ਕੰਮ ਕਰ ਬੈਠਦੇ ਹਾਂ ।
◆ ਗੁੱਸੇ ਨੂੰ ਕਈ ਤਰੀਕਿਆਂ ਨਾਲ ਕਾਬੂ ਕੀਤਾ ਜਾ ਸਕਦਾ ਹੈ ਜਿਵੇਂ ਸਕਾਰਾਤਮਕ ਸੋਚ ਰੱਖਣ ਨਾਲ, ਚੰਗੀਆਂ ਕਿਤਾਬਾਂ ਪੜ੍ਹਨ ਨਾਲ, ਲੰਮੇ-ਲੰਮੇ ਸਾਹ ਲੈ ਕੇ ਆਦਿ ।
◆ ਕੁੱਝ ਛੋਟੇ-ਛੋਟੇ ਉਪਾਅ ਕਰ ਕੇ ਅਸੀਂ ਆਪਣੀ ਮਾਨਸਿਕ ਸਥਿਤੀ ਉੱਤੇ ਕਾਬੂ ਪਾ ਸਕਦੇ ਹਾਂ । ਇਸ ਨਾਲ ਅਸੀਂ ਆਪਣੇ ਵਿਵਹਾਰਿਕ ਪੱਖ ਵਿੱਚ ਵੀ ਪਰਿਵਰਤਨ ਲਿਆ ਸਕਦੇ ਹਾਂ ।
◆ ਜੇਕਰ ਅਸੀਂ ਆਪਣੇ ਵਿੱਚ ਮੌਜੂਦ ਔਗੁਣਾਂ ਨੂੰ ਦੂਰ ਕਰੀਏ ਤਾਂ ਅਸੀਂ ਆਪਣੀ ਸ਼ਖ਼ਸੀਅਤ ਦਾ ਵੀ ਵਿਕਾਸ ਕਰ ਲਵਾਂਗੇ । ਇਸ ਤਰ੍ਹਾਂ ਇੱਕ ਅਜਿਹੇ ਸਮਾਜ ਦਾ ਨਿਰਮਾਣ ਹੋਵੇਗਾ ਜਿਸ ਵਿੱਚ ਵਿਕਾਰ ਨਹੀਂ ਬਲਕਿ ਗੁਣਾਂ ਨਾਲ ਭਰਪੂਰ ਵਿਅਕਤੀ ਹੋਣਗੇ ।
◆ ਡਰ ਵੀ ਸਾਡੀ ਸ਼ਖ਼ਸੀਅਤ ਦਾ ਇੱਕ ਹਿੱਸਾ ਹੈ । ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਗੱਲ ਤੋਂ ਡਰ ਲੱਗਦਾ ਹੈ । ਉਦਾਹਰਨ ਦੇ ਲਈ ਕਲਾਸ ਵਿੱਚ ਪਹਿਲੇ ਸਥਾਨ ਉੱਤੇ ਆਉਣ ਵਾਲੇ ਵਿਦਿਆਰਥੀ ਨੂੰ ਡਰ ਲਗਦਾ ਹੈ ਕਿ ਉਹ ਕਿਤੇ ਦੂਜੇ ਜਾਂ ਤੀਜੇ ਸਥਾਨ ਉੱਤੇ ਨਾ ਆ ਜਾਵੇ । ਇਸ ਲਈ ਉਹ ਤਰ੍ਹਾਂ-ਤਰ੍ਹਾਂ ਦੇ ਯਤਨ ਕਰਦਾ ਹੈ ਪਰ ਡਰ ਉਸਦੇ ਵਿਚ ਹੀ ਰਹਿੰਦਾ ਹੈ ।
◆ ਕਈ ਵਾਰੀ ਡਰ ਸਾਡੇ ਲਈ ਲਾਭਦਾਇਕ ਵੀ ਸਾਬਿਤ ਹੁੰਦਾ ਹੈ । ਅਸੀਂ ਉਸ ਡਰ ਕਰਕੇ ਸੁਚੇਤ ਰਹਿੰਦੇ ਹਾਂ ਅਤੇ ਕੋਈ ਅਜਿਹਾ ਕੰਮ ਨਹੀਂ ਕਰਦੇ ਕਿ ਡਰ ਸਾਡੇ ਉੱਤੇ ਹਾਵੀ ਹੋ ਜਾਵੇ ।
◆ ਆਪਣੇ ਅੰਦਰ ਛੁਪੇ ਹੋਏ ਡਰ ਨੂੰ ਆਸਾਨੀ ਨਾਲ ਹੱਲ ਵੀ ਕੀਤਾ ਜਾ ਸਕਦਾ ਹੈ । ਇਸਦੇ ਲਈ ਜ਼ਰੂਰੀ ਹੈ ਕਿ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝੋ, ਸ਼ਾਂਤੀ ਨਾਲ ਉਸ ਉੱਤੇ ਵਿਚਾਰ ਕਰੋ ਅਤੇ ਜੋ ਵੀ ਹੱਲ ਉਸ ਸਮੱਸਿਆ ਦਾ ਹੋਵੇ, ਉਸ ਨੂੰ ਅਪਣਾ ਲਵੋ ।
◆ ਇਕਾਗਰਤਾ ਦਾ ਅਰਥ ਹੁੰਦਾ ਹੈ ਧਿਆਨ ਨੂੰ ਪੂਰੀ ਤਰ੍ਹਾਂ ਕੇਂਦਰਿਤ ਕਰਨਾ । ਜਦੋਂ ਸਾਡੇ ਮਨ ਦੀ ਅਵਸਥਾ ਇੱਕ ਥਾਂ ਉੱਤੇ ਟਿੱਕ ਜਾਂਦੀ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਕਾਗਰਤਾ ਦੀ ਸਥਿਤੀ ਆ ਗਈ ਹੈ ।
ਅਭਿਆਸ ਦੇ ਪ੍ਰਸ਼ਨ
ਅਭਿਆਸ – I
ਭਾਗ – 1
ਪ੍ਰਸ਼ਨ 1. ਆਪਣੇ ਅਜਿਹੇ ਡਰ ਲਿਖੋ, ਜੋ ਤੁਹਾਨੂੰ ਸਾਰਾ ਦਿਨ ਪਰੇਸ਼ਾਨ ਕਰਦੇ ਹਨ ।
ਉੱਤਰ— (i) ਸਭ ਤੋਂ ਪਹਿਲਾਂ ਡਰ ਤਾਂ ਇਹ ਹੈ ਕਿ ਕੋਈ ਅਣਹੋਣੀ ਨਾ ਹੋ ਜਾਵੇ ।
(ii) ਦੂਜਾ ਡਰ ਇਹ ਹੈ ਕਿ ਮੈਂ ਕਲਾਸ ਵਿੱਚ ਪਿੱਛੇ ਨਾ ਰਹਿ ਜਾਵਾਂ । ਮੈਂ ਹਮੇਸ਼ਾਂ ਕਲਾਸ ਵਿੱਚ ਪਹਿਲੇ ਸਥਾਨ ਉੱਤੇ ਆਉਂਦਾ ਹਾਂ ਅਤੇ ਮੈਨੂੰ ਇਹ ਡਰ ਲੱਗਿਆ ਰਹਿੰਦਾ ਹੈ ਕਿ ਕੋਈ ਮੇਰੇ ਤੋਂ ਅੱਗੇ ਨਾ ਲੰਘ ਜਾਵੇ । ਇਸ ਲਈ ਮੈਂ ਹਮੇਸ਼ਾਂ ਪਰੇਸ਼ਾਨ ਰਹਿੰਦਾ ਹਾਂ ।
(iii) ਮੈਨੂੰ ਹਮੇਸ਼ਾਂ ਡਰ ਲੱਗਿਆ ਰਹਿੰਦਾ ਹੈ ਕਿ ਮੇਰੇ ਮਾਲਕ ਮੇਰੇ ਕੰਮ ਤੋਂ ਨਰਾਜ਼ ਨਾ ਹੋ ਜਾਣ ਅਤੇ ਮੈਨੂੰ ਨੌਕਰੀ ਤੋਂ ਨਾ ਕੱਢ ਦੇਣ ।
ਇਸ ਤਰ੍ਹਾਂ ਹਰੇਕ ਵਿਅਕਤੀ ਦੇ ਅੰਦਰ ਕੋਈ ਨਾ ਕੋਈ ਡਰ ਛੁਪਿਆ ਬੈਠਾ ਹੁੰਦਾ ਹੈ ਜਿਹੜਾ ਉਨ੍ਹਾਂ ਨੂੰ ਹਮੇਸ਼ਾਂ ਪਰੇਸ਼ਾਨ ਕਰਦਾ ਹੈ ।
ਭਾਗ – 2
ਠੀਕ/ਗ਼ਲਤ ਚੁਣੋ—
1. ਫੇਲ ਹੋਣ ਦਾ ਡਰ ਘਟਾਉਣ ਲਈ ਮਿਹਨਤ ਕਰ ਲਵੋ, ਡਰ ਹਟ ਜਾਵੇਗਾ । [ ]
2. ਕਈ ਵਾਰ ਡਰ ਸਾਡੇ ਲਈ ਫ਼ਾਇਦੇਮੰਦ ਵੀ ਸਾਬਿਤ ਹੁੰਦਾ ਹੈ । [ ]
3. – ਜੰਗ ਵਿੱਚ ਜਦੋਂ ਫ਼ੌਜੀ ਇਹ ਮੰਨ ਲੈਂਦਾ ਹੈ ਕਿ ਦੇਸ਼ ਦੀ ਸੇਵਾ ਉਸ ਦੀ ਜਾਨ ਤੋਂ ਵੱਧ ਕੀਮਤੀ ਹੈ । ਫਿਰ ਉਹ ਜੰਗ ਵਿੱਚ ਮੌਤ ਤੋਂ ਨਹੀਂ ਡਰਦਾ । ਇਸ ਤਰ੍ਹਾਂ ਡਰ ਬਾਰੇ ਜਾਣ ਕੇ ਵੀ ਡਰ ਤੋਂ ਬਚਿਆ ਜਾ ਸਕਦਾ ਹੈ । [ ]
4. ਡਰ ਤੇ ਕਾਬੂ ਪਾਉਣਾ ਔਖਾ ਹੈ । [ ]
5. ਵੱਡੇ ਹੋ ਕੇ ਸਾਰੇ ਡਰ ਆਪੇ ਮੁੱਕ ਜਾਂਦੇ ਹਨ । [ ]
ਉੱਤਰ-1. ਠੀਕ, 2. ਠੀਕ, 3. ਠੀਕ, 4. ਗ਼ਲਤ, 5. ਗ਼ਲਤ ।
ਅਭਿਆਸ – II
ਪ੍ਰਸ਼ਨ-ਉੱਤਰ –
ਪ੍ਰਸ਼ਨ 1. ਇਕਾਗਰਤਾ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ ?
ਉੱਤਰ—ਇਕਾਗਰਤਾ ਦਾ ਅਰਥ ਹੈ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਹੋਣਾ । ਕਿਸੇ ਵੀ ਕੰਮ ਨੂੰ ਕਰਨ ਲਈ ਇਕਾਗਰਤਾ ਦੀ ਬਹੁਤ ਜ਼ਰੂਰਤ ਹੁੰਦੀ ਹੈ । ਚਾਹੇ ਪੜ੍ਹਾਈ ਕਰਨੀ ਹੋਵੇ, ਕੋਈ ਵਪਾਰ ਕਰਨਾ ਹੋਵੇ, ਕੋਈ ਖੋਜ ਕਰਨੀ ਹੋਵੇ ਜਾਂ ਕੁੱਝ ਵੀ ਕਰਨਾ ਹੋਵੇ, ਬਿਨਾਂ ਇਕਾਗਰਤਾ ਦੇ ਕੁੱਝ ਵੀ ਨਹੀਂ ਕਰ ਸਕਦੇ । ਹਰੇਕ ਕੰਮ ਨੂੰ ਕਰਨ ਲਈ ਇਕਾਗਰਤਾ ਦੀ ਲੋੜ ਤਾਂ ਹੁੰਦੀ ਹੀ ਹੈ । ਚਾਹੇ ਅਸੀਂ ਇੱਕ ਕੰਮ ਕਰੀਏ ਜਾਂ ਅਨੇਕਾਂ ਕੰਮ ਕਰੀਏ, ਜਦੋਂ ਤੱਕ ਅਸੀਂ ਕੰਮ ਵਿੱਚ ਇਕਾਗਰਤਾ ਨਹੀਂ ਦਿਖਾਵਾਂਗੇ, ਕੰਮ ਪੂਰਾ ਅਤੇ ਸਫਲ ਨਹੀਂ ਕਰ ਸਕਾਂਗੇ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਕਾਗਰਤਾ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ।
ਪ੍ਰਸ਼ਨ 2. ਇਕਾਗਰਤਾ ਵਧਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-ਬਿਨਾਂ ਇਕਾਗਰਤਾ ਦੇ ਅਸੀਂ ਜੀਵਨ ਵਿੱਚ ਸਫਲ ਨਹੀਂ ਹੋ ਸਕਦੇ । ਇਸ ਲਈ ਸਾਨੂੰ ਕਸਰਤ ਕਰਨੀ ਚਾਹੀਦੀ ਹੈ । ਸਾਨੂੰ ਆਪਣੇ ਨਿਸ਼ਾਨੇ ਵਲ ਹੀ ਧਿਆਨ ਦੇਣਾ ਚਾਹੀਦਾ ਹੈ । ਹੋਰ ਲੋਕ ਕੀ ਕਰ ਰਹੇ ਹਨ, ਉਸ ਬਾਰੇ ਤਾਂ ਸੋਚਣਾ ਵੀ ਨਹੀਂ ਚਾਹੀਦਾ । ਹਰੇਕ ਕੰਮ ਵਿਚ ਮੁਹਾਰਤ ਅਭਿਆਸ ਨਾਲ ਹੀ ਹਾਸਲ ਕੀਤੀ ਜਾ ਸਕਦੀ ਹੈ । ਇਸ ਲਈ ਇਕਾਗਰਤਾ ਵੀ ਅਭਿਆਸ ਕਰਨ ਨਾਲ ਹਾਸਲ ਕੀਤੀ ਜਾ ਸਕਦੀ ਹੈ ।
ਠੀਕ/ਗ਼ਲਤ ਚੁਣੋ—
1. ਇਕਾਗਰਤਾ ਵਧਾਉਣ ਲਈ ਸੰਤੁਲਿਤ ਭੋਜਨ, ਸੈਰ, ਗਹਿਰੀ ਨੀਂਦ, ਧਿਆਨ ਲਗਾਉਣਾ ਆਦਿ ਦਾ ਬਹੁਤ ਮਹੱਤਵ ਹੈ । [ ]
2. ਇਕਾਗਰਤਾ ਵਧਾਈ ਨਹੀਂ ਜਾ ਸਕਦੀ । [ ]
ਉੱਤਰ-1. ਸਹੀ, 2. ਗ਼ਲਤ ।
ਪਾਠ ਆਧਾਰਿਤ ਪ੍ਰਸ਼ਨ
ਪੇਜ 59
ਪ੍ਰਸ਼ਨ 1. ਬੱਚਿਓ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ—ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਗੁੱਸੇ ਨਹੀਂ ਹੋਣਾ ਚਾਹੀਦਾ । ਪਰ ਜੇਕਰ ਗੁੱਸਾ ਆ ਵੀ ਜਾਂਦਾ ਹੈ ਤਾਂ ਉਸ ਨੂੰ ਕਾਬੂ ਵਿੱਚ ਕਰਕੇ ਭੁਲਾ ਦੇਣਾ ਚਾਹੀਦਾ ਹੈ ਅਤੇ ਆਪਣੇ ਦੋਸਤਾਂ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 2. ਕੀ ਰੌਬਿਨ ਦਾ ਨਿੱਕੀ-ਨਿੱਕੀ ਗੱਲ ਤੇ ਗੁੱਸੇ ਹੋਣਾ ਜਾਇਜ਼ ਹੈ ?
ਉੱਤਰ-ਜੀ ਨਹੀਂ, ਨਿੱਕੀ-ਨਿੱਕੀ ਗੱਲ ਤੇ ਗੁੱਸੇ ਹੋਣਾ ਕਦੇ ਵੀ ਜਾਇਜ਼ ਨਹੀਂ ਹੁੰਦਾ । ਬਲਕਿ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਤਾਂ ਮਹੱਤਵ ਹੀ ਨਹੀਂ ਦੇਣਾ ਚਾਹੀਦਾ । ਇਸ ਨਾਲ ਵੈਰ ਵੱਧਦਾ ਹੈ ਅਤੇ ਪਿਆਰ ਘਟਦਾ ਹੈ ।
ਪ੍ਰਸ਼ਨ 3. ਰੌਬਿਨ ਨੇ ਕਹਾਣੀ ਵਿੱਚ ਕਿਸ ਤੋਂ ਸਿੱਖਿਆ ਲਈ ?
ਉੱਤਰ-ਰੌਬਿਨ ਨੇ ਕਹਾਣੀ ਵਿੱਚ ਕੁੱਤਿਆਂ ਤੋਂ ਸਿੱਖਿਆ ਲਈ, ਜੋ ਪਹਿਲਾਂ ਲੜ ਰਹੇ ਸਨ ਪਰ ਬਾਅਦ ਵਿੱਚ ਰੋਟੀ ਖਾਣ ਤੋਂ ਬਾਅਦ ਆਪਸ ਵਿਚ ਰਲ-ਮਿਲ ਕੇ ਖੇਡਣ ਲੱਗ ਪਏ ।
ਪ੍ਰਸ਼ਨ 4. ਗੁੱਸੇ ‘ ਤੇ ਕਾਬੂ ਪਾਉਣਾ ਕਿਉਂ ਜ਼ਰੂਰੀ ਹੈ ?
ਉੱਤਰ—ਗੁੱਸੇ ‘ਤੇ ਕਾਬੂ ਪਾਉਣਾ ਇਸ ਲਈ ਜ਼ਰੂਰੀ ਹੁੰਦਾ ਹੈ ਕਿ ਗੁੱਸੇ ਵਿੱਚ ਆਉਣ ਨਾਲ ਬਹੁਤ ਸਾਰੇ ਕੰਮ ਵਿਗੜ ਜਾਂਦੇ ਹਨ, ਅਸੀਂ ਆਪਣੇ ਮਿੱਤਰਾਂ, ਰਿਸ਼ਤੇਦਾਰਾਂ ਤੋਂ ਦੂਰ ਹੋ ਜਾਂਦੇ ਹਾਂ ਅਤੇ ਸਾਰੇ ਕੰਮ ਗ਼ਲਤ ਕਰ ਦਿੰਦੇ ਹਾਂ । ਜੇਕਰ ਅਸੀਂ ਉਹੀ ਕੰਮ ਪਿਆਰ ਨਾਲ ਕਰੀਏ ਤਾਂ ਉਹ ਸਾਰੇ ਕੰਮ ਵੀ ਸਹੀ ਤਰੀਕੇ ਨਾਲ ਹੋ ਜਾਣਗੇ ਅਤੇ ਕਿਸੇ ਵੀ ਗੱਲ ਦਾ ਵਿਗਾੜ ਵੀ ਨਹੀਂ ਪਵੇਗਾ ।
ਪੇਜ 60
ਪ੍ਰਸ਼ਨ 1. ਗੁੱਸਾ ਜਾਂ ਗਿਲਾ ਸ਼ਿਕਵਾ ਕਰਨ ਤੇ ਤੁਹਾਡੇ ਮਨ ਦੀ ਹਾਲਤ ਕਿਹੋ ਜਿਹੀ ਹੋ ਜਾਂਦੀ ਹੈ ?
ਉੱਤਰ-ਗੁੱਸਾ ਜਾਂ ਗਿਲਾ ਸ਼ਿਕਵਾ ਕਰਨ ਤੇ ਸਾਡੇ ਮਨ ਦੀ ਸਥਿਤੀ ਇੱਕ ਗਲੇ ਸੜੇ ਟਮਾਟਰ ਵਰਗੀ ਹੋ ਜਾਂਦੀ ਹੈ ਜਿਸ ਵਿਚੋਂ ਈਰਖਾ ਅਤੇ ਦਵੇਸ਼ ਦੀ ਬਦਬੂ ਆ ਰਹੀ ਹੁੰਦੀ ਹੈ । ਇਸ ਦਾ ਅਰਥ ਇਹ ਹੈ ਕਿ ਗੁੱਸੇ ਵਿੱਚ ਮਨ ਦੀ ਸਥਿਤੀ ਕਾਫ਼ੀ ਖ਼ਰਾਬ ਹੋ ਜਾਂਦੀ ਹੈ ਅਤੇ ਵਿਅਕਤੀ ਉਹ ਸਭ ਕੁੱਝ ਕਰ ਦਿੰਦਾ ਹੈ ਜੋ ਉਸ ਨੂੰ ਨਹੀਂ ਕਰਨਾ ਚਾਹੀਦਾ । ਗੁੱਸਾ ਕਰਨ ਨਾਲ ਕਿਸੇ ਦਾ ਵੀ ਲਾਭ ਨਹੀਂ ਹੁੰਦਾ ਬਲਕਿ ਨੁਕਸਾਨ ਹੀ ਹੁੰਦਾ ਹੈ ।
ਪ੍ਰਸ਼ਨ 2. ਗੁੱਸੇ ਦੀ ਅਵਸਥਾ ਵਿਚ ਅਸੀਂ ਗੁੱਸੇ ਤੋਂ ਬਾਅਦ ਕੀ ਹੋਵੇਗਾ ਕਦੇ ਨਹੀਂ ਸੋਚਦੇ ?
ਉੱਤਰ-ਇਹ ਸੱਚ ਹੈ ਕਿ ਗੁੱਸੇ ਦੀ ਅਵਸਥਾ ਵਿੱਚ ਇਸ ਗੁੱਸੇ ਦੇ ਨਤੀਜਿਆਂ ਦੀ ਪਰਵਾਹ ਨਹੀਂ ਕਰਦੇ ਬਲਕਿ ਗੁੱਸੇ ਵਿੱਚ ਗ਼ਲਤ ਕੰਮ ਕਰ ਦਿੰਦੇ ਹਾਂ ਜਿਸ ਦੇ ਨਤੀਜੇ ਸਾਨੂੰ ਬਾਅਦ ਵਿੱਚ ਭੁਗਤਣੇ ਪੈਂਦੇ ਹਨ ।
ਪੇਜ 62
ਪ੍ਰਸ਼ਨ–ਕੀ ਤੁਸੀਂ ਇਸ ਪ੍ਰਸ਼ਨ ਦਾ ਹੱਲ ਕਰ ਸਕਦੇ ਹੋ ਕਿ ਇੱਕ ਕਮਰੇ ਵਿੱਚ 5 ਆਦਮੀ ਹਨ । ਬਾਹਰੋਂ ਇੱਕ ਆਦਮੀ ਅੰਦਰ ਆ ਜਾਂਦਾ ਹੈ ਅਤੇ ਪੰਜਾਂ ਵਿੱਚੋਂ ਚਾਰ ਜਣਿਆਂ ਨੂੰ ਮਾਰ ਦਿੰਦਾ ਹੈ, ਹੁਣ ਕਮਰੇ ਵਿੱਚ ਕਿੰਨੇ ਆਦਮੀ ਹਨ ?
ਉੱਤਰ-6 ਆਦਮੀ ਹਨ ਕਿਉਂਕਿ 5 ਦੇ 5 ਆਦਮੀ ਕਮਰੇ ਵਿੱਚ ਹੀ ਹਨ ਅਤੇ ਇੱਕ ਨਵਾਂ ਆਦਮੀ ਅੰਦਰ ਆਇਆ ਹੈ । ਮਰੇ ਹੋਏ ਆਦਮੀ ਵੀ ਕਮਰੇ ਵਿੱਚ ਹੀ ਹਨ ।
ਪੇਜ 63
ਪ੍ਰਸ਼ਨ 1. ਤੁਸੀਂ ਅੱਧੀ ਛੁੱਟੀ ਮੌਕੇ ਪਿੱਛੋਂ ਦੇਖਿਆ ਕਿ ਤੁਹਾਡੇ ਬਸਤੇ ਵਿੱਚੋਂ ਇੱਕ ਕਿਤਾਬ ਨਹੀਂ ਲੱਭ ਰਹੀ, ਤੁਸੀਂ ਕੀ ਕਰੋਗੇ ?
ਉੱਤਰ-ਪਹਿਲਾਂ ਤਾਂ ਅਸੀਂ ਇਧਰ-ਉਧਰ ਲੱਭਾਂਗੇ, ਆਪਣੇ ਸਾਥੀਆਂ ਨੂੰ ਪੁੱਛਾਂਗੇ ਕਿ ਉਹਨਾਂ ਨੇ ਕਿਤਾਬ ਲਈ ਹੈ ਜਾਂ ਨਹੀਂ । ਜੇਕਰ ਫਿਰ ਵੀ ਕਿਤਾਬ ਨਹੀਂ ਮਿਲਦੀ ਤਾਂ ਅਸੀਂ ਆਪਣੇ ਅਧਿਆਪਕ ਸਾਹਿਬਾਨ ਨੂੰ ਇਸ ਬਾਰੇ ਦੱਸਾਂਗੇ ।
ਪ੍ਰਸ਼ਨ 2. ਤੁਸੀਂ ਦੇਰੀ ਨਾਲ ਸਕੂਲ ਪਹੁੰਚੇ ਹੋ ਤੇ ਜਮਾਤ ਵਿੱਚ ਕਿਵੇਂ ਜਾਵੋਗੇ ?
ਉੱਤਰ—ਜੇਕਰ ਮੈਂ ਦੇਰੀ ਨਾਲ ਸਕੂਲ ਪਹੁੰਚਿਆ ਹਾਂ ਤਾਂ ਜਮਾਤ ਵਿੱਚ ਜਿਹੜੇ ਵੀ ਅਧਿਆਪਕ ਹਨ ਉਹਨਾਂ ਨੂੰ ਸੱਚਸੱਚ ਦੱਸ ਦੇਵਾਂਗਾ ਕਿ ਮੈਂ ਲੇਟ ਕਿਉਂ ਹੋ ਗਿਆ । ਅਧਿਆਪਕ ਜੀ ਮੇਰੀ ਸੱਚੀ ਗੱਲ ਉੱਤੇ ਵਿਸ਼ਵਾਸ ਕਰਕੇ ਮੈਨੂੰ ਕਲਾਸ ਵਿੱਚ ਬੈਠਣ ਦੇਣਗੇ ।
ਹੋਰ ਮਹੱਤਵਪੂਰਨ ਪ੍ਰਸ਼ਨ
(I) ਵਸਤੂਨਿਸ਼ਠ ਪ੍ਰਸ਼ਨ
(ੳ) ਬਹੁਵਿਕਲਪੀ ਪ੍ਰਸ਼ਨ–
1. ……………. ਮਨ ਦੀ ਅਵਸਥਾ ਹੈ ਜਿਸ ਵਿੱਚ ਬੇਚੈਨੀ ਮਹਿਸੂਸ ਕਰਦੇ ਹੋਏ ਵਿਅਕਤੀ ਸ਼ਾਂਤੀ ਤੋਂ ਦੂਰ ਚਲਾ ਜਾਂਦਾ ਹੈ l
(a) ਗੁੱਸਾ
(b) ਖ਼ੁਸ਼ੀ
(c) ਈਰਖਾ
(d) ਦਵੇਸ਼ ।
ਉੱਤਰ—(a) ਗੁੱਸਾ
2. ਗੁੱਸਾ ਕਰਨ ਨਾਲ ਹਮੇਸ਼ਾ ………….. ਹੁੰਦਾ ਹੈ ।
(a) ਲਾਭ
(b) ਨੁਕਸਾਨ
(c) ਈਰਖਾ
(d) ਸ਼ਾਂਤ ।
ਉੱਤਰ—(b) ਨੁਕਸਾਨ ।
3. ਰੌਬਿਨ ਨੇ ਕਿਸ ਤੋਂ ਸਿੱਖਿਆ ਲਈ ?
(a) ਦੋਸਤਾਂ ਤੋਂ
(b) ਕੁੱਤਿਆਂ ਤੋਂ
(c) ਰੋਟੀ ਤੋਂ
(d) ਗੁਆਂਢੀਆਂ ਤੋਂ ।
ਉੱਤਰ—(b) ਕੁੱਤਿਆਂ ਤੋਂ ।
4. ਗੁੱਸੇ ਨੂੰ ਕਾਬੂ ਕਰਨ ਲਈ ਕੀ ਕੀਤਾ ਜਾ ਸਕਦਾ ਹੈ ?
(a) ਹਾਂ-ਪੱਖੀ ਸੋਚ ਅਪਣਾਉ
(b) ਚੰਗੀਆਂ ਕਿਤਾਬਾਂ ਪੜ੍ਹੋ
(c) ਲੰਮੇ-ਲੰਮੇ ਸਾਹ ਲੈ ਕੇ ਦਸ ਤੱਕ ਗਿਣੋ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
5. ………………. ਭਵਿੱਖ ਵਿੱਚ ਕਿਸੇ ਵੀ ਹੋਣ ਵਾਲੇ ਨੁਕਸਾਨ ਦੀ ਕਲਪਨਾ ਹੈ ।
(a) ਡਰ
(b) ਗੁੱਸਾ
(c) ਈਰਖਾ
(d) ਸ਼ਾਂਤੀ ।
ਉੱਤਰ—(a) ਡਰ ।
6. ਕਈ ਵਾਰੀ ………….. ਵੀ ਲਾਭਦਾਇਕ ਹੁੰਦਾ ਹੈ ।
(a) ਗੁੱਸਾ
(b) ਡਰ
(c) ਸ਼ਾਂਤੀ
(d) ਈਰਖਾ ।
ਉੱਤਰ-(b) ਡਰ ।
7. ਕੌਰਵਾਂ ਅਤੇ ਪਾਂਡਵਾਂ ਦਾ ਗੁਰੂ ………… ਸੀ ।
(a)”ਦਰੋਣਾਚਾਰੀਆ
(b) ਕ੍ਰਿਪਾਚਾਰੀਆ
(c) ਭੀਸ਼ਮ ਪਿਤਾਮਾ
(d) ਧ੍ਰਿਤਰਾਸ਼ਟਰ ।
ਉੱਤਰ—(a) ਦਰੋਣਾਚਾਰੀਆ ।
(ਅ) ਖਾਲੀ ਥਾਂਵਾਂ ਭਰੋ –
1. …………….. ਨੂੰ ਵਧਾਇਆ ਜਾ ਸਕਦਾ ਹੈ ।
2. ਇਕਾਗਰਤਾ ਵਧਾਉਣ ਲਈ …………… ਲਗਾਉਣਾ ਬਹੁਤ ਜ਼ਰੂਰੀ ਹੈ ।
3. ……………… ਦਾ ਅਰਥ ਹੈ ਸਾਡਾ ਧਿਆਨ ਪੂਰੀ ਤਰ੍ਹਾਂ ਕੇਂਦਰਿਤ ਹੋਣਾ ।
4. …………… ਸਾਨੂੰ ਭਵਿੱਖ ਦੇ ਖਤਰੇ ਤੋਂ ਸੁਚੇਤ ਕਰਦਾ ਹੈ ।
5. ਸਾਨੂੰ ਹਮੇਸ਼ਾ …………… ਸੋਚ ਰੱਖਣੀ ਚਾਹੀਦੀ ਹੈ ।
ਉੱਤਰ-1. ਇਕਾਗਰਤਾ, 2. ਧਿਆਨ, 3. ਇਕਾਗਰਤਾ, 4. ਡਰ, 5. ਸਕਾਰਾਤਮਕ ।
(ੲ) ਸਹੀ/ਗ਼ਲਤ ਚੁਣੋ –
1. ਡਰ ਭਵਿੱਖ ਵਿੱਚ ਹੋਣ ਵਾਲੇ ਕਿਸੇ ਨੁਕਸਾਨ ਦੀ ਕਲਪਨਾ ਹੈ l
2. ਸਾਨੂੰ ਗੁੱਸੇ ਉੱਤੇ ਕਾਬੂ ਪਾਉਣ ਲਈ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ।
3. ਇਕਾਗਰਤਾ ਨੂੰ ਕਿਸੇ ਵੀ ‘ਤਰੀਕੇ ਨਾਲ ਨਹੀਂ ਵਧਾਇਆ ਜਾ ਸਕਦਾ ।
4. ਗੁੱਸਾ ਮਾਨਸਿਕ ਸ਼ਾਂਤੀ ਨੂੰ ਖ਼ਤਮ ਕਰ ਦਿੰਦਾ ਹੈ ।
5. ਗੁੱਸੇ ਦੇ ਲਾਭ ਹੁੰਦੇ ਹਨ ।
ਉੱਤਰ-1. ਸਹੀ, 2. ਸਹੀ, 3. ਗ਼ਲਤ, 4. ਸਹੀ, 5. ਗ਼ਲਤ ।
(II) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ
1. ਗੁੱਸਾ ਕੀ ਹੈ ?
ਉੱਤਰ-ਗੁੱਸਾ ਮਨ ਦੀ ਅਜਿਹੀ ਸਥਿਤੀ ਹੈ ਜਿਸ ਵਿੱਚ ਵਿਅਕਤੀ ਘਬਰਾਹਟ ਮਹਿਸੂਸ ਕਰਦਾ ਹੈ ਅਤੇ ਸ਼ਾਂਤੀ ਤੋਂ ਬਹੁਤ ਦੂਰ ਚਲਾ ਜਾਂਦਾ ਹੈ ।
ਪ੍ਰਸ਼ਨ 2. ਗੁੱਸੇ ਦਾ ਕੀ ਨੁਕਸਾਨ ਹੈ ?
ਉੱਤਰ-ਗੁੱਸੇ ਵਿੱਚ ਅਸੀਂ ਕੁੱਝ ਅਜਿਹਾ ਕਰ ਜਾਂਦੇ ਹਾਂ ਜਿਸ ਦਾ ਨੁਕਸਾਨ ਸਾਨੂੰ ਲੰਬੇ ਸਮੇਂ ਲਈ ਭੁਗਤਣਾ ਪੈਂਦਾ ਹੈ ।
ਪ੍ਰਸ਼ਨ 3. ਗੁੱਸਾ ਕਦੋਂ ਆਉਂਦਾ ਹੈ ?
ਉੱਤਰ-ਗੁੱਸਾ ਉਸ ਸਮੇਂ ਆਉਂਦਾ ਹੈ ਜਦੋਂ ਅਸੀਂ ਜੋ ਚਾਹੁੰਦੇ ਹਾਂ ਉਹ ਸਾਨੂੰ ਨਹੀਂ ਮਿਲਦਾ ਜਾਂ ਉਹ ਸਾਡੇ ਅਨੁਸਾਰ ਨਹੀਂ ਹੁੰਦਾ ।
ਪ੍ਰਸ਼ਨ 4. ਰੌਬਿਨ ਵਿੱਚ ਕੀ ਕਮੀ ਸੀ ?
ਉੱਤਰ-ਰੌਬਿਨ ਨੂੰ ਛੋਟੀ-ਛੋਟੀ ਗੱਲ ਉੱਤੇ ਗੁੱਸਾ ਆ ਜਾਂਦਾ ਸੀ ।
ਪ੍ਰਸ਼ਨ 5. ਰੌਬਿਨ ਨੇ ਕੁੱਤਿਆਂ ਤੋਂ ਕੀ ਸਿੱਖਿਆ ?
ਉੱਤਰ-ਰੌਬਿਨ ਨੇ ਇਹ ਸਿੱਖਿਆ ਕਿ ਸਾਨੂੰ ਕਿਸੇ ਨਾਲ ਗੁੱਸਾ ਨਹੀਂ ਕਰਨਾ ਚਾਹੀਦਾ, ਬਲਕਿ ਰਲ-ਮਿਲ ਕੇ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 6. ਕਿਸੇ ਪ੍ਰਤੀ ਮਾੜੀ ਸੋਚ ਦਾ ਕੀ ਨੁਕਸਾਨ ਹੋਵੇਗਾ ?
ਉੱਤਰ-ਕਿਸੇ ਪ੍ਰਤੀ ਮਾੜੀ ਸੋਚ ਰੱਖਣ ਨਾਲ ਸਾਡਾ ਮਨ ਵੀ ਮੈਲਾ ਹੋ ਜਾਵੇਗਾ ਜੋ ਸਾਡਾ ਹੀ ਨੁਕਸਾਨ ਕਰੇਗਾ ।
ਪ੍ਰਸ਼ਨ 7. ਗੁੱਸੇ ਨੂੰ ਕਾਬੂ ਕਰਨ ਦਾ ਇੱਕ ਤਰੀਕਾ ਦੱਸੋ ।
ਉੱਤਰ-ਚੰਗੀਆਂ ਕਿਤਾਬਾਂ ਪੜ੍ਹੋ ਅਤੇ ਚੰਗੀ ਸਕਾਰਾਤਮਕ ਸੋਚ ਰੱਖੋ
ਪ੍ਰਸ਼ਨ 8. ਗੁੱਸੇ ਨੂੰ ਕਾਬੂ ਕਰਨ ਦੇ ਉਪਾਅ ਨਾਲ ਕੀ ਹੁੰਦਾ ਹੈ ?
ਉੱਤਰ—ਇਸ ਨਾਲ ਵਿਅਕਤੀ ਦੇ ਮਾਨਸਿਕ ਅਤੇ ਵਿਵਹਾਰਿਕ ਪੱਖ ਵਿੱਚ ਪਰਿਵਰਤਨ ਆ ਜਾਂਦਾ ਹੈ ।
ਪ੍ਰਸ਼ਨ 9. ਸਹਿਣਸ਼ੀਲਤਾ ਅਤੇ ਨਿਮਰਤਾ ਵਰਗੇ ਗੁਣ ਅਪਨਾਉਣ ਨਾਲ ਕੀ ਹੁੰਦਾ ਹੈ ?
ਉੱਤਰ—ਇਸ ਨਾਲ ਵਿਅਕਤੀ ਵਿੱਚ ਮੌਜੂਦ ਮਾਨਸਿਕ ਵਿਕਾਰ ਦੂਰ ਹੁੰਦੇ ਹਨ ਅਤੇ ਉਸਦੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਹੁੰਦਾ ਹੈ ।
ਪ੍ਰਸ਼ਨ 10. ਡਰ ਕੀ ਹੁੰਦਾ ਹੈ ?
ਉੱਤਰ-ਡਰ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਕਲਪਨਾ ਹੈ ।
ਪ੍ਰਸ਼ਨ 11. ਜੇਕਰ ਕੋਈ ਗੱਲ ਤੁਹਾਨੂੰ ਗੁੱਸਾ ਦਿਵਾ ਰਹੀ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-ਸਾਨੂੰ ਆਪਣੇ ਆਪ ਨੂੰ ਉਸ ਗੱਲ ਜਾਂ ਘਟਨਾ ਤੋਂ ਦੂਰ ਕਰ ਲੈਣਾ ਚਾਹੀਦਾ ਹੈ ।
ਪ੍ਰਸ਼ਨ 12. ਡਰ ਨੂੰ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ ?
ਉੱਤਰ—ਜੇਕਰ ਅਸੀਂ ਡਰ ਦੇ ਕਾਰਨ ਨੂੰ ਸਮਝ ਲਈਏ ਤਾਂ ਡਰ ਨੂੰ ਖ਼ਤਮ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 13. ਇਕਾਗਰਤਾ ਦਾ ਕੀ ਅਰਥ ਹੈ ?
ਉੱਤਰ-ਇਕਾਗਰਤਾ ਸਾਡੇ ਮਨ ਦੀ ਟਿਕੀ ਹੋਈ ਉਹ ਅਵਸਥਾ ਹੈ ਜਦੋਂ ਸਾਡੀਆਂ ਸਾਰੀਆਂ ਸ਼ਕਤੀਆਂ ਟਿਕਾਅ ਦੀ ਸਥਿਤੀ ਵਿੱਚ ਹੁੰਦੀਆਂ ਹਨ ।
ਪ੍ਰਸ਼ਨ 14. ਇਕਾਗਰਤਾ ਦਾ ਕੀ ਲਾਭ ਹੁੰਦਾ ਹੈ ?
ਤਰ—ਇਕਾਗਰਤਾ ਨਾਲ ਅਸੀਂ ਆਪਣੇ ਮਿੱਥੇ ਹੋਏ ਟੀਚੇ ਨੂੰ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ ।
ਪ੍ਰਸ਼ਨ 15. ਇਕਾਗਰਤਾ ਨਾ ਹੋਣ ਦਾ ਕੀ ਨੁਕਸਾਨ ਹੁੰਦਾ ਹੈ ?
ਉੱਤਰ-ਵਿਅਕਤੀ ਆਪਣੇ ਨਿਰਧਾਰਿਤ ਕੀਤੇ ਟੀਚੇ ਪ੍ਰਾਪਤ ਨਹੀਂ ਕਰ ਪਾਉਂਦਾ ਅਤੇ ਅਸਫਲ ਹੀ ਰਹਿ ਜਾਂਦਾ ਹੈ ।
(III) ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਗੁੱਸੇ ਦੀ ਅਵਸਥਾ ਦਾ ਵਰਣਨ ਕਰੋ ।
ਉੱਤਰ—ਗੁੱਸੇ ਨੂੰ ਅਸੀਂ ਮਨ ਦੀ ਇੱਕ ਅਜਿਹੀ ਅਵਸਥਾ ਦੇ ਰੂਪ ਵਿੱਚ ਪਰਿਭਾਸ਼ਿਤ ਕਰ ਸਕਦੇ ਹਾਂ ਜਿਸ ਵਿੱਚ ਵਿਅਕਤੀ ਨੂੰ ਬਹੁਤ ਘਬਰਾਹਟ ਅਤੇ ਬੇਚੈਨੀ ਮਹਿਸੂਸ ਹੁੰਦੀ ਹੈ ਅਤੇ ਉਹ ਸ਼ਾਂਤੀ ਅਤੇ ਚੈਨ ਤੋਂ ਬਹੁਤ ਦੂਰ ਚਲਾ ਜਾਂਦਾ ਹੈ । ਇਸ ਨਾਲ ਮਾਨਸਿਕ ਵਿਕਾਰ ਹੋ ਜਾਂਦਾ ਹੈ ਅਤੇ ਸਾਡੀ ਸ਼ਖ਼ਸੀਅਤ ਦਾ ਅਜਿਹਾ ਨੁਕਸਾਨ ਹੁੰਦਾ ਹੈ ਜਿਸ ਦਾ ਨਤੀਜਾ ਸਾਨੂੰ ਕਾਫੀ ਲੰਬੇ ਸਮੇਂ ਤੱਕ ਭੁਗਤਣਾ ਪੈਂਦਾ ਹੈ । ਅਸਲ ਵਿੱਚ ਤਾਂ ਗੱਲ ਇਹ ਹੈ ਕਿ ਸਾਨੂੰ ਗੁੱਸਾ ਉਸ ਸਮੇਂ ਆਉਂਦਾ ਹੈ ਜਦੋਂ ਸਾਨੂੰ ਉਹ ਨਹੀਂ ਮਿਲਦਾ ਜੋ ਅਸੀਂ ਚਾਹੁੰਦੇ ਹਾਂ ਜਾਂ ਸਾਨੂੰ ਉਸ ਸਮੇਂ ਵੀ ਗੁੱਸਾ ਆਉਂਦਾ ਹੈ ਜਦੋਂ ਕੋਈ ਕੰਮ ਸਾਡੇ ਅਨੁਸਾਰ ਨਹੀਂ ਹੁੰਦਾ ।
ਪ੍ਰਸ਼ਨ 2. ਗੁੱਸੇ ਨੂੰ ਕਾਬੂ ਕਰਨ ਦੇ ਕੁੱਝ ਤਰੀਕੇ ਦੱਸੋ ।
ਉੱਤਰ— (i) ਹਮੇਸ਼ਾ ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ ।
(ii) ਸਾਨੂੰ ਚੰਗੀਆਂ-ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ।
(iii) ਕੋਈ ਵਧੀਆ ਸ਼ੌਕ ਰੱਖ ਕੇ ਉਸ ਵਿੱਚ ਸਮਾਂ ਲਾਉਣਾ ਚਾਹੀਦਾ ਹੈ ।
(iv) ਜਦੋਂ ਗੁੱਸਾ ਆਵੇ ਤਾਂ ਲੰਮੇ-ਲੰਮੇ ਸਾਹ ਲੈ ਕੇ ਦਸ ਤਕ ਗਿਣਨਾ ਚਾਹੀਦਾ ਹੈ ।
(v) ਜਦੋਂ ਗੁੱਸਾ ਆਵੇ ਤਾਂ ਪਾਣੀ ਦਾ ਗਿਲਾਸ ਘੁੱਟ-ਘੁੱਟ ਕਰ ਕੇ ਪੀਣਾ ਚਾਹੀਦਾ ਹੈ ।
ਪ੍ਰਸ਼ਨ 3. ਗੁੱਸੇ ਉੱਤੇ ਨਿਯੰਤਰਣ ਤੋਂ ਬਾਅਦ ਵਿਅਕਤੀ ਵਿੱਚ ਕੀ ਪਰਿਵਰਤਨ ਆਉਂਦੇ ਹਨ ।
ਉੱਤਰ—ਗੁੱਸੇ ਉੱਤੇ ਨਿਯੰਤਰਣ ਤੋਂ ਬਾਅਦ ਵਿਅਕਤੀ ਆਪਣੇ ਮਾਨਸਿਕ ਅਤੇ ਵਿਵਹਾਰਿਕ ਪੱਖ ਵਿੱਚ ਪਰਿਵਰਤਨ ਮਹਿਸੂਸ ਕਰਦਾ ਹੈ । ਜੇਕਰ ਅਸੀਂ ਸਹਿਨਸ਼ੀਲਤਾ ਅਤੇ ਨਿਮਰਤਾ ਵਰਗੇ ਗੁਣ ਅਪਣਾ ਲਈਏ ਤਾਂ ਆਪਣੀਆਂ ਕਈ ਪ੍ਰਕਾਰ ਦੀਆਂ ਕਮੀਆਂ ਦੂਰ ਕਰ ਸਕਾਂਗੇ ਅਤੇ ਸਾਡੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਵੀ ਹੋ ਜਾਵੇਗਾ । ਇਸ ਨਾਲ ਅਸੀਂ ਅਜਿਹੇ ਸਮਾਜ ਦਾ ਨਿਰਮਾਣ ਕਰ ਸਕਾਂਗੇ ਜਿਸ ਵਿਚ ਸਾਰੇ ਜ਼ਿੰਮੇਵਾਰ ਨਾਗਰਿਕ ਹੋਣਗੇ ਅਤੇ ਖ਼ੁਸ਼ੀ ਭਰਿਆ ਜੀਵਨ ਅਤੇ ਅਨੰਦ ਮਾਣ ਸਕਾਂਗੇ ।
ਪ੍ਰਸ਼ਨ 4. ਡਰ ਉੱਤੇ ਇੱਕ ਛੋਟਾ ਨੋਟ ਲਿਖੋ ।
ਉੱਤਰ—ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਚੀਜ਼ ਤੋਂ ਡਰ ਲਗਦਾ ਹੈ । ਡਰ ਹੋਰ ਕੁੱਝ ਨਹੀਂ ਬਲਕਿ ਭਵਿੱਖ ਵਿੱਚ ਹੋਣ ਵਾਲੇ ਕਿਸੇ ਨੁਕਸਾਨ ਦੀ ਕਲਪਨਾ ਹੈ ਅਤੇ ਹਰੇਕ ਵਿਅਕਤੀ ਵਿੱਚ ਇਹ ਕਲਪਨਾ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੁੰਦੀ ਹੈ । ਪਰ ਵਿਅਕਤੀ ਨੂੰ ਆਪਣੇ ਡਰ ਨੂੰ ਖ਼ਤਮ ਕਰਨਾ ਚਾਹੀਦਾ ਹੈ । ਕਈ ਵਾਰੀ ਡਰਨ ਦਾ ਫ਼ਾਇਦਾ ਵੀ ਹੁੰਦਾ ਹੈ । ਡਰ ਸਾਨੂੰ ਭਵਿੱਖ ਵਿੱਚ ਹੋਣ ਵਾਲੇ ਖ਼ਤਰੇ ਬਾਰੇ ਸੁਚੇਤ ਕਰਦਾ ਹੈ । ਪਰ ਸਾਨੂੰ ਡਰ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ । ਜੇਕਰ ਅਸੀਂ ਡਰ ਦੇ ਕਾਰਨ ਨੂੰ ਧਿਆਨ ਨਾਲ ਸਮਝ ਲਈਏ ਤਾਂ ਡਰ ਨੂੰ ਵੀ ਆਸਾਨੀ ਨਾਲ ਖ਼ਤਮ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 5. ਸਾਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਲੱਭਣਾ ਚਾਹੀਦਾ ਹੈ ?
ਉੱਤਰ— (i) ਸਭ ਤੋਂ ਪਹਿਲਾਂ ਸਾਨੂੰ ਆਪਣੀ ਸਮੱਸਿਆ ਦਾ ਚੰਗੀ ਤਰ੍ਹਾਂ ਗਿਆਨ ਹੋਣਾ ਚਾਹੀਦਾ ਹੈ ।
(ii) ਇਸ ਤੋਂ ਬਾਅਦ ਪੂਰੇ ਧਿਆਨ ਨਾਲ ਆਤਮ-ਵਿਸ਼ਵਾਸ ਅਤੇ ਧੀਰਜ ਨਾਲ ਉਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
(iii) ਕਈ ਵਾਰੀ ਇੱਕ ਸਮੱਸਿਆ ਦੇ ਕਈ ਹੱਲ ਮਿਲ ਜਾਂਦੇ ਹਨ । ਇਸ ਲਈ ਜਿਹੜਾ ਹੱਲ ਸਭ ਤੋਂ ਵਧੀਆ ਹੋਵੇ, ਉਸ ਨੂੰ ਚੁਣਨਾ ਚਾਹੀਦਾ ਹੈ ।
(iv) ਸਮੱਸਿਆਵਾ ਦਾ ਹੱਲ ਲੱਭਦੇ ਸਮੇਂ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਹੱਲ ਸਾਡੇ ਸਾਧਨਾਂ ਅਤੇ ਹਾਲਾਤਾਂ ਅਨੁਸਾਰ ਹੋਣਾ ਚਾਹੀਦਾ ਹੈ ।
ਪ੍ਰਸ਼ਨ 6. ਇਕਾਗਰਤਾ ਦੀ ਸ਼ਕਤੀ ਨੂੰ ਉਦਾਹਰਨ ਸਹਿਤ ਸਮਝਾਓ ।
ਉੱਤਰ-ਇਕਾਗਰਤਾ ਦਾ ਅਰਥ ਹੈ ਮਨ ਦੀਆਂ ਸਾਰੀਆਂ ਸ਼ਕਤੀਆਂ ਦਾ ਇੱਕ ਥਾਂ ਉੱਤੇ ਕੇਂਦਰਿਤ ਹੋਣਾ ਜਾਂ ਉਹਨਾਂ ਵਿੱਚ ਟਿਕਾਅ ਹੋਣਾ । ਮਹਾਂਭਾਰਤ ਵਿੱਚ ਇਸ ਦੀ ਬਹੁਤ ਵੱਡੀ ਉਦਾਹਰਨ ਮਿਲਦੀ ਹੈ ਜਦੋਂ ਗੁਰੂ ਦਰੋਣਾਚਾਰੀਆ ਨੇ ਕੌਰਵਾਂ ਦੀ ਅਤੇ ਪਾਂਡਵਾਂ ਦੀ ਤੀਰਅੰਦਾਜ਼ੀ ਦੀ ਪ੍ਰੀਖਿਆ ਲਈ ।ਉਹਨਾਂ ਨੇ ਇੱਕ ਚਿੜੀ ਨੂੰ ਹੀਰੇ ਦੀ ਅੱਖ ਲਾ ਕੇ ਦੂਰ ਰੱਖ ਦਿੱਤਾ ਅਤੇ ਸਾਰਿਆਂ ਨੂੰ ਪੁੱਛਿਆ ਕਿ ਉਹਨਾਂ ਨੂੰ ਕੀ ਦਿੱਖ ਰਿਹਾ ਹੈ । ਸਿਰਫ ਅਰਜੁਨ ਨੇ ਉੱਤਰ ਦਿੱਤਾ ਕਿ ਉਸਨੂੰ ਤਾਂ ਸਿਰਫ਼ ਚਿੜੀ ਦੀ ਅੱਖ ਦਿੱਖ ਰਹੀ ਹੈ । ਇਸ ਤੋਂ ਪਤਾ ਚਲਦਾ ਹੈ ਕਿ ਅਰਜੁਨ ਵਿੱਚ ਇਕਾਗਰਤਾ ਦੀ ਕਿੰਨੀ ਸ਼ਕਤੀ ਸੀ ਅਤੇ ਇਸ ਕਰਕੇ ਹੀ ਉਹ ਸਭ ਤੋਂ ਵਧੀਆ ਤੀਰਅੰਦਾਜ਼ ਬਣਿਆ ।
(IV) ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ—ਗੁੱਸੇ ਨੂੰ ਖ਼ਤਮ ਕਰਨ ਲਈ ਪਾਠ ਵਿੱਚ ਦਿੱਤੀ ਮੌਲਵੀ ਜੀ ਦੀ ਕਹਾਣੀ ਦਾ ਵਰਣਨ ਕਰੋ । ਉੱਤਰ-ਪੁਰਾਣੇ ਸਮਿਆਂ ਵਿੱਚ ਬੱਚੇ ਪੜ੍ਹਨ ਲਈ ਮੌਲਵੀ ਸਾਹਿਬ ਕੋਲ ਜਾਂਦੇ ਸਨ । ਮੌਲਵੀ ਸਾਹਿਬ ਬੱਚਿਆਂ ਨੂੰ ਪੁੱਛਦੇ ਸਨ ਕਿ ਕੀ ਉਹਨਾਂ ਦੇ ਮਨਾਂ ਵਿੱਚ ਕਿਸੇ ਹੋਰ ਵਿਦਿਆਰਥੀ ਪ੍ਰਤੀ ਕੋਈ ਗੁੱਸਾ ਜਾਂ ਰੰਜ ਹੈ ਤਾਂ ਕਈ ਵਿਦਿਆਰਥੀ ਹਾਂ ਵਿੱਚ ਉੱਤਰ ਦਿੰਦੇ ਸਨ । ਫਿਰ ਮੌਲਵੀ ਸਾਹਿਬ ਨੇ ਸਾਰੇ ਬੱਚਿਆਂ ਨੂੰ ਕਿਹਾ ਕਿ ਉਹ ਸਾਰੇ ਕੱਲ੍ਹ ਨੂੰ ਆਪਣੇ-ਆਪਣੇ ਘਰੋਂ ਇੱਕ ਟਮਾਟਰ ਲੈ ਕੇ ਆਉਣ । ਜਦੋਂ ਅਗਲੇ ਦਿਨ ਬੱਚੇ ਟਮਾਟਰ ਲੈ ਕੇ ਆਏ ਤਾਂ ਮੌਲਵੀ ਜੀ ਨੇ ਉਹਨਾਂ ਨੂੰ ਕਿਹਾ ਕਿ ਜਿਸ ਵਿਦਿਆਰਥੀ ਲਈ ਉਹਨਾਂ ਦੇ ਦਿਲਾਂ ਵਿੱਚ ਗੁੱਸਾ ਹੈ, ਉਸਦਾ ਨਾਮ ਕਾਗਜ਼ ਉੱਤੇ ਲਿਖ ਕੇ ਅਤੇ ਟਮਾਟਰ ਉੱਤੇ ਲਪੇਟ ਕੇ ਆਪਣੇ ਬਸਤੇ ਵਿੱਚ ਪਾ ਲਵੋ ।
ਕੁੱਝ ਦਿਨਾਂ ਬਾਅਦ ਮੌਲਵੀ ਜੀ ਨੇ ਬੱਚਿਆਂ ਨੂੰ ਟਮਾਟਰਾਂ ਨੂੰ ਬਸਤਿਆਂ ਵਿੱਚੋਂ ਕੱਢਣ ਨੂੰ ਕਿਹਾ । ਜਦੋਂ ਬੱਚਿਆਂ ਨੇ ਟਮਾਟਰ ਕੱਢੇ ਤਾਂ ਉਹ ਬੁਰੀ ਤਰ੍ਹਾਂ ਗਲ ਸੜ ਚੁੱਕੇ ਸਨ । ਮੌਲਵੀ ਜੀ ਨੇ ਬੱਚਿਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਇਹ ਟਮਾਟਰ ਗਲ ਸੜ ਗਏ ਹਨ ਅਤੇ ਇਹਨਾਂ ਵਿੱਚੋਂ ਬਦਬੂ ਆਉਣ ਲੱਗ ਗਈ ਹੈ, ਉਸੇ ਤਰ੍ਹਾਂ ਜੇਕਰ ਅਸੀਂ ਆਪਣੇ ਮਨ ਵਿੱਚ ਕਿਸੇ ਪ੍ਰਤੀ ਗੁੱਸਾ ਰੱਖਾਂਗੇ ਤਾਂ ਸਾਡਾ ਦਿਮਾਗ਼ ਵੀ ਟਮਾਟਰ ਵਰਗਾ ਹੋ ਜਾਵੇਗਾ । ਇਸ ਨਾਲ ਸਾਡਾ ਕੋਈ ਲਾਭ ਨਹੀਂ ਬਲਕਿ ਨੁਕਸਾਨ ਹੀ ਹੋਵੇਗਾ । ਇਸ ਤਰ੍ਹਾਂ ਮੌਲਵੀ ਜੀ ਦੀ ਗੱਲ ਬੱਚਿਆਂ ਨੂੰ ਸਮਝ ਆ ਗਈ ਅਤੇ ਉਹਨਾਂ ਨੇ ਇੱਕਦੂਜੇ ਨਾਲ ਗੁੱਸਾ ਕਰਨਾ ਛੱਡ ਦਿੱਤਾ ।