PBN 10th Welcome Life

PSEB 10th Class Welcome Life Solutions Chapter 1 ਸਵੈ-ਚੇਤਨਾ ਅਤੇ ਸਵੈ-ਅਨੁਸ਼ਾਸਨ

PSEB 10th Class Welcome Life Solutions Chapter 1 ਸਵੈ-ਚੇਤਨਾ ਅਤੇ ਸਵੈ-ਅਨੁਸ਼ਾਸਨ

PSEB Solutions for Class 10 Welcome Life Chapter 1 ਸਵੈ-ਚੇਤਨਾ ਅਤੇ ਸਵੈ-ਅਨੁਸ਼ਾਸਨ

Welcome Life Guide for Class 10 PSEB ਸਵੈ-ਚੇਤਨਾ ਅਤੇ ਸਵੈ-ਅਨੁਸ਼ਾਸਨ Textbook Questions and Answers

ਵਿਸ਼ੇ ਬਾਰੇ ਜਾਣਕਾਰੀ
◆ ਹਰੇਕ ਵਿਅਕਤੀ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਹੈ ਅਤੇ ਇਹ ਹੁਨਰ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਹੈ ।
◆ ਹਰੇਕ ਵਿਅਕਤੀ ਵਿੱਚ ਜਿਹੜਾ ਵੀ ਹੁਨਰ ਹੁੰਦਾ ਹੈ, ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੁੰਦੀ ਹੈ ਅਤੇ ਇਹ ਹੁਨਰ ਅਭਿਆਸ ਨਾਲ ਹੀ ਤਰਾਸ਼ਿਆ ਜਾ ਸਕਦਾ ਹੈ ।
◆ ਜ਼ਿੰਦਗੀ ਵਿੱਚ ਕਿਸੇ ਵੀ ਕੰਮ ਦੀ ਮੁਹਾਰਤ ਹਾਸਲ ਕਰਨ ਲਈ ਅਭਿਆਸ ਬਹੁਤ ਜ਼ਰੂਰੀ ਹੈ । ਬਿਨਾਂ ਅਭਿਆਸ ਦੇ ਵਿਅਕਤੀ ਸਹੀ ਤਰੀਕੇ ਕੋਈ ਵੀ ਕੰਮ ਨਹੀਂ ਕਰ ਸਕਦਾ । ਇਸ ਲਈ ਅਭਿਆਸ ਹੁਨਰ ਤਰਾਸ਼ਣ ਦਾ ਇੱਕ ਸਾਧਨ ਹੈ ।
◆ ਮਨੁੱਖ ਅਤੇ ਉਸ ਦਾ ਸੁਭਾਅ ਦੋਵੇਂ ਪਰਿਵਰਤਨਸ਼ੀਲ ਹਨ । ਜਿਵੇਂ ਪ੍ਰਕ੍ਰਿਤੀ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ, ਉਸੇ ਤਰ੍ਹਾਂ ਵਿਅਕਤੀ ਦੀ ਪ੍ਰਕ੍ਰਿਤੀ ਅਤੇ ਉਸਦੇ ਸੁਭਾਅ ਵਿੱਚ ਵੀ ਪਰਿਵਰਤਨ ਆਉਂਦੇ ਰਹਿੰਦੇ ਹਨ ।
◆ ਵਿਅਕਤੀ ਨੂੰ ਆਪਣੀ ਸੋਚ ਨੂੰ ਤੰਗ ਨਹੀਂ ਬਲਕਿ ਖੁੱਲ੍ਹਾ ਰੱਖਣਾ ਚਾਹੀਦਾ ਹੈ ਅਤੇ ਹਰੇਕ ਪਰਿਵਰਤਨ ਦਾ ਸਵਾਗਤ ਕਰਨਾ ਚਾਹੀਦਾ ਹੈ ।ਤੰਗ ਸੋਚ ਵਾਲਾ ਵਿਅਕਤੀ ਨਾ ਤਾਂ ਆਪ ਖ਼ੁਸ਼ ਰਹਿੰਦਾ ਹੈ ਅਤੇ ਨਾ ਹੀ ਹੋਰਾਂ ਨੂੰ ਖ਼ੁਸ਼ ਰਹਿਣ ਦਿੰਦਾ ਹੈ ।
◆ ਤੰਗ ਸੋਚ ਵਾਲਾ ਵਿਅਕਤੀ ਆਪਣੇ ਰਿਸ਼ਤੇ ਵੀ ਵਧੀਆ ਤਰੀਕੇ ਨਾਲ ਨਹੀਂ ਨਿਭਾ ਸਕਦਾ । ਉਹ ਆਪਣੀ ਆਲੋਚਨਾ ਨਹੀਂ ਸੁਣ ਸਕਦਾ । ਵਿਅਕਤੀ ਨੂੰ ਆਪਣੇ ਵਿੱਚ ਆਲੋਚਨਾ ਸੁਣਨ ਦੇ ਗੁਣ ਨੂੰ ਵੀ ਵਿਕਸਿਤ ਕਰਨਾ ਚਾਹੀਦਾ ਹੈ ਅਤੇ ਆਲੋਚਨਾ ਨੂੰ ਸੁਣ ਕੇ ਆਪਣੇ ਉਸ ਪੱਖ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਸ ਬਾਰੇ ਆਲੋਚਨਾ ਹੋ ਰਹੀ ਹੈ ।
◆ ਇੱਕ ਖੁੱਲ੍ਹੇ ਅਤੇ ਰੌਸ਼ਨ ਦਿਮਾਗ਼ ਵਾਲੇ ਵਿਅਕਤੀ ਹਰੇਕ ਪਰਿਵਰਤਨ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਦੇ ਹਨ ਅਤੇ ਸਮਾਜ ਵਿੱਚ ਅੱਗੇ ਵੱਧਦੇ ਹਨ । ਖੁੱਲ੍ਹੇ ਸੁਭਾਅ ਵਾਲਾ ਵਿਅਕਤੀ ਆਪਣੇ ਆਪ ਨੂੰ ਹਰੇਕ ਹਾਲਤ ਵਿੱਚ ਢਾਲ਼ ਲੈਂਦਾ ਹੈ ਅਤੇ ਤਰੱਕੀ ਕਰ ਲੈਂਦਾ ਹੈ । ਜੇਕਰ ਅਸੀਂ ਅੱਜ ਆਧੁਨਿਕ ਤਕਨੀਕ ਨੂੰ ਅਪਣਾਇਆ ਹੈ ਤਾਂ ਇਹ ਸਿਰਫ਼ ਖੁੱਲ੍ਹੇ ਦਿਲ ਕਾਰਨ ਹੀ ਹੈ ।
◆ ਵਿਅਕਤੀ ਨੂੰ ਜ਼ਿੱਦੀ ਵੀ ਨਹੀਂ ਹੋਣਾ ਚਾਹੀਦਾ ਅਤੇ ਲਚਕੀਲੇ ਸੁਭਾਅ ਦਾ ਹੋਣਾ ਚਾਹੀਦਾ ਹੈ । ਇਸ ਨਾਲ ਉਹ ਆਪਣੇ ਸਾਹਮਣੇ ਆਉਂਦੇ ਹਰੇਕ ਹਾਲਾਤ ਨੂੰ ਸਵੀਕਾਰ ਕਰ ਲੈਂਦਾ ਹੈ ।
◆ ਹਰੇਕ ਵਿਅਕਤੀ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਦੇ ਉਪਰਾਲੇ ਕਰਨੇ ਚਾਹੀਦੇ ਹਨ । ਜੇਕਰ ਸਾਡੇ ਆਲੇ ਦੁਆਲੇ ਕੁੱਝ ਗ਼ਲਤ ਹੋ ਰਿਹਾ ਹੋਵੇ ਤਾਂ ਸਾਨੂੰ ਉਸਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਤਾਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਸਮੱਸਿਆਵਾਂ ਨਾ ਪੇਸ਼ ਆਉਣ ਜੋ ਸਾਨੂੰ ਆ ਰਹੀਆਂ ਹਨ ।
◆ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਵਿਅਕਤੀ ਨੂੰ ਆਪਣਾ ਰੁਝਾਨ ਦੇਖਣਾ । ਵਿਅਕਤੀ ਦਾ ਜਿਸ ਖੇਤਰ ਵਿੱਚ ਰੁਝਾਨ ਹੁੰਦਾ ਹੈ, ਉਸ ਨੂੰ ਉਸੇ ਖੇਤਰ ਵਿੱਚ ਹੀ ਕੰਮ ਕਰਨਾ ਚਾਹੀਦਾ ਹੈ ਨਹੀਂ ਤਾਂ ਉਹ ਕੋਈ ਵੀ ਕੰਮ ਠੀਕ ਤਰੀਕੇ ਨਹੀਂ ਕਰ ਸਕੇਗਾ । ਰੁਝਾਨ ਦੇਖਣ ਤੋਂ ਬਾਅਦ ਉਸ ਖੇਤਰ ਵਿੱਚ ਦੱਬ ਕੇ ਮਿਹਨਤ ਕਰਨੀ ਚਾਹੀਦੀ ਹੈ । ਇਸ ਤਰ੍ਹਾਂ ਉਸ ਵਿੱਚ ਆਉਣ ਵਾਲੇ ਕੈਰੀਅਰ ਪ੍ਰਤੀ ਚੇਤਨਾ ਵੀ ਆ ਜਾਵੇਗੀ ।

ਅਭਿਆਸ ਦੇ ਪ੍ਰਸ਼ਨ

ਅਭਿਆਸ—I
ਠੀਕ/ਗ਼ਲਤ ਚੁਣੋ
1. ਵਾਰ-ਵਾਰ ਕੀਤਾ ਅਭਿਆਸ ਹੁਨਰ ਨੂੰ ਨਿਖਾਰ ਦਿੰਦਾ ਹੈ ।
2. ਰਿਆਜ਼ ਨਾਲ ਗਾਇਨ-ਕਲਾ ਨਿਖਾਰੀ ਜਾ ਸਕਦੀ ਹੈ ।
3. ਹੁਨਰ ਜਨਮ ਤੋਂ ਹੀ ਕਿਸਮਤ ਵਾਲੇ ਲੋਕਾਂ ਨੂੰ ਮਿਲਦਾ ਹੈ ।
4. ਪ੍ਰਤਿਭਾ ਨੂੰ ਤਰਾਸ਼ਣ ਲਈ ਸਿਖਲਾਈ ਵੀ ਲੈਣੀ ਚਾਹੀਦੀ ਹੈ ।
ਉੱਤਰ-1. ਠੀਕ, 2. ਠੀਕ, 3. ਗ਼ਲਤ, 4. ਠੀਕ ।
ਅਭਿਆਸ—II
ਜ਼ਰਾ ਸੋਚੋ ਅਤੇ ਦੱਸੋ —
ਪ੍ਰਸ਼ਨ 1. ਚੰਗੇ ਕੈਰੀਅਰ ਦੀ ਚੋਣ ਕਿਸ ਚੀਜ਼ ਉੱਤੇ ਨਿਰਭਰ ਕਰਦੀ ਹੈ ?
ਉੱਤਰ-ਚੰਗੇ ਕੈਰੀਅਰ ਦੀ ਚੋਣ ਵਿਅਕਤੀ ਦੇ ਆਪਣੇ ਰੁਝਾਨ ਉੱਤੇ ਨਿਰਭਰ ਕਰਦੀ ਹੈ ਕਿ ਉਸ ਦਾ ਰੁਝਾਨ ਕਿਸ ਖੇਤਰ ਵਿੱਚ ਜ਼ਿਆਦਾ ਹੈ । ਜੇਕਰ ਵਿਅਕਤੀ ਅਜਿਹਾ ਕੈਰੀਅਰ ਚੁਣ ਲਵੇ ਜਿਹੜਾ ਉਸ ਨੂੰ ਪਸੰਦ ਨਹੀਂ ਹੈ ਤਾਂ ਉਹ ਕੈਰੀਅਰ ਉਸ ਲਈ ਚੰਗਾ ਨਹੀਂ ਹੋਵੇਗਾ । ਇਸ ਦੇ ਨਾਲ-ਨਾਲ ਵਿਅਕਤੀ ਦੇ ਘਰ ਦੇ ਹਾਲਾਤ ਅਤੇ ਸਮੇਂ ਦੀ ਲੋੜ ਉੱਤੇ ਵੀ ਇਹ ਨਿਰਭਰ ਕਰਦਾ ਹੈ ਕਿ ਉਹ ਕਿਸ ਕੈਰੀਅਰ ਨੂੰ ਚੁਣੇ ।
ਪ੍ਰਸ਼ਨ 2. ਕੈਰੀਅਰ ਕਾਊਂਸਲਰ ਨੇ ਕਿੰਨੀ ਤਰ੍ਹਾਂ ਦੀ ਕਾਊਂਸਲਿੰਗ ਬਾਰੇ ਦੱਸਿਆ ?
ਉੱਤਰ—ਕੈਰੀਅਰ ਕਾਊਂਸਲਰ ਨੇ ਤਿੰਨ ਤਰ੍ਹਾਂ ਦੀ ਕਾਊਂਸਲਿੰਗ ਬਾਰੇ ਦੱਸਿਆ
(i) ਨਿੱਜੀ (ਪਰਸਨਲ) ਕਾਊਂਸਲਿੰਗ—ਜਦੋਂ ਕੋਈ ਕਾਊਂਸਲਰ ਕਿਸੇ ਇੱਕ ਵਿਅਕਤੀ ਦੀ ਨਿੱਜੀ ਤੌਰ ਉੱਤੇ ਕਾਊਂਸਲਿੰਗ ਕਰਦਾ ਹੈ ਤਾਂ ਇਸ ਨੂੰ ਨਿੱਜੀ ਕਾਊਂਸਲਿੰਗ ਕਹਿੰਦੇ ਹਨ ।
(ii) ਗਰੁੱਪ ਕਾਊਂਸਲਿੰਗ—ਜਦੋਂ ਕੁੱਝ ਵਿਦਿਆਰਥੀ ਜਾਂ ਵਿਅਕਤੀ ਕਿਸੇ ਕਾਊਂਸਲਰ ਨਾਲ ਇਕੱਠੇ ਗੱਲਬਾਤ ਕਰਦੇ ਹਨ ਤਾਂ ਇਸ ਨੂੰ ਗਰੁੱਪ ਕਾਊਂਸਲਿੰਗ ਕਹਿੰਦੇ ਹਨ ।
(ii) ਕਲਾਸ ਕਾਊਂਸਲਿੰਗ—ਜਦੋਂ ਕਾਊਂਸਲਰ ਪੂਰੀ ਕਲਾਸ ਨਾਲ ਇਕੱਠੇ ਗੱਲ ਕਰਦਾ ਹੈ ਅਤੇ ਉਹਨਾਂ ਨੂੰ ਕੈਰੀਅਰ ਦੀ ਚੋਣ ਬਾਰੇ ਦੱਸਦਾ ਹੈ ਤਾਂ ਇਸ ਨੂੰ ਕਲਾਸ ਕਾਊਂਸਲਿੰਗ ਕਹਿੰਦੇ ਹਨ ।
ਪ੍ਰਸ਼ਨ 3. ਨਵਦੀਪ ਨੂੰ ਕਿਸ ਚੀਜ਼ ਦੀ ਖ਼ੁਸ਼ੀ ਸੀ ?
ਉੱਤਰ-ਨਵਦੀਪ ਇਸ ਗੱਲ ਨੂੰ ਲੈ ਕੇ ਖ਼ੁਸ਼ ਹੋ ਰਿਹਾ ਸੀ ਕਿ ਹੁਣ ਸਕੂਲ ਵਿੱਚ ਵਧੀਆ ਕੰਮ ਹੋਣੇ ਸ਼ੁਰੂ ਹੋ ਗਏ ਹਨ ਜਿਵੇਂ ਕਿ ਵਿਦਿਆਰਥੀਆਂ ਨੂੰ ਕੈਰੀਅਰ ਪ੍ਰਤੀ ਚੇਤਨ ਕਰਵਾਇਆ ਜਾ ਰਿਹਾ ਹੈ ।
ਪ੍ਰਸ਼ਨ 4. ਅਜੋਕੇ ਸਮੇਂ ਇੱਕ ਤੋਂ ਵਧੇਰੇ ਕੈਰੀਅਰ ਆਪਸ਼ਨ ਲੈ ਕੇ ਤੁਰਨਾ ਕਿਉਂ ਜ਼ਰੂਰੀ ਹੈ ?
ਉੱਤਰ-ਅੱਜ-ਕਲ੍ਹ ਦੇ ਸਮੇਂ ਵਿੱਚ ਇੱਕ ਤੋਂ ਵਧੇਰੇ ਕੈਰੀਅਰ ਆਪਸ਼ਨ ਲੈ ਕੇ ਤੁਰਨਾ ਜ਼ਰੂਰੀ ਹੈ ਕਿਉਂਕਿ
(i) ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਅਕਤੀ ਦੀ ਰੁਚੀ ਉਸ ਕਿੱਤੇ ਵਿੱਚ ਹੀ ਖ਼ਤਮ ਹੋ ਜਾਵੇ ।
(ii) ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਮਾਜ ਵਿੱਚ ਇੱਕ ਕੈਰੀਅਰ ਵਿਸ਼ੇਸ਼ ਦਾ ਮਹੱਤਵ ਹੀ ਖ਼ਤਮ ਹੋ ਜਾਵੇ ।
(iii) ਹੋ ਸਕਦਾ ਹੈ ਕਿ ਕਿਸੇ ਹੋਰ ਕਿੱਤੇ ਵਿੱਚ ਵਿਅਕਤੀ ਨੂੰ ਕੰਮ ਦੀ ਆਤਮ-ਸੰਤੁਸ਼ਟੀ ਅਤੇ ਵੱਧ ਪੈਸਾ ਮਿਲਣ ਲੱਗ ਜਾਵੇ।
      ਅਜਿਹੇ ਹਾਲਾਤਾਂ ਵਿੱਚ ਕੈਰੀਅਰ ਲਈ ਇੱਕ ਤੋਂ ਵੱਧ ਆਪਸ਼ਨਾਂ ਰੱਖਣਾ ਜ਼ਰੂਰੀ ਹੋ ਜਾਂਦਾ ਹੈ ।
ਪ੍ਰਸ਼ਨ 5. ਤੁਸੀਂ ਆਪਣੇ ਸਕੂਲਾਂ ਵਿੱਚ ਕਿਹੜੀਆਂ-ਕਿਹੜੀਆਂ ਚੰਗੀਆਂ ਗੱਲਾਂ ਨੋਟ ਕਰ ਰਹੇ ਹੋ ?
ਉੱਤਰ –
(i) ਸਾਡੇ ਸਕੂਲ ਵਿੱਚ ਵਿਦਿਆਰਥੀਆਂ ਦੇ ਚਹੁੰਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ ।
(ii) ਵਿਦਿਆਰਥੀਆਂ ਨੂੰ ਭਵਿੱਖ ਵਿੱਚ ਕੈਰੀਅਰ ਚੁਣਨ ਲਈ ਅੱਡ-ਅੱਡ ਆਪਸ਼ਨਾਂ ਬਾਰੇ ਦੱਸਿਆ ਜਾਂਦਾ ਹੈ ।
(iii) ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਸਿਰਫ਼ ਇੱਕ ਕੈਰੀਅਰ ਬਾਰੇ ਨਾ ਸੋਚਣ ਬਲਕਿ ਘੱਟ ਤੋਂ ਘੱਟ ਤਿੰਨ ਆਪਸ਼ਨਾਂ ਬਾਰੇ ਸੋਚਣ ।
(iv) ਸਕੂਲ ਦੇ ਟੀਚਰ ਬੱਚਿਆਂ ਨਾਲ ਚੰਗੇ ਸੰਬੰਧ ਰੱਖਦੇ ਹਨ ਅਤੇ ਸਮੇਂ-ਸਮੇਂ ਉੱਤੇ ਉਹਨਾਂ ਦੀ ਕਾਊਂਸਲਿੰਗ ਕਰਦੇ ਰਹਿੰਦੇ ਹਨ ।
ਪ੍ਰਸ਼ਨ 6. ਮਨੀਸ਼ਾ ਵਿੱਚ ਤੁਹਾਨੂੰ ਕਿਹੜਾ ਗੁਣ ਨਜ਼ਰ ਆਇਆ ?
ਉੱਤਰ-ਮਨੀਸ਼ਾ ਵਿੱਚ ਸਾਨੂੰ ਜਾਣਨ ਦਾ ਗੁਣ ਨਜ਼ਰ ਆਇਆ । ਉਹ ਜਾਣਨਾ ਚਾਹੁੰਦੀ ਸੀ ਕਿ ਬੱਚਿਆਂ ਨੂੰ ਤਿੰਨ ਪਸੰਦਾਂ ਫਾਰਮ ਵਿੱਚ ਭਰਨ ਲਈ ਕਿਉਂ ਕਹੀਆਂ ਗਈਆਂ । ਇਹ ਗੁਣ ਹਰੇਕ ਬੱਚੇ ਵਿੱਚ ਹੋਣਾ ਚਾਹੀਦਾ ਹੈ ਕਿ ਕੋਈ ਕੰਮ ਕਰਨਾ ਹੈ ਤਾਂ ਕਿਉਂ ਕਰਨਾ ਹੈ । ਇਸਦਾ ਇਹ ਲਾਭ ਹੈ ਕਿ ਬੱਚੇ ਵਿੱਚ ਤਰਕਸ਼ੀਲ ਵਿਵੇਚਨਾ ਕਰਨ ਦਾ ਗੁਣ ਪੈਦਾ ਹੋ ਜਾਂਦਾ ਹੈ ।

ਹੋਰ ਮਹੱਤਵਪੂਰਨ ਪ੍ਰਸ਼ਨ

(I) ਵਸਤੂਨਿਸ਼ਠ ਪ੍ਰਸ਼ਨ

(ੳ) ਬਹੁਵਿਕਲਪੀ ਪ੍ਰਸ਼ਨ —

1. ਵਿਅਕਤੀ ਵਿੱਚ ਹੁਨਰ …………. ਨਾਲ ਆਉਂਦਾ ਹੈ ।
(a) ਅਭਿਆਸ
(b) ਪੜ੍ਹਨ
(c) ਘੁੰਮਣ
(d) ਉਪਰੋਕਤ ਸਾਰੇ ।
ਉੱਤਰ—(a) ਅਭਿਆਸ ।
2. ਕਿਸੇ ਵੀ ਵਿਅਕਤੀ ਵਿੱਚ ਗਾਇਨ-ਕਲਾ ਕਿਵੇਂ ਨਿਖਾਰੀ ਜਾ ਸਕਦੀ ਹੈ ?
(a) ਗਾਣੇ ਯਾਦ ਕਰ ਕੇ
(b) ਰਿਆਜ਼ ਕਰ ਕੇ
(c) ਗਾਣੇ ਸੁਣ ਕੇ
(d) ਕੋਈ ਨਹੀਂ ।
ਉੱਤਰ—(b) ਰਿਆਜ਼ ਕਰ ਕੇ ।
3. ਕਿਸੇ ਦਾ ਹੁਨਰ ਕਿਵੇਂ ਤਰਾਸ਼ਿਆ ਜਾ ਸਕਦਾ ਹੈ ?
(a) ਮਿਹਨਤ ਨਾਲ
(b) ਇਕਾਗਰਤਾ ਨਾਲ
(c) ਅਭਿਆਸ ਨਾਲ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
4. ਮਨੁੱਖ ਦਾ ਸੁਭਾਅ ……….. ਹੁੰਦਾ ਹੈ ।
(a) ਪਰਿਵਰਤਨਸ਼ੀਲ
(b) ਇੱਕੋ ਜਿਹਾ
(c) ਨਾ ਬਦਲਣ ਵਾਲਾ
(d) ਕੋਈ ਨਹੀਂ ।
ਉੱਤਰ—(a) ਪਰਿਵਰਤਨਸ਼ੀਲ ।
5. ਤੰਗ ਸੋਚ ਵਾਲਾ ਵਿਅਕਤੀ –
(a) ਨਕਾਰਾਤਮਕਤਾ ਫੈਲਾਉਂਦਾ ਹੈ
(b) ਆਪ ਵੀ ਖ਼ੁਸ਼ ਨਹੀਂ ਰਹਿੰਦਾ
(c) ਆਲੋਚਨਾ ਮੰਨਣ ਲਈ ਤਿਆਰ ਨਹੀਂ ਹੁੰਦਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
6. ਵਿਅਕਤੀ ਦੀ ਸੋਚ –
(a) ਖੁੱਲ੍ਹੀ ਹੋਣੀ ਚਾਹੀਦੀ ਹੈ
(b) ਤੰਗ ਹੋਣੀ ਚਾਹੀਦੀ ਹੈ
(c) ਇੱਕੋ ਜਿਹੀ ਹੋਣੀ ਚਾਹੀਦੀ ਹੈ
(d) ਨਾ ਖ਼ੁਸ਼ ਰਹਿਣ ਵਾਲੀ ਹੋਣੀ ਚਾਹੀਦੀ ਹੈ ।
ਉੱਤਰ—(a) ਖੁੱਲ੍ਹੀ ਹੋਣੀ ਚਾਹੀਦੀ ਹੈ ।
7. ਚੰਗੀ ਸ਼ਖ਼ਸੀਅਤ ਦਾ ਗੁਣ ਕਿਹੜਾ ਹੁੰਦਾ ਹੈ ?
(a) ਮਿਲਣਸਾਰ ਹੋਣਾ
(b) ਚੁਣੌਤੀ ਸਵੀਕਾਰ ਕਰਨਾ
(c) ਸਿੱਖਣ ਲਈ ਤਿਆਰ ਰਹਿਣਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
8. ਹਰੇਕ ਵਿਅਕਤੀ ਨੂੰ ਘੱਟੋ-ਘੱਟ ……………… ਕੈਰੀਅਰ ਆਪਸ਼ਨਾਂ ਚੁਣਨੀਆਂ ਚਾਹੀਦੀਆਂ ਹਨ ।
(a) ਦੋ
(b) ਤਿੰਨ
(c) ਚਾਰ
(d) ਪੰਜ ।
ਉੱਤਰ—(b) ਤਿੰਨ ।
9. ਇਹਨਾਂ ਵਿੱਚੋਂ ਕਿਹੜਾ ਕਾਊਂਸਲਿੰਗ ਦਾ ਪ੍ਰਕਾਰ ਹੈ ?
(a) ਨਿੱਜੀ ਕਾਊਂਸਲਿੰਗ
(b) ਕਲਾਸ ਕਾਊਂਸਲਿੰਗ
(c) ਗਰੁੱਪ ਕਾਊਂਸਲਿੰਗ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
10. ਵਿਅਕਤੀ ਨੂੰ ਆਪਣੇ ਕੈਰੀਅਰ ਦੀ ਚੋਣ …………… ਅਨੁਸਾਰ ਕਰਨੀ ਚਾਹੀਦੀ ਹੈ ।
(a) ਯੋਗਤਾ
(b) ਸ਼ੌਕ
(c) ਰੁਝਾਨ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
(ਅ) ਖਾਲੀ ਥਾਂਵਾਂ ਭਰੋ –
1. ਵਰਿੰਦਰ ਕੁਮਾਰ ਅਧਿਆਪਕ ਹੋਣ ਦੇ ਨਾਲ-ਨਾਲ ਇੱਕ …………. ਵੀ ਸੀ ।
2. ਵਿਅਕਤੀ ਨੂੰ ………………… ਲਈ ਘੱਟੋ-ਘੱਟ ਤਿੰਨ ਆਪਸ਼ਨਾਂ ਰੱਖਣੀਆਂ ਚਾਹੀਦੀਆਂ ਹਨ ।
3. ਵਿਅਕਤੀ ਦਾ ……………… ਸੁਭਾਅ ਕਈ ਵਾਰੀ ਉਸਦੇ ਰਸਤੇ ਦੀ ਰੁਕਾਵਟ ਬਣ ਜਾਂਦਾ ਹੈ ।
4. ……………… ਨੇ ਸਮਾਜ ਨੂੰ ਬਹੁਤ ਤੇਜ਼ੀ ਨਾਲ ਤਰੱਕੀ ਦਿੱਤੀ ਹੈ ।
5. ………………….. ਕੁਦਰਤ ਦਾ ਨਿਯਮ ਹੈ ।
ਉੱਤਰ—1. ਕਾਊਂਸਲਰ, 2. ਕੈਰੀਅਰ, 3. ਜ਼ਿੱਦੀ, 4. ਤਕਨੀਕ, 5. ਪਰਿਵਰਤਨ ।
(ੲ) ਸਹੀ/ਗ਼ਲਤ ਚੁਣੋ –
1. ਤੰਗ ਦਿਲ ਵਾਲਾ ਵਿਅਕਤੀ ਹਮੇਸ਼ਾ ਤਰੱਕੀ ਕਰਦਾ ਹੈ l
2. ਹਰੇਕ ਬੱਚਾ ਹੁਨਰਮੰਦ ਨਹੀਂ ਹੁੰਦਾ ਹੈ ।
3. ਅਭਿਆਸ ਨਾਲ ਹੀ ਵਿਅਕਤੀ ਦਾ ਹੁਨਰ ਨਿਖਰਦਾ ਹੈ ।
4. ਵਿਅਕਤੀ ਨੂੰ ਆਪਣੀ ਆਲੋਚਨਾ ਨੂੰ ਖੁੱਲ੍ਹ ਕੇ ਸਵੀਕਾਰ ਕਰਨਾ ਚਾਹੀਦਾ ਹੈ ।
5. ਵਿਅਕਤੀ ਨੂੰ ਆਪਣੀ ਰੁਚੀ ਦੇ ਹਿਸਾਬ ਨਾਲ ਕੈਰੀਅਰ ਚੁਣਨਾ ਚਾਹੀਦਾ ਹੈ ।
ਉੱਤਰ-1, ਗ਼ਲਤ, 2. ਗ਼ਲਤ, 3, ਸਹੀ, 4. ਸਹੀ, 5, ਸਹੀ ।

(II) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਕਿਹੜਾ ਗੁਣ ਵਿਅਕਤੀ ਨੂੰ ਆਮ ਤੋਂ ਖ਼ਾਸ ਬਣਾ ਦਿੰਦਾ ਹੈ ?
ਉੱਤਰ-ਵਿਅਕਤੀ ਦੇ ਵਿੱਚ ਮੌਜੂਦ ਹੁਨਰ ਵਿਅਕਤੀ ਨੂੰ ਆਮ ਤੋਂ ਖ਼ਾਸ ਬਣਾ ਦਿੰਦਾ ਹੈ ।
ਪ੍ਰਸ਼ਨ 2. ਵਿਅਕਤੀ ਦਾ ਹੁਨਰ ਕਿਵੇਂ ਨਿਖਰਦਾ ਹੈ ?
ਉੱਤਰ-ਵਿਅਕਤੀ ਦਾ ਹੁਨਰ ਅਭਿਆਸ ਕਰਨ ਨਾਲ ਨਿਖਰਦਾ ਹੈ ।
ਪ੍ਰਸ਼ਨ 3. ਕਿਸੇ ਦੀ ਗਾਇਨ-ਕਲਾ ਨੂੰ ਕਿਵੇਂ ਨਿਖਾਰਿਆ ਜਾ ਸਕਦਾ ਹੈ ?
ਉੱਤਰ-ਕਿਸੇ ਦੀ ਗਾਇਨ-ਕਲਾ ਨੂੰ ਲਗਾਤਾਰ ਰਿਆਜ਼ ਕਰਨ ਨਾਲ ਨਿਖਾਰਿਆ ਜਾ ਸਕਦਾ ਹੈ ।
ਪ੍ਰਸ਼ਨ 4. ਵਿਅਕਤੀ ਦੀ ਪ੍ਰਤਿਭਾ ਨਿਖਾਰਨ ਲਈ ਕਿਸ ਚੀਜ਼ ਦੀ ਲੋੜ ਹੁੰਦੀ ਹੈ ?
ਉੱਤਰ-ਲਗਾਤਾਰ ਅਭਿਆਸ, ਮਿਹਨਤ ਅਤੇ ਇਕਾਗਰਤਾ ਨਾਲ ਪ੍ਰਤਿਭਾ ਨਿਖਰ ਜਾਂਦੀ ਹੈ ।
ਪ੍ਰਸ਼ਨ 5. ਮਨੁੱਖੀ ਸੁਭਾਅ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ?
ਉੱਤਰ-ਮਨੁੱਖੀ ਸੁਭਾਅ ਪਰਿਵਰਤਨਸ਼ੀਲ ਹੋਣਾ ਚਾਹੀਦਾ ਹੈ ।
ਪ੍ਰਸ਼ਨ 6. ਤੰਗ ਸੋਚ ਦਾ ਨੁਕਸਾਨ ਦੱਸੋ ।
ਉੱਤਰ-ਤੰਗ ਸੋਚ ਵਾਲਾ ਵਿਅਕਤੀ ਹਮੇਸ਼ਾ ਨਕਾਰਾਤਮਕਤਾ ਫੈਲਾਉਂਦਾ ਹੈ ।
ਪ੍ਰਸ਼ਨ 7. ਖੁੱਲ੍ਹੀ ਸੋਚ ਦਾ ਕੀ ਫ਼ਾਇਦਾ ਹੁੰਦਾ ਹੈ ?
ਉੱਤਰ-ਖੁੱਲ੍ਹੀ ਸੋਚ ਨਾਲ ਵਿਅਕਤੀ ਆਪ ਤੇ ਖ਼ੁਸ਼ ਰਹਿੰਦਾ ਹੈ ਅਤੇ ਦੂਜਿਆਂ ਨੂੰ ਵੀ ਖ਼ੁਸ਼ ਰੱਖਦਾ ਹੈ ।
ਪ੍ਰਸ਼ਨ 8. ਕੀ ਤੰਗ ਸੋਚ ਵਾਲਾ ਵਿਅਕਤੀ ਰਿਸ਼ਤੇ ਨਿਭਾ ਸਕਦਾ ਹੈ ?
ਉੱਤਰ-ਜੀ ਨਹੀਂ, ਉਹ ਰਿਸ਼ਤੇ ਨਿਭਾਉਣ ਵਿੱਚ ਹਮੇਸ਼ਾ ਫਾਡੀ ਰਹਿ ਜਾਂਦਾ ਹੈ ।
ਪ੍ਰਸ਼ਨ 9. ਵਿਸ਼ਾਲਤਾ ਦਾ ਕੀ ਅਰਥ ਹੈ ?
ਉੱਤਰ-ਵਿਸ਼ਾਲਤਾ ਸਾਡੇ ਸੁਭਾਅ ਦਾ ਉਹ ਗੁਣ ਹੈ ਜੋ ਸਾਨੂੰ ਸਾਡੀ ਸੋਚ ਨੂੰ ਖੋਲ੍ਹਣ ਵਿੱਚ ਮਦਦ ਕਰਦੀ ਹੈ ।
ਪ੍ਰਸ਼ਨ 10. ਖੁੱਲ੍ਹੇ ਸੁਭਾਅ ਵਾਲੇ ਵਿਅਕਤੀ ਦਾ ਇੱਕ ਗੁਣ ਦੱਸੋ ।
ਉੱਤਰ-ਖੁੱਲ੍ਹੇ ਸੁਭਾਅ ਵਾਲਾ ਵਿਅਕਤੀ ਮਿਲਣਸਾਰ ਹੁੰਦਾ ਹੈ ।
ਪ੍ਰਸ਼ਨ 11. ਤੰਗ ਸੁਭਾਅ ਵਾਲੇ ਵਿਅਕਤੀ ਦਾ ਇੱਕ ਔਗੁਣ ਦੱਸੋ ।
ਉੱਤਰ-ਉਹ ਹਰੇਕ ਗੱਲ ਵਿਚ ਨੁਕਤਾਚੀਨੀ ਕਰਦਾ ਹੈ ।
ਪ੍ਰਸ਼ਨ 12. ਵਿਅਕਤੀ ਦਾ ਜ਼ਿੱਦੀ ਸੁਭਾਅ ਉਸਦੇ ਲਈ ਨੁਕਸਾਨਦਾਇਕ ਕਿਉਂ ਹੁੰਦਾ ਹੈ ?
ਉੱਤਰ-ਕਈ ਵਾਰੀ ਜ਼ਿੱਦੀ ਸੁਭਾਅ ਉਸਦੀ ਪ੍ਰਗਤੀ ਦੇ ਰਸਤੇ ਵਿੱਚ ਰੁਕਾਵਟ ਬਣ ਜਾਂਦਾ ਹੈ ।
ਪ੍ਰਸ਼ਨ 13. ਵਿਅਕਤੀ ਨੂੰ ਕਿਸ ਪ੍ਰਕਾਰ ਦੀ ਜ਼ਿੱਦ ਕਰਨੀ ਚਾਹੀਦੀ ਹੈ ?
ਉੱਤਰ—ਇਮਾਨਦਾਰੀ ਨਾਲ ਕੰਮ ਕਰਨ ਦੀ ਜ਼ਿੱਦ, ਨਕਲ ਨਾ ਕਰਨ, ਰਿਸ਼ਵਤ ਨਾ ਲੈਣ ਦੀ ਜ਼ਿੱਦ ਆਦਿ ।
ਪ੍ਰਸ਼ਨ 14. ਅਸੀਂ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਕਿਵੇਂ ਬਣ ਸਕਦੇ ਹਾਂ ?
ਉੱਤਰ-ਸਮਾਜ ਦੇ ਨਿਯਮਾਂ ਦੀ ਪਾਲਣਾ ਕਰਕੇ ਅਤੇ ਸਮਾਜ ਵਿੱਚੋਂ ਗੰਦਗੀ ਦੂਰ ਕਰਕੇ ਅਸੀਂ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣ ਸਕਦੇ ਹਾਂ ।
ਪ੍ਰਸ਼ਨ 15. ਵਿਅਕਤੀ ਨੂੰ ਕੈਰੀਅਰ ਦੀਆਂ ਘੱਟੋ-ਘੱਟ ਕਿੰਨੀਆਂ ਆਪਸ਼ਨਾਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-ਵਿਅਕਤੀ ਨੂੰ ਕੈਰੀਅਰ ਦੀਆਂ ਘੱਟੋ-ਘੱਟ ਤਿੰਨ ਆਪਸ਼ਨਾਂ ਰੱਖਣੀਆਂ ਚਾਹੀਦੀਆਂ ਹਨ ।
ਪ੍ਰਸ਼ਨ 16. ਵਿਅਕਤੀ ਨੂੰ ਕੈਰੀਅਰ ਚੁਣਦੇ ਸਮੇਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-ਆਪਣੀ ਰੁਚੀ, ਰੁਝਾਨ ਅਤੇ ਸਮੇਂ ਦੀ ਨਜ਼ਾਕਤ ਦਾ ।

(III) ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਕਿਸੇ ਵੀ ਕੰਮ ਵਿੱਚ ਮੁਹਾਰਤ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ ? ਉਦਾਹਰਨ ਸਹਿਤ ਸਮਝਾਓ ।
ਉੱਤਰ—ਹਰੇਕ ਵਿਅਕਤੀ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਹੈ ਅਤੇ ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੁੰਦੀ ਹੈ । ਵਿਅਕਤੀ ਵਿੱਚ ਮੌਜੂਦ ਹੁਨਰ ਨੂੰ ਤਰਾਸ਼ਣ ਲਈ ਅਭਿਆਸ ਦੀ ਬਹੁਤ ਲੋੜ ਹੁੰਦੀ ਹੈ । ਜੇਕਰ ਵਿਅਕਤੀ ਅਭਿਆਸ ਨਹੀਂ ਕਰਦਾ ਤਾਂ ਉਹ ਕਿਸੇ ਵੀ ਕੰਮ ਵਿੱਚ ਮੁਹਾਰਤ ਹਾਸਲ ਨਹੀਂ ਕਰ ਸਕਦਾ । ਉਦਾਹਰਨ ਦੇ ਲਈ ਪਹਿਲੀ ਜਮਾਤ ਵਿੱਚ ਬੱਚੇ ਦੀ ਲਿਖਾਈ ਵਧੀਆ ਨਹੀਂ ਹੁੰਦੀ ਪਰ ਵਾਰ-ਵਾਰ ਲਿਖਣ ਨਾਲ ਲਿਖਾਈ ਵਧੀਆ ਹੋ ਜਾਂਦੀ ਹੈ । ਬਚਪਨ ਵਿੱਚ ਸਾਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ ਸੀ ਪਰ ਅਭਿਆਸ ਕਰਨ ਨਾਲ ਅਸੀਂ ਸਾਈਕਲ ਚਲਾਉਣਾ ਸਿੱਖ ਗਏ ਸੀ । ਇਸ ਤਰ੍ਹਾਂ ਹਰੇਕ ਕੰਮ ਵਿੱਚ ਮੁਹਾਰਤ ਹਾਸਲ ਕਰਨ ਲਈ ਅਭਿਆਸ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 2. ਵਿਅਕਤੀ ਨੂੰ ਆਪਣੀ ਸੋਚ ਖੁੱਲ੍ਹੀ ਕਿਉਂ ਰੱਖਣੀ ਚਾਹੀਦੀ ਹੈ ?
ਉੱਤਰ-ਵਿਅਕਤੀ ਨੂੰ ਆਪਣੀ ਸੋਚ ਅਤੇ ਦ੍ਰਿਸ਼ਟੀਕੋਣ ਖੁੱਲ੍ਹੇ ਰੱਖਣੇ ਚਾਹੀਦੇ ਹਨ । ਜਿਵੇਂ ਕਿਹਾ ਜਾਂਦਾ ਹੈ ਕਿ ਵਗਦਾ ਪਾਣੀ ਵਧੀਆ ਲੱਗਦਾ ਹੈ ਪਰ ਠਹਿਰਿਆ ਹੋਇਆ ਪਾਣੀ ਗੰਦਾ ਹੋ ਜਾਂਦਾ ਹੈ । ਉਸੇ ਤਰ੍ਹਾਂ ਤੰਗ ਸੋਚ ਵਾਲਾ ਵਿਅਕਤੀ ਜੀਵਨ ਵਿੱਚ ਤਰੱਕੀ ਨਹੀਂ ਕਰ ਸਕਦਾ । ਉਹ ਨਾ ਤਾਂ ਆਪ ਖ਼ੁਸ਼ ਰਹਿੰਦਾ ਹੈ ਅਤੇ ਨਾ ਹੀ ਹੋਰਾਂ ਨੂੰ ਖ਼ੁਸ਼ ਰਹਿਣ ਦਿੰਦਾ ਹੈ । ਉਹ ਤਾਂ ਰਿਸ਼ਤੇ ਵੀ ਠੀਕ ਤਰੀਕੇ ਨਾਲ ਨਹੀਂ ਨਿਭਾ ਸਕਦਾ । ਉਹ ਆਪਣੀ ਆਲੋਚਨਾ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ ਜਦਕਿ ਹੋਣਾ ਇਸਦੇ ਉਲਟ ਚਾਹੀਦਾ ਹੈ । ਉਸਨੂੰ ਆਪਣੀ ਸੋਚ ਨੂੰ ਖੁੱਲ੍ਹਾ ਰੱਖਣਾ ਚਾਹੀਦਾ ਹੈ ਅਤੇ ਆਲੋਚਨਾ ਨੂੰ ਵੀ ਸਕਾਰਾਤਮਕ ਰੂਪ ਵਿੱਚ ਲੈਣਾ ਚਾਹੀਦਾ ਹੈ ।
ਪ੍ਰਸ਼ਨ 3. ਖੁੱਲ੍ਹੀ ਸੋਚ ਰੱਖਣ ਦੇ ਕੀ ਲਾਭ ਹਨ ?
ਉੱਤਰ— (i) ਖੁੱਲ੍ਹੀ ਸੋਚ ਵਾਲਾ ਵਿਅਕਤੀ ਪਰਿਵਰਤਨ ਨੂੰ ਸਵੀਕਾਰ ਕਰਦਾ ਹੈ ।
(ii) ਉਹ ਆਪਣੀ ਆਲੋਚਨਾ ਨੂੰ ਵੀ ਸਕਾਰਾਤਮਕ ਰੂਪ ਵਿੱਚ ਲੈ ਕੇ ਆਪਣੇ ਵਿੱਚ ਪਰਿਵਰਤਨ ਕਰ ਲੈਂਦਾ ਹੈ ।
(iii) ਉਹ ਸਮਾਜ ਦੀ ਪ੍ਰਗਤੀ ਵਿੱਚ ਵੀ ਯੋਗਦਾਨ ਦਿੰਦਾ ਹੈ ਅਤੇ ਨਾਲ ਹੀ ਨਾਲ ਆਪ ਵੀ ਪ੍ਰਗਤੀ ਕਰਦਾ ਹੈ
(iv) ਉਹ ਆਪ ਵੀ ਖ਼ੁਸ਼ ਰਹਿੰਦਾ ਹੈ ਅਤੇ ਹੋਰਾਂ ਨੂੰ ਵੀ ਖ਼ੁਸ਼ ਰੱਖਦਾ ਹੈ ।
(v) ਉਹ ਰਿਸ਼ਤਿਆਂ ਨੂੰ ਵੀ ਵਧੀਆ ਤਰੀਕੇ ਨਾਲ ਨਿਭਾਉਂਦਾ ਹੈ ।
ਪ੍ਰਸ਼ਨ 4. ਤਕਨੀਕ ਦੀ ਸਾਡੇ ਜੀਵਨ ਵਿੱਚ ਕੀ ਭੂਮਿਕਾ ਹੈ ?
ਉੱਤਰ-ਅੱਜ-ਕਲ੍ਹ ਰੋਜ਼ ਨਵੀਂ ਤਕਨੀਕ ਸਾਡੇ ਸਾਹਮਣੇ ਆ ਰਹੀ ਹੈ ਅਤੇ ਅਸੀਂ ਉਸ ਨੂੰ ਅਪਣਾ ਰਹੇ ਹਾਂ । ਤਕਨੀਕ ਨਾਲ ਜੀਵਨ ਲਗਾਤਾਰ ਤਰੱਕੀ ਕਰ ਰਿਹਾ ਹੈ । ਅੱਜ-ਕਲ੍ਹ ਦੇ ਨੌਜਵਾਨ ਜਿੰਨੀ ਤੇਜ਼ੀ ਨਾਲ ਤਕਨੀਕ ਅਪਣਾ ਰਹੇ ਹਨ, ਉਨੀ ਤੇਜ਼ੀ ਨਾਲ ਪੁਰਾਣੀ ਪੀੜ੍ਹੀ ਵਾਲੇ ਲੋਕ ਨਹੀਂ ਅਪਣਾ ਪਾਉਂਦੇ ਅਤੇ ਇਸ ਕਰਕੇ ਅੱਜ ਦੀ ਪੀੜ੍ਹੀ ਤੇਜ਼ੀ ਨਾਲ ਤਰੱਕੀ ਕਰ ਰਹੀ ਹੈ । ਇਸ ਤਕਨੀਕ ਨਾਲ ਅਸੀਂ ਆਪਣੇ ਸਾਰੇ ਕੰਮ ਅਸਾਨੀ ਨਾਲ ਕਰ ਲੈਂਦੇ ਹਾਂ । ਉਦਾਹਰਨ ਦੇ ਲਈ ਪਹਿਲਾਂ ਕੱਪੜੇ ਹੱਥ ਨਾਲ ਧੋਏ ਜਾਂਦੇ ਸਨ ਪਰ ਹੁਣ ਮਸ਼ੀਨ ਅਸਾਨੀ ਨਾਲ ਧੋ ਦਿੰਦੀ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਤਕਨੀਕ ਦੀ ਸਾਡੇ ਜੀਵਨ ਵਿੱਚ ਵੱਡੀ ਭੂਮਿਕਾ ਹੁੰਦੀ ਹੈ ਅਤੇ ਇਹ ਸਾਡੇ ਕੰਮ ਅਸਾਨ ਕਰ ਦਿੰਦੀ ਹੈ ।
ਪ੍ਰਸ਼ਨ 5. ਵਿਅਕਤੀ ਦਾ ਸੁਭਾਅ ਜ਼ਿੱਦੀ ਹੋਣਾ ਚਾਹੀਦਾ ਹੈ ਜਾਂ ਲਚਕੀਲਾ ? ਆਪਣੇ ਉੱਤਰ ਦੇ ਪੱਖ ਵਿੱਚ ਤਰਕ ਦਿਓ ।
ਉੱਤਰ-ਵਿਅਕਤੀ ਦਾ ਸੁਭਾਅ ਜ਼ਿੱਦੀ ਨਹੀਂ ਬਲਕਿ ਲਚਕੀਲਾ ਹੋਣਾ ਚਾਹੀਦਾ ਹੈ । ਵਿਅਕਤੀ ਦਾ ਜ਼ਿੱਦੀ ਸੁਭਾਅ ਉਸਦੀ ਪ੍ਰਗਤੀ ਦੇ ਰਸਤੇ ਵਿੱਚ ਰੁਕਾਵਟ ਬਣ ਜਾਂਦਾ ਹੈ ਜਿਵੇਂ ਕਿ ਕੁੜੀਆਂ ਅਤੇ ਮੁੰਡਿਆਂ ਨੂੰ ਇੱਕ ਸਮਾਨ ਨਾ ਸਮਝਣਾ । ਇਸ ਨਾਲ ਉਹ ਭੇਦ-ਭਾਵ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਦੇ ਬਹੁਤ ਨੁਕਸਾਨ ਹੁੰਦੇ ਹਨ । ਅਜਿਹੇ ਜ਼ਿੱਦੀ ਸੁਭਾਅ ਨੂੰ ਬਦਲ ਲੈਣਾ ਚਾਹੀਦਾ ਹੈ । ਇਸ ਨਾਲ ਉਹ ਬਦਲਦੇ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਬਦਲ ਕੇ ਆਪਣੀ, ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਪ੍ਰਗਤੀ ਦੇ ਰਸਤੇ ਵਿੱਚ ਯੋਗਦਾਨ ਦੇ ਸਕਦਾ ਹੈ ।
ਪ੍ਰਸ਼ਨ 6. ਇੱਕ ਜ਼ਿੰਮੇਵਾਰ ਨਾਗਰਿਕ ਦੇ ਕੀ ਕਰਤੱਵ ਹੋਣੇ ਚਾਹੀਦੇ ਹਨ ?
ਉੱਤਰ— (i) ਉਹ ਬਦਲਦੇ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਬਦਲ ਲਵੇ ।
(ii) ਉਹ ਸਮਾਜ ਦੀਆਂ ਕੁਰੀਤੀਆਂ ਨੂੰ ਨਾ ਅਪਣਾਵੇ ਬਲਕਿ ਉਹਨਾਂ ਨੂੰ ਖ਼ਤਮ ਕਰਨ ਦੇ ਕੰਮ ਕਰੇ ।
(ii) ਉਹ ਸਮਾਜ ਦੇ ਬਣਾਏ ਹੋਏ ਨਿਯਮਾਂ ਨੂੰ ਮੰਨ ਕੇ ਸਮਾਜਿਕ ਦਾਇਰੇ ਵਿੱਚ ਰਹੇ ।
(iv) ਉਹ ਹੋਰਾਂ ਵਿਅਕਤੀਆਂ ਨੂੰ ਵੀ ਸਮਾਜਿਕ ਨਿਯਮਾਂ ਨੂੰ ਮੰਨਣ ਲਈ ਪ੍ਰੇਰਿਤ ਕਰੇ ।
(v) ਉਹ ਸਮਾਜ ਵਿੱਚ ਪਰਿਵਰਤਨ ਲਿਆਉਣ ਦੀ ਕੋਸ਼ਿਸ਼ ਕਰੇ ਤਾਂਕਿ ਸਮਾਜ ਬਦਲਦੇ ਹੋਏ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਵੀ ਬਦਲ ਲਵੇ ।

(IV) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਵਿਅਕਤੀ ਦੀ ਸ਼ਖ਼ਸੀਅਤ ਦੇ ਗੁਣਾਂ ਅਤੇ ਔਗੁਣਾਂ ਦਾ ਵਰਣਨ ਕਰੋ ।
ਉੱਤਰ- ਗੁਣ-
(i) ਸਭ ਤੋਂ ਪਹਿਲਾਂ ਤਾਂ ਵਿਅਕਤੀ ਨੂੰ ਹਮੇਸ਼ਾ ਨਵਾਂ ਸਿੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ ਤਾਂਕਿ ਉਹ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਸਕੇ l
(ii) ਉਸ ਨੂੰ ਸਾਰਿਆਂ ਨਾਲ ਮਿਲਣਸਾਰ ਹੋਣਾ ਚਾਹੀਦਾ ਹੈ ਤਾਂਕਿ ਉਹ ਸਾਰਿਆਂ ਨਾਲ ਚੰਗੇ ਰਿਸ਼ਤੇ ਬਣਾ ਕੇ ਰੱਖ ਸਕੇ ।
(iii) ਉਸ ਨੂੰ ਹਰੇਕ ਚੁਣੌਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਉਹ ਚੁਣੌਤੀਆਂ ਨੂੰ ਸਵੀਕਾਰ ਨਹੀਂ ਕਰੇਗਾ ਤਾਂ ਉਹ ਥੱਕ ਕੇ ਬੈਠ ਜਾਵੇਗਾ, ਜੋ ਉਸਦੀ ਵਿਅਕਤੀਗਤ ਤਰੱਕੀ ਦੇ ਰਸਤੇ ਵਿੱਚ ਰੁਕਾਵਟ ਬਣੇਗਾ ।
(iv) ਉਸ ਨੂੰ ਸਾਰੇ ਸਮਾਜਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਵੀ ਨਿਯਮਾਂ ਦੀ ਪਾਲਣਾ ਕਰਨ ।
ਔਗੁਣ—
(i) ਇੱਕ ਜ਼ਿੱਦੀ ਸ਼ਖ਼ਸੀਅਤ ਵਾਲਾ ਵਿਅਕਤੀ ਕਿਸੇ ਦੀ ਸਲਾਹ ਨਹੀਂ ਸੁਣਦਾ, ਚਾਹੇ ਉਹ ਸਲਾਹ ਕਿੰਨੀ ਵੀ ਵਧੀਆ ਕਿਉਂ ਨਾ ਹੋਵੇ । ਉਹ ਹਮੇਸ਼ਾ ਆਪਣੀ ਕਰਦਾ ਹੈ, ਜਿਸ ਦਾ ਉਸ ਨੂੰ ਨੁਕਸਾਨ ਹੁੰਦਾ ਹੈ ।
(ii) ਜ਼ਿੱਦੀ ਸ਼ਖ਼ਸੀਅਤ ਵਾਲਾ ਵਿਅਕਤੀ ਹਮੇਸ਼ਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਹੈ, ਜਿਸ ਦਾ ਉਸਦੇ ਪਰਿਵਾਰ ਨੂੰ ਨੁਕਸਾਨ ਚੁੱਕਣਾ ਪੈਂਦਾ ਹੈ ।
(iii) ਉਹ ਜਲਦੀ ਹੀ ਗੁੱਸੇ ਵਿੱਚ ਆ ਜਾਂਦਾ ਹੈ, ਜਿਸਦੇ ਬਹੁਤ ਵਾਰੀ ਨੁਕਸਾਨ ਵੀ ਹੋ ਜਾਂਦੇ ਹਨ । (iv) ਉਹ ਬਹੁਤ ਵਾਰੀ ਹੌਂਸਲਾ ਵੀ ਹਾਰ ਜਾਂਦਾ ਹੈ ।
(v) ਉਹ ਕਈ ਵਾਰੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਬਲਕਿ ਨਿਯਮਾਂ ਨੂੰ ਤੋੜਦਾ ਹੈ ।
ਪ੍ਰਸ਼ਨ 2. ਹੇਠਾਂ ਦਿੱਤੀਆਂ ਦੋ ਤਸਵੀਰਾਂ ਨੂੰ ਧਿਆਨ ਨਾਲ ਦੇਖੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ।
(ੳ) ਤਸਵੀਰ (1) ਵਿੱਚ ਕੀ ਦਰਸਾਇਆ ਗਿਆ ਹੈ ?
(ਅ) ਤਸਵੀਰ (2) ਕਿਸ ਗੱਲ ਵੱਲ ਇਸ਼ਾਰਾ ਕਰਦੀ ਹੈ ?
(ੲ) ਦੋਹਾਂ ਤਸਵੀਰਾਂ ਨੂੰ ਦੇਖਣ ਤੋਂ ਸਾਨੂੰ ਕੀ ਪਤਾ ਚਲਦਾ ਹੈ ?
ਉੱਤਰ—(ੳ) ਤਸਵੀਰ (1) ਤੰਗ ਸੋਚ ਵਾਲੇ ਵਿਅਕਤੀ ਬਾਰੇ ਦੱਸਦੀ ਹੈ ਕਿ ਉਹ ਹਮੇਸ਼ਾ ਉਦਾਸ ਰਹਿੰਦਾ ਹੈ, ਖ਼ੁਸ਼ ਨਹੀਂ ਰਹਿੰਦਾ । ਉਹ ਆਪ ਤੇ ਦੁਖੀ ਰਹਿੰਦਾ ਹੀ ਹੈ ਬਲਕਿ ਆਪਣੇ ਆਲੇ-ਦੁਆਲੇ ਵਾਲੇ ਵਿਅਕਤੀਆਂ ਨੂੰ ਵੀ ਦੁਖੀ ਕਰਦਾ ਹੈ । ਉਹ ਰਿਸ਼ਤੇ ਵੀ ਠੀਕ ਢੰਗ ਨਾਲ ਨਹੀਂ ਨਿਭਾ ਸਕਦਾ ।
(ਅ) ਤਸਵੀਰ (2) ਵਾਲਾ ਵਿਅਕਤੀ ਖੁੱਲ੍ਹੀ ਸੋਚ ਅਤੇ ਸੁਭਾਅ ਵਾਲਾ ਵਿਅਕਤੀ ਹੈ, ਜੋ ਹਰੇਕ ਪ੍ਰਕਾਰ ਦੇ ਪਰਿਵਰਤਨ ਨੂੰ ਸਵੀਕਾਰ ਕਰਦਾ ਹੈ । ਉਹ ਆਪ ਖ਼ੁਸ਼ ਰਹਿਣ ਦੇ ਨਾਲ-ਨਾਲ ਹੋਰਾਂ ਨੂੰ ਵੀ ਖ਼ੁਸ਼ ਰੱਖਦਾ ਹੈ । ਉਹ ਰਿਸ਼ਤੇ ਵੀ ਵਧੀਆ ਢੰਗ ਨਾਲ ਨਿਭਾਉਂਦਾ ਹੈ ।
(ੲ) ਦੋਹਾਂ ਤਸਵੀਰਾਂ ਨੂੰ ਦੇਖ ਕੇ ਸਾਨੂੰ ਇਹ ਪਤਾ ਚਲਦਾ ਹੈ ਕਿ ਵਿਅਕਤੀ ਨੂੰ ਤੰਗ ਸੋਚ ਵਾਲਾ ਨਹੀਂ ਬਲਕਿ ਖੁੱਲ੍ਹੀ ਸੋਚ ਵਾਲਾ ਅਤੇ ਖੁੱਲ੍ਹੇ ਦ੍ਰਿਸ਼ਟੀਕੋਣ ਵਾਲਾ ਹੋਣਾ ਚਾਹੀਦਾ ਹੈ । ਇਸ ਨਾਲ ਜੀਵਨ ਖ਼ੁਸ਼ੀ-ਖ਼ੁਸ਼ੀ ਕੱਟ ਜਾਂਦਾ ਹੈ । ਜੇਕਰ ਵਿਅਕਤੀ ਤੰਗ ਸੋਚ ਵਾਲਾ ਹੋਵੇਗਾ ਤਾਂ ਉਹ ਸਾਰਾ ਜੀਵਨ ਦੁੱਖ ਵਿੱਚ ਬਤੀਤ ਕਰੇਗਾ ਜੋ ਕਿ ਠੀਕ ਨਹੀਂ ਹੈ । ਇਸ ਲਈ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਪਰਿਵਰਤਨ ਨੂੰ ਅਪਣਾ ਕੇ ਹਮੇਸ਼ਾ ਖੁੱਲ੍ਹੀ ਸੋਚ ਵਾਲੇ ਬਣ ਕੇ ਰਹਾਂਗੇ ।

The Complete Educational Website

Leave a Reply

Your email address will not be published. Required fields are marked *