PSEB 10th Class Welcome Life Solutions Chapter 3 ਆਪਸੀ ਰਿਸ਼ਤੇ
PSEB 10th Class Welcome Life Solutions Chapter 3 ਆਪਸੀ ਰਿਸ਼ਤੇ
PSEB Solutions for Class 10 Welcome Life Chapter 3 ਆਪਸੀ ਰਿਸ਼ਤੇ
Welcome Life Guide for Class 10 PSEB ਆਪਸੀ ਰਿਸ਼ਤੇ Textbook Questions and Answers
ਵਿਸ਼ੇ ਬਾਰੇ ਜਾਣਕਾਰੀ
◆ ਇਹ ਪਾਠ ਇੱਕ ਨਾਟਕ ਨਾਲ ਸ਼ੁਰੂ ਹੁੰਦਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਨੂੰ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਨਾ ਚਾਹੀਦਾ ਹੈ
◆ ਪਾਠ ਦੀ ਸ਼ੁਰੂਆਤ ਦਾਦੀ ਪੋਤੇ ਦੀ ਵਾਰਤਾਲਾਪ ਤੋਂ ਸ਼ੁਰੂ ਹੁੰਦੀ ਹੈ ਜਿਸ ਨਾਲ ਦੋਹਾਂ ਦਾ ਇੱਕ-ਦੂਜੇ ਪ੍ਰਤੀ ਪਿਆਰ ਦਰਸਾਇਆ ਗਿਆ ਹੈ ।
◆ ਫਿਰ ਕਹਾਣੀ ਵਿੱਚ ਨੂੰਹ (ਸਿਮਰਨ) ਦੀ ਐਂਟਰੀ ਹੁੰਦੀ ਹੈ ਜੋ ਆਪਣੇ ਪੁੱਤਰ ਨੂੰ ਆਪਣੀ ਸੱਸ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀ ਹੈ ।
◆ ਫਿਰ ਪੁੱਤਰ (ਕਰਨਬੀਰ) ਸਾਹਮਣੇ ਆਉਂਦਾ ਹੈ ਅਤੇ ਉਸਦੀ ਪਤਨੀ (ਸਿਮਰਨ) ਉਸ ਨੂੰ ਕਹਿੰਦੀ ਹੈ ਕਿ ਕਰਨਬੀਰ ਦੀ ਮਾਂ (ਦਾਦੀ) ਆਪਣੇ ਪੋਤੇ (ਰਿਤੰਬਰ) ਨੂੰ ਆਪਣੀ ਮਾਂ (ਸਿਮਰਨ) ਵਿਰੁੱਧ ਭੜਕਾ ਰਹੀ ਹੈ । ਸਿਮਰਨ ਆਪਣੇ ਪਤੀ ਕਰਨਬੀਰ ਨੂੰ ਕਹਿੰਦੀ ਹੈ ਕਿ ਜਾਂ ਤਾਂ ਉਹ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਵੇ ਜਾਂ ਫਿਰ ਉਹ ਘਰ ਛੱਡ ਕੇ ਪੇਕੇ ਚਲੀ ਜਾਵੇਗੀ l
◆ ਅੰਤ ਦਾਦੀ ਸਾਹਮਣੇ ਆਉਂਦੀ ਹੈ ਅਤੇ ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਉਹ ਉਸਨੂੰ ਬਿਰਧ ਆਸ਼ਰਮ ਛੱਡ ਆਵੇ ਕਿਉਂਕਿ ਹੁਣ ਉਹ ਇੱਥੇ ਨਹੀਂ ਰਹਿ ਸਕਦੀ ।
◆ ਕਰਨਬੀਰ ਇੱਕ ਪਾਸੇ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਉਂਦਾ ਹੈ ਅਤੇ ਦੂਜੇ ਪਾਸੇ ਸਿਮਰਨ ਫ਼ੋਨ ਉੱਤੇ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਉਹ ਮਾਂ ਦਾ ਧਿਆਨ ਰੱਖੇ ਨਹੀਂ ਤਾਂ ਉਹ ਉਸਨੂੰ ਆਪਣੇ ਕੋਲ ਲੈ ਜਾਵੇਗੀ ।
◆ ਫਿਰ ਛੇ ਮਹੀਨੇ ਬਾਅਦ ਦਾ ਦ੍ਰਿਸ਼ ਸਾਹਮਣੇ ਆਉਂਦਾ ਹੈ ਜਦੋਂ ਬਿਰਧ ਆਸ਼ਰਮ ਤੋਂ ਕਰਨਬੀਰ ਦੀ ਮਾਂ ਦਾ ਫ਼ੋਨ ਆਉਂਦਾ ਹੈ ਕਿ ਉਹ ਉਸਨੂੰ ਮਿਲਣਾ ਚਾਹੁੰਦੀ ਹੈ ।
◆ ਕਰਨਬੀਰ ਅਤੇ ਸਿਮਰਨ ਨੂੰ ਲਗਦਾ ਹੈ ਕਿ ਮਾਂ ਦਾ ਆਖਰੀ ਸਮਾਂ ਨੇੜੇ ਆ ਗਿਆ ਹੈ, ਇਸ ਲਈ ਉਹ ਬਿਰਧ ਆਸ਼ਰਮ ਜਾਣ ਲਈ ਤਿਆਰ ਹੋ ਜਾਂਦੇ ਹਨ ।
◆ ਉੱਥੇ ਮਾਂ ਕਰਨਬੀਰ ਨੂੰ ਕਹਿੰਦੀ ਹੈ ਕਿ ਉਹ ਆਸ਼ਰਮ ਵਿੱਚ ਦੋ ਪੱਖੇ ਅਤੇ ਫਰਿੱਜ ਦਾਨ ਕਰ ਦੇਵੇ ਕਿਉਂਕਿ ਉੱਥੇ ਦੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ । ਕਰਨਬੀਰ ਇਸ ਲਈ ਤਿਆਰ ਹੋ ਜਾਂਦਾ ਹੈ |
◆ ਇਸ ਸਮੇਂ ਬਿਰਧ ਆਸ਼ਰਮ ਦਾ ਮੈਨੇਜਰ ਆਉਂਦਾ ਹੈ ਅਤੇ ਕਰਨਬੀਰ ਨੂੰ ਦੱਸਦਾ ਹੈ ਕਿ ਪੈਂਤੀ ਸਾਲ ਪਹਿਲਾਂ ਕਰਨਬੀਰ ਦਾ ਪਿਤਾ ਹਰਦੇਵ ਸਿੰਘ ਉਸਨੂੰ ਇਸ ਆਸ਼ਰਮ ਤੋਂ ਗੋਦ ਲੈ ਕੇ ਗਿਆ ਸੀ । ਜੇ ਅਜਿਹਾ ਨਾ ਹੁੰਦਾ ਤਾਂ ਕਰਨਬੀਰ ਅੱਜ ਕਿਤੇ ਭੀਖ ਮੰਗ ਰਿਹਾ ਹੋਣਾ ਸੀ ।
◆ ਇਹ ਸੁਣ ਕੇ ਕਰਨਬੀਰ ਅਤੇ ਸਿਮਰਨ ਨੂੰ ਸਮਝ ਆ ਗਈ ਕਿ ਉਹਨਾਂ ਨੇ ਆਪਣੀ ਮਾਂ ਨਾਲ ਗ਼ਲਤ ਕੀਤਾ ਹੈ । ਉਹ ਮਾਂ ਤੋਂ ਮਾਫ਼ੀ ਮੰਗਦੇ ਹਨ ਅਤੇ ਉਸ ਨੂੰ ਖ਼ੁਸ਼ੀ-ਖ਼ੁਸ਼ੀ ਘਰ ਲੈ ਜਾਂਦੇ ਹਨ ।
◆ ਇਸ ਨਾਟਕ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ ਕਿ ਸਾਨੂੰ ਆਪਣੇ ਬਜ਼ੁਰਗਾਂ ਨਾਲ ਦੁਰਵਿਵਹਾਰ ਨਹੀਂ ਕਰਨਾ ਚਾਹੀਦਾ ਬਲਕਿ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੀ ਅਸੀਸ ਲੈਣੀ ਚਾਹੀਦੀ ਹੈ ।
◆ ਹਰੇਕ ਤਰ੍ਹਾਂ ਦੇ ਰਿਸ਼ਤੇ ਦੀ ਇੱਕ ਸਮਾਜਿਕ ਸੀਮਾ ਹੁੰਦੀ ਹੈ ਅਤੇ ਸਾਨੂੰ ਉਹਨਾਂ ਸੀਮਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।
◆ ਸਾਰੇ ਰਿਸ਼ਤਿਆਂ ਦਾ ਕੋਈ ਨਾ ਕੋਈ ਮਹੱਤਵ ਜ਼ਰੂਰ ਹੁੰਦਾ ਹੈ ਅਤੇ ਸਾਨੂੰ ਇਸ ਮਹੱਤਵ ਨੂੰ ਸਮਝਦੇ ਹੋਏ ਉਹਨਾਂ ਦੀ ਸੀਮਾ ਵਿੱਚ ਰਹਿਣਾ ਚਾਹੀਦਾ ਹੈ । ਦੂਰ ਅਤੇ ਨੇੜੇ ਦੇ ਰਿਸ਼ਤਿਆਂ ਵਿੱਚ ਪਿਆਰ, ਸ਼ਿੱਦਤ ਹੋਣੀ ਚਾਹੀਦੀ ਹੈ । ਇਸ ਲਈ ਰਿਸ਼ਤਿਆਂ ਦੀ ਹੱਦ ਵਿੱਚ ਰਹਿ ਕੇ ਜੀਵਨ ਗੁਜ਼ਾਰਨਾ ਚਾਹੀਦਾ ਹੈ ।
◆ ਵਿਅਕਤੀ ਜੀਵਨ ਵਿੱਚ ਕਈ ਪ੍ਰਕਾਰ ਦੇ ਰਿਸ਼ਤੇ ਬਣਾਉਂਦਾ ਹੈ । ਕੁੱਝ ਰਿਸ਼ਤੇ ਸਾਰੀ ਉਮਰ ਨਿਭਾਏ ਜਾਂਦੇ ਹਨ ਅਤੇ ਕੁੱਝ ਰਿਸ਼ਤੇ ਰਸਤੇ ਵਿੱਚ ਹੀ ਟੁੱਟ ਜਾਂਦੇ ਹਨ । ਕੁੱਝ ਰਿਸ਼ਤੇ ਤਾਂ ਦਿਲਾਂ ਵਿੱਚ ਹੀ ਸੁਲਗਦੇ ਰਹਿੰਦੇ ਹਨ ।
◆ ਮੰਨ ਲਵੋ ਕਿ ਜੇਕਰ ਸਾਨੂੰ ਕਿਸੇ ਰਿਸ਼ਤੇ ਨੂੰ ਛੱਡਣਾ ਪਵੇ ਤਾਂ ਕੁੱਝ ਨੁਕਤਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਸਾਹਮਣੇ ਵਾਲੇ ਦਾ ਧੰਨਵਾਦ ਕਰੋ, ਫੋਨ ਨੰਬਰ ਸਾਂਝੇ ਕਰੋ ਆਦਿ ।
◆ ਬੱਚਿਆਂ ਨਾਲ ਵੀ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ ਅਤੇ ਇਹ ਚੰਗਾ ਵਿਵਹਾਰ ਹੀ ਸਾਡੇ ਵਿਅਕਤੀਤੱਤਵ ਦੀ ਪਛਾਣ ਹੁੰਦੀ ਹੈ ।
ਅਭਿਆਸ ਦੇ ਪ੍ਰਸ਼ਨ
ਅਭਿਆਸ-I
ਪ੍ਰਸ਼ਨ 1. ਤੁਸੀਂ, ਇਹ ਨਾਟਕ ਵੇਖ ਕੇ ਕੀ ਮਹਿਸੂਸ ਕੀਤਾ ?
ਉੱਤਰ-ਅਸੀਂ ਨਾਟਕ ਵੇਖ ਕੇ ਇਹ ਮਹਿਸੂਸ ਕੀਤਾ ਕਿ ਸਾਨੂੰ ਆਪਣੇ ਬਜ਼ੁਰਗਾਂ ਨਾਲ ਗ਼ਲਤ ਵਿਵਹਾਰ ਨਹੀਂ ਕਰਨਾ ਚਾਹੀਦਾ ਬਲਕਿ ਉਹਨਾਂ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ । ਜਦੋਂ ਅਸੀਂ ਬੱਚੇ ਸੀ, ਉਹਨਾਂ ਨੇ ਸਾਨੂੰ ਬੜੇ ਪਿਆਰ ਨਾਲ ਪਾਲਿਆ ਅਤੇ ਜਦੋਂ ਉਹ ਉਮਰ ਦੇ ਇਸ ਪੜਾਅ ਉੱਤੇ ਪਹੁੰਚ ਚੁੱਕੇ ਹਨ ਕਿ ਉਹ ਕੁੱਝ ਨਹੀਂ ਕਰ ਸਕਦੇ ਤਾਂ ਸਾਨੂੰ ਉਹਨਾਂ ਤੋਂ ਮੂੰਹ ਨਹੀਂ ਫੇਰਨਾ ਚਾਹੀਦਾ ਬਲਕਿ ਉਹਨਾਂ ਦੀ ਉਸੇ ਪਿਆਰ ਨਾਲ ਸੇਵਾ ਕਰਨੀ ਚਾਹੀਦੀ ਹੈ । ਇਸ ਨਾਲ ਸਾਨੂੰ ਉਹਨਾਂ ਦੀ ਅਸੀਸ ਪ੍ਰਾਪਤ ਹੁੰਦੀ ਹੈ ਅਤੇ ਸਾਡੇ ਬੱਚਿਆਂ ਨੂੰ ਵੀ ਪ੍ਰੇਰਨਾ ਮਿਲਦੀ ਹੈ ਕਿ ਬਜ਼ੁਰਗਾਂ ਨਾਲ ਕਿਸ ਤਰ੍ਹਾਂ ਵਿਵਹਾਰ ਕਰਨਾ ਹੈ ।
ਪ੍ਰਸ਼ਨ 2. ਤੁਸੀਂ ਬਜ਼ੁਰਗਾਂ ਦੀ ਦੇਖ-ਭਾਲ ਕਿਵੇਂ ਕਰਦੇ ਹੋ ?
ਉੱਤਰ— (i) ਅਸੀਂ ਆਪਣੇ ਬਜ਼ੁਰਗਾਂ ਨਾਲ ਗ਼ਲਤ ਵਿਵਹਾਰ ਨਹੀਂ ਕਰਦੇ ਬਲਕਿ ਪਿਆਰ ਨਾਲ ਗੱਲ ਕਰਦੇ ਹਾਂ । ਇਸ ਨਾਲ ਉਹ ਚਾਹੇ ਕਿੰਨੇ ਵੀ ਮੁਸ਼ਕਿਲ ਵਿੱਚ ਹੋਣ, ਖ਼ੁਸ਼ ਹੋ ਜਾਂਦੇ ਹਨ ।
(ii) ਅਸੀਂ ਉਹਨਾਂ ਨੂੰ ਪਿਆਰ ਨਾਲ ਖਾਣਾ ਦਿੰਦੇ ਹਾਂ ਤਾਂਕਿ ਉਹ ਆਪਣੇ ਆਪ ਨੂੰ ਅੱਡ ਮਹਿਸੂਸ ਨਾ ਕਰਨ ।
(iii) ਅਸੀਂ ਆਪਣੇ ਬਜ਼ੁਰਗਾਂ ਨਾਲ ਪਿਆਰ ਨਾਲ ਬੈਠਦੇ ਹਾਂ, ਉਹਨਾਂ ਦੇ ਜੀਵਨ ਦੇ ਤਜ਼ਰਬੇ ਸੁਣਦੇ ਹਾਂ ਤਾਂਕਿ ਜੀਵਨ ਵਿੱਚ ਉਹ ਗ਼ਲਤੀ ਨਾ ਕਰੀਏ ਜਿਹੜੀ ਸ਼ਾਇਦ ਉਹਨਾਂ ਨੇ ਕੀਤੀ ਹੋਵੇ ।
(iv) ਕਦੀ-ਕਦੀ ਅਸੀਂ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਦੇ ਹਾਂ ਤਾਂਕਿ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰਨ ।
ਪ੍ਰਸ਼ਨ 3. ਨਾਟਕ ਦਾ ਕਿਹੜਾ ਪਾਤਰ ਤੁਹਾਨੂੰ ਸਭ ਤੋਂ ਵੱਧ ਸਹਿਣਸ਼ੀਲ ਜਾਪਦਾ ਹੈ ?
ਉੱਤਰ-ਇਸ ਨਾਟਕ ਵਿੱਚ ਸਾਨੂੰ ਸਭ ਤੋਂ ਸਹਿਣਸ਼ੀਲ ਪਾਤਰ ਦਾਦੀ ਦਾ ਪੋਤਾ ਰਿਤੰਬਰ ਜਾਪਦਾ ਹੈ । ਇਸਦਾ ਕਾਰਨ ਇਹ ਹੈ ਕਿ ਉਸਦਾ ਆਪਣੀ ਦਾਦੀ ਨਾਲ ਬਹੁਤ ਪਿਆਰ ਹੈ ਅਤੇ ਉਹ ਚਾਹ ਕੇ ਵੀ ਆਪਣੀ ਦਾਦੀ ਲਈ ਕੁੱਝ ਨਹੀਂ ਕਰ ਪਾ ਰਿਹਾ । ਉਹ ਵੇਖੀ ਜਾਂਦਾ ਹੈ ਕਿ ਕਿਵੇਂ ਉਸਦੀ ਮਾਂ ਸਿਮਰਨ ਅਤੇ ਪਿਤਾ ਕਰਨਬੀਰ ਉਸਦੀ ਦਾਦੀ ਨਾਲ ਦੁਰਵਿਵਹਾਰ ਕਰਦੇ ਹਨ । ਉਹ ਕਈ ਵਾਰੀ ਵਿਰੋਧ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ, ਪਰ ਕੁੱਝ ਨਹੀਂ ਕਰ ਸਕਦਾ । ਉਸਦੀ ਦਾਦੀ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਜਾਂਦਾ ਹੈ ਪਰ ਉਹ ਕੁੱਝ ਵੀ ਨਹੀਂ ਕਰ ਪਾਉਂਦਾ ।ਉਸ ਕੋਲ ਹੋਰ ਕੋਈ ਚਾਰਾ ਨਹੀਂ ਹੈ, ਸਹਿਨਸ਼ੀਲਤਾ ਵਿਖਾਉਣ ਤੋਂ ਇਲਾਵਾ ।
ਪ੍ਰਸ਼ਨ 4. ਨਾਟਕ ਦੇ ਪਾਤਰਾਂ ਬਾਰੇ ਆਪਣੀ ਰਾਇ ਦਿਓ –
1. ਦਾਦੀ 2. ਰਿਤੰਬਰ 3, ਸਿਮਰਨ 4. ਕਰਨਬੀਰ ।
ਉੱਤਰ –
1. ਦਾਦੀ-ਇਸ ਨਾਟਕ ਦੀ ਸਭ ਤੋਂ ਵਧੀਆ ਪਾਤਰ ਦਾਦੀ ਵਿਖਾਈ ਗਈ ਹੈ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਕਰਨਬੀਰ ਉਸਦਾ ਅਸਲੀ ਪੁੱਤਰ ਨਹੀਂ ਬਲਕਿ ਗੋਦ ਲਿਆ ਪੁੱਤਰ ਹੈ ਪਰ ਫਿਰ ਵੀ ਉਹ ਉਸਨੂੰ ਕੁੱਝ ਨਹੀਂ ਕਹਿੰਦੀ ਬਲਕਿ ਉਹ ਆਪ ਕਰਨਬੀਰ ਨੂੰ ਕਹਿੰਦੀ ਹੈ ਕਿ ਉਸਨੂੰ ਬਿਰਧ ਆਸ਼ਰਮ ਛੱਡ ਆਵੇ । ਇਸ ਨਾਲ ਘਰ ਵਿੱਚ ਚਲਦੀ ਰੋਜ਼-ਰੋਜ਼ ਦੀ ਲੜਾਈ ਬੰਦ ਹੋ ਜਾਵੇਗੀ । ਉਹ ਬਿਰਧ ਆਸ਼ਰਮ ਵਿੱਚ ਗਰਮੀ ਵਿੱਚ ਰਹਿੰਦੀ ਹੈ, ਪਰ ਆਪਣੇ ਪੁੱਤਰ ਨੂੰ ਬੁਲਾ ਕੇ ਕਹਿੰਦੀ ਹੈ ਕਿ ਉਹ ਆਸ਼ਰਮ ਵਿੱਚ ਦੋ ਪੱਖੇ ਲਵਾ ਦੇਵੇ ਤਾਂਕਿ ਹੋਰਾਂ ਨੂੰ ਸੁੱਖ ਮਿਲ ਸਕੇ । ਇਸ ਤਰ੍ਹਾਂ ਉਹ ਹਰ ਦੁੱਖ ਨੂੰ ਕਿਸਮਤ ਦਾ ਭਾਣਾ ਮੰਨ ਕੇ ਸਹਿ ਲੈਂਦੀ ਹੈ ।
2. ਰਿਤੰਬਰ–ਇਸ ਨਾਟਕ ਦਾ ਸਭ ਤੋਂ ਸਹਿਣਸ਼ੀਲ ਪਾਤਰ ਦਾਦੀ ਦਾ ਪੋਤਾ ਰਿਤੰਬਰ ਵਿਖਾਇਆ ਗਿਆ ਹੈ ਕਿਉਂਕਿ ਉਹ ਆਪਣੀ ਦਾਦੀ ਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ ਪਰ ਉਹ ਚਾਹ ਕੇ ਵੀ ਆਪਣੀ ਦਾਦੀ ਦੀ ਮਦਦ ਨਹੀਂ ਕਰ ਪਾਉਂਦਾ ਹੈ । ਉਹ ਆਪਣੇ ਮਾਂ-ਬਾਪ ਨਾਲ ਵੀ ਆਪਣੀ ਦਾਦੀ ਲਈ ਲੜਦਾ ਹੈ ਪਰ ਫਿਰ ਵੀ ਉਸਦੇ ਮਾਂਬਾਪ ਉਸਦੀ ਇੱਕ ਗੱਲ ਨਹੀਂ ਸੁਣਦੇ । ਇਸ ਕਰਕੇ ਹੀ ਉਹ ਕਾਫ਼ੀ ਸਹਿਣਸ਼ੀਲ ਪਾਤਰ ਲੱਗਦਾ ਹੈ ।
3. ਸਿਮਰਨ-ਸਿਮਰਨ ਇਸ ਨਾਟਕ ਵਿੱਚ ਨੂੰਹ ਦਾ ਰੋਲ ਅਦਾ ਕਰ ਰਹੀ ਹੈ ਜਿਸਦਾ ਦੋਹਰਾ ਚਰਿੱਤਰ ਦਿਖਾਇਆ ਗਿਆ ਹੈ । ਇੱਕ ਪਾਸੇ ਤਾਂ ਉਸ ਨੂੰ ਇੱਕ ਅਜਿਹੇ ਚਰਿੱਤਰ ਦੇ ਰੂਪ ਵਿੱਚ ਵਿਖਾਇਆ ਗਿਆ ਹੈ ਜਿਹੜੀ ਆਪਣੀ ਸੱਸ ਉੱਤੇ ਅੱਤਿਆਚਾਰ ਕਰਦੀ ਹੈ ਅਤੇ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਉਹ ਆਪਣੀ ਮਾਂ ਨੂੰ ਬਿਰਧ ਆਸ਼ਰਮ ਛੱਡ ਆਵੇ, ਨਹੀਂ ਤਾਂ ਉਹ ਆਪਣੇ ਪੇਕੇ ਚਲੀ ਜਾਵੇਗੀ । ਦੂਜੇ ਪਾਸੇ ਉਹ ਆਪਣੇ ਭਰਾ ਨੂੰ ਧਮਕੀ ਦਿੰਦੀ ਹੈ ਕਿ ਜੇਕਰ ਉਸਨੇ ਮਾਂ ਦਾ ਖਿਆਲ ਨਾਂ ਰੱਖਿਆ ਤਾਂ ਉਹ ਮਾਂ ਨੂੰ ਆਪਣੇ ਕੋਲ ਰੱਖ ਲਵੇਗੀ । ਇਸ ਤਰ੍ਹਾਂ ਉਹ ਇੱਕ ਨਿਰਦਈ ਨੂੰਹ ਅਤੇ ਪਿਆਰ ਭਰੀ ਧੀ ਦੇ ਰੂਪ ਵਿੱਚ ਦਿਖਾਈ ਗਈ ਹੈ ।
4. ਕਰਨਬੀਰ-ਕਰਨਬੀਰ ਇਸ ਨਾਟਕ ਦਾ ਇੱਕ ਅਜਿਹਾ ਪਾਤਰ ਹੈ ਜਿਹੜਾ ਆਪਣੀ ਪਤਨੀ ਦੇ ਕਹਿਣ ਉੱਤੇ ਆਪਣੀ ਮਾਂ ਨੂੰ ਬਿਰਧ ਆਸ਼ਰਮ ਛੱਡ ਆਉਂਦਾ ਹੈ । ਉਹ ਆਪਣੇ ਬੱਚੇ ਦੀ ਵੀ ਨਹੀਂ ਸੁਣਦਾ ਅਤੇ ਉਸ ਵਿੱਚ ਆਪਣੀ ਮਾਂ ਪ੍ਰਤੀ ਕੋਈ ਪਿਆਰ ਨਹੀਂ ਵਿਖਾਇਆ ਗਿਆ ਹੈ । ਅੰਤ ਵਿੱਚ ਜਦੋਂ ਉਸ ਨੂੰ ਪਤਾ ਚਲਦਾ ਹੈ ਕਿ ਉਸਦੇ ਪਿਤਾ ਨੇ ਉਸਨੂੰ ਉਸੇ ਆਸ਼ਰਮ ਵਿੱਚੋਂ ਗੋਦ ਲਿਆ ਸੀ ਜਿੱਥੇ ਉਸਨੇ ਆਪਣੀ ਮਾਂ ਨੂੰ ਛੱਡਿਆ ਹੋਇਆ ਹੈ ਤਾਂ ਉਸਨੂੰ ਪਛਤਾਵਾ ਹੁੰਦਾ ਹੈ ਅਤੇ ਉਹ ਆਪਣੀ ਮਾਂ ਨੂੰ ਘਰ ਲੈ ਆਉਂਦਾ ਹੈ ।
ਅਭਿਆਸ-II
ਸਥਿਤੀ 1 : ਤੁਸੀਂ ਸੜਕ ‘ਤੇ ਜਾ ਰਹੇ ਹੋ । ਤੁਹਾਡੇ ਸਾਹਮਣੇ ਇੱਕ ਮੁੰਡੇ ਨੇ ਕੇਲਾ ਖਾ ਕੇ ਸੜਕ ‘ਤੇ ਸੁੱਟ ਦਿੱਤਾ । ਤੁਸੀਂ ਕੀ ਕਰੋਗੇ, ਜੋ ਸਹੀ ਵਤੀਰਾ ਹੋਵੇ ।
(ੳ) ਉਸ ਲੜਕੇ ਨੂੰ ਉਸਦੀ ਗ਼ਲਤੀ ਬਾਰੇ ਸਮਝਾਵਾਂਗੇ ।
(ਅ) ਕਿਸੇ ਹੋਰ ਨੂੰ ਬੁਲਾ ਕੇ ਛਿਲਕਾ ਚੁੱਕਾ ਦੇਵਾਂਗੇ ।
(ੲ) ਆਪ ਹੀ ਛਿਲਕਾ ਚੁੱਕ ਕੇ ਕੂੜੇਦਾਨ ਵਿੱਚ ਪਾਵਾਂਗੇ ।
(ਸ) ਪੁਲਿਸ ਨੂੰ ਉਸ ਲੜਕੇ ਦੀ ਸ਼ਿਕਾਇਤ ਕਰਾਂਗੇ ।
ਉੱਤਰ—(ੳ) ਉਸ ਲੜਕੇ ਨੂੰ ਉਸਦੀ ਗ਼ਲਤੀ ਬਾਰੇ ਸਮਝਾਵਾਂਗੇ ।
ਸਥਿਤੀ 2 : ਤੁਹਾਡੇ ਸਾਥੀਆਂ ਨੇ ਤੁਹਾਡੇ ਜਨਮ-ਦਿਨ ‘ਤੇ ਤੁਹਾਨੂੰ ਚਾਕਾਂ ਦਾ ਖਾਲੀ ਡੱਬਾ ਦਿੱਤਾ ਹੈ । ਤੁਸੀਂ ਕੀ ਪ੍ਰਤੀਕ੍ਰਿਆ ਕਰੋਗੇ ?
(ੳ) ਉਹਨਾਂ ਨਾਲ ਬੋਲਣਾ ਬੰਦ ਕਰ ਦੇਵੋਗੇ ।
(ਅ) ਉਹਨਾਂ ਵਲ ਵੇਖ ਕੇ ਹੱਸ/ਮੁਸਕਰਾ ਛੱਡੋਗੇ ।
(ੲ) ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦੇਵੋਗੇ ।
(ਸ) ਉਹਨਾਂ ਵੱਲ ਗੁੱਸੇ ਨਾਲ ਵੇਖੋਗੇ ।
ਉੱਤਰ—(ਅ) ਉਹਨਾਂ ਵਲ ਵੇਖ ਕੇ ਹੱਸ/ਮੁਸਕਰਾ ਛੱਡੋਗੇ ।
ਹੋਰ ਮਹੱਤਵਪੂਰਨ ਪ੍ਰਸ਼ਨ
(I) ਵਸਤੂਨਿਸ਼ਠ ਪ੍ਰਸ਼ਨ
(ੳ) ਬਹੁਵਿਕਲਪੀ ਪ੍ਰਸ਼ਨ–
1. ਰਿਤੰਬਰ ਦੀ ਉਮਰ ਕਿੰਨੀ ਹੈ ?
(a) 7-8 ਸਾਲ
(b) 8-9 ਸਾਲ
(c) 9-10 ਸਾਲ
(d) 11-12 ਸਾਲ ।
ਉੱਤਰ—(a) 7-8 ਸਾਲ ।
2. ਕਿਸ ਨੇ ਕਰਨਬੀਰ ਨੂੰ ਦੱਸਿਆ ਕਿ ਉਸ ਨੂੰ ਗੋਦ ਲਿਆ ਗਿਆ ਸੀ ?
(a) ਮਾਂ ਨੇ
(b) ਸਿਮਰਨ ਨੇ
(c) ਮੈਨੇਜਰ ਨੇ
(d) ਰਿਤੰਬਰ ਨੇ ।
ਉੱਤਰ—(c) ਮੈਨੇਜਰ ਨੇ ।
3. ਦਾਦੀ ਨੂੰ ਉਸਦੇ ਪੁੱਤਰ ਕਰਨਬੀਰ ਨੇ ਕਿੱਥੇ ਭੇਜ ਦਿੱਤਾ ?
(a) ਸਿਮਰਨ ਦੇ ਘਰ
(b) ਬਿਰਧ ਆਸ਼ਰਮ
(c) ਤੀਰਥ ਅਸਥਾਨ
(d) ਘੁੰਮਣ ਫਿਰਨ ।
ਉੱਤਰ—(b) ਬਿਰਧ ਆਸ਼ਰਮ ।
4. ……………. ਦੀਆਂ ਸਮਾਜਿਕ ਸੀਮਾਵਾਂ ਹੁੰਦੀਆਂ ਹਨ ।
(a) ਦੇਸ਼
(b) ਰਿਸ਼ਤਿਆਂ
(c) ਰਾਜ
(d) ਉਪਰੋਕਤ ਸਾਰੇ ।
ਉੱਤਰ—(b) ਰਿਸ਼ਤਿਆਂ ।
5. ਰਿਸ਼ਤੇ ਕਿਉਂ ਬਣਾ ਕੇ ਰੱਖਣੇ ਚਾਹੀਦੇ ਹਨ ?
(a) ਰਿਸ਼ਤੇ ਤੋੜਨ ਲਈ
(b) ਰਿਸ਼ਤੇ ਬਣਾਉਣ ਲਈ
(c) ਰਿਸ਼ਤੇ ਬਚਾ ਕੇ ਰੱਖਣ ਲਈ
(d) ਕੋਈ ਨਹੀਂ ।
ਉੱਤਰ—(c) ਰਿਸ਼ਤੇ ਬਚਾ ਕੇ ਰੱਖਣ ਲਈ ।
6. ਜਦੋਂ ਕਿਸੇ ਤੋਂ ਵਿਦਾ ਲਵੋ ਤਾਂ –
(a) ਬੀਤੇ ਸਮੇਂ ਨੂੰ ਯਾਦ ਕਰਕੇ ਉਸਦਾ ਧੰਨਵਾਦ ਕਰੋ
(b) ਮਿੱਠੀ ਯਾਦ ਸਾਂਝੀ ਕਰੋ
(c) ਫੋਨ ਨੰਬਰ ਸਾਂਝੇ ਕਰਕੇ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
7. ਜਿਸ ਕਹਾਣੀ ਨੂੰ ਅੰਤ ਤੱਕ ਨਹੀਂ ਲਿਆ ਸਕਦੇ –
(a) ਉਸਨੂੰ ਸੋਹਣਾ ਮੋੜ ਦੇ ਕੇ ਛੱਡ ਦੇਣਾ ਚਾਹੀਦਾ ਹੈ
(b) ਉਸ ਨੂੰ ਘਸੀਟਣਾ ਚਾਹੀਦਾ ਹੈ
(c) ਉਸਨੂੰ ਵਧਾਉਣਾ ਚਾਹੀਦਾ ਹੈ
(d) ਉਸ ਨੂੰ ਜਬਰਦਸਤੀ ਅੱਗੇ ਵਧਾਉਣਾ ਚਾਹੀਦਾ ਹੈ ।
ਉੱਤਰ—(a) ਉਸਨੂੰ ਸੋਹਣਾ ਮੋੜ ਦੇ ਕੇ ਛੱਡ ਦੇਣਾ ਚਾਹੀਦਾ ਹੈ ।
8. ਚੰਗੇ ਵਿਵਹਾਰ ਦਾ ਕੀ ਲੱਛਣ ਹੈ ?
(a) ਖ਼ੁਸ਼ ਰਹਿਣਾ
(b) ਆਸ਼ਾਵਾਦੀ ਰਹਿਣਾ
(c) ਮਿੱਠਾ ਬੋਲਣਾ
(d) ਉੱਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
9. ਪਾਠ ਵਿੱਚ ਦਿੱਤੇ ਪਾਤਰਾਂ ਵਿੱਚ ਸਭ ਤੋਂ ਚਲਾਕ ਕੌਣ ਹੈ ?
(a) ਦਾਦੀ
(b) ਰਿਤੰਬਰ
(C) ਸਿਮਰਨ
(d) ਮੈਨੇਜਰ ।
ਉੱਤਰ—(c) ਸਿਮਰਨ ।
(ਅ) ਖਾਲੀ ਥਾਂਵਾਂ ਭਰੋ –
1. ……………… ਨਾਲ ਸਮਾਂ ਬਿਤਾਉਣਾ ਹੀ ਉਹਨਾਂ ਦੀ ਅਸਲੀ ਪੂਜਾ ਹੈ l
2. ਸਿਮਰਨ ਨੇ ਆਪਣੇ ………….. ਨੂੰ ਮਾਂ ਦੀ ਦੇਖਭਾਲ ਕਰਨ ਲਈ ਕਿਹਾ ।
3. ਕਰਨਬੀਰ ਆਪਣੀ ਮਾਂ ਨੂੰ ……………… ਵਿੱਚ ਛੱਡ ਆਇਆ ।
4. ……………….. ਮਹੀਨੇ ਬਾਅਦ ਕਰਨਬੀਰ ਆਪਣੀ ਮਾਂ ਨੂੰ ਮਿਲਣ ਗਿਆ ।
5. ………………. ਨੇ ਕਰਨਬੀਰ ਨੂੰ ਦੱਸਿਆ ਕਿ ਉਸਦਾ ਪਿਤਾ ਉਸਨੂੰ ਆਸ਼ਰਮ ਤੋਂ ਗੋਦ ਲੈ ਕੇ ਗਿਆ ਸੀ ।
6. ਹਰੇਕ …………….. ਦੀ ਇੱਕ ਸੀਮਾ ਹੁੰਦੀ ਹੈ ।
7. …………….. ਸਾਡੀ ਸ਼ਖ਼ਸੀਅਤ ਨੂੰ ਚਾਰ ਚੰਨ ਲਗਾ ਦਿੰਦਾ ਹੈ ।
ਉੱਤਰ-1. ਬਜ਼ੁਰਗਾਂ, 2. ਭਰਾ, 3. ਬਿਰਧ ਆਸ਼ਰਮ, 4. ਛੇ, 5. ਮੈਨੇਜਰ, 6. ਰਿਸ਼ਤੇ, 7. ਚੰਗਾ ਵਿਹਾਰ ।
(ੲ) ਸਹੀ/ਗ਼ਲਤ ਚੁਣੋ –
1. ਕਰਨਬੀਰ ਰਿਤੰਬਰ ਦਾ ਪਿਤਾ ਸੀ ।
2. ਕੌੜੀਆਂ ਯਾਦਾਂ ਨੂੰ ਭੁੱਲ ਜਾਣਾ ਚਾਹੀਦਾ ਹੈ ।
3. ਕਿਸੇ ਰਿਸ਼ਤੇ ਨੂੰ ਸੋਹਣੇ ਮੋੜ ਉੱਤੇ ਹੀ ਛੱਡਣਾ ਚਾਹੀਦਾ ਹੈ ।
4. ਵਿਅਕਤੀ ਆਪਣੇ ਬਣਾਏ ਸਾਰੇ ਰਿਸ਼ਤੇ ਜੀਵਨ ਭਰ ਨਿਭਾਉਂਦਾ ਹੈ ।
5. ਚੰਗਾ ਵਿਵਹਾਰ ਸਾਡੀ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦਿੰਦਾ ਹੈ ।
6. ਸਾਨੂੰ ਸਮਾਜਿਕ ਮਨਾਹੀਆਂ ਪਰਖਣਾ ਨਹੀਂ ਚਾਹੀਦਾ ।
ਉੱਤਰ-1. ਸਹੀ, 2. ਸਹੀ, 3. ਸਹੀ, 4. ਗ਼ਲਤ, 5. ਸਹੀ, 6. ਗ਼ਲਤ ।
(II) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਬਜ਼ੁਰਗਾਂ ਦੀ ਅਸਲੀ ਪੂਜਾ ਕਿਵੇਂ ਹੁੰਦੀ ਹੈ ?
ਉੱਤਰ-ਬਜ਼ੁਰਗਾਂ ਨਾਲ ਸਮਾਂ ਬਿਤਾਉਣਾ ਅਤੇ ਉਹਨਾਂ ਦੀ ਸੇਵਾ ਕਰਨਾ ਹੀ ਬਜ਼ੁਰਗਾਂ ਦੀ ਅਸਲੀ ਪੂਜਾ ਹੁੰਦੀ ਹੈ ।
ਪ੍ਰਸ਼ਨ 2. ਮਨਹੂਸ ਕੀ ਹੁੰਦਾ ਹੈ ?
ਉੱਤਰ-ਦਾਦੀ ਅਨੁਸਾਰ, ”ਜਿਹੜਾ ਮਾੜਾ ਹੋਵੇ, ਜੋ ਦੂਜੇ ਦਾ ਵੱਧ ਬੁਰਾ ਸੋਚੇ ਅਤੇ ਜਿਸਦੇ ਘਰ ਕਲੇਸ਼ ਰਹਿੰਦਾ ਹੋਵੇ, ਉਹ ਮਨਹੂਸ ਹੁੰਦਾ ਹੈ ।
ਪ੍ਰਸ਼ਨ 3, ਸਿਮਰਨ ਰਿਤੰਬਰ ਨੂੰ ਦਾਦੀ ਕੋਲ ਜਾਣ ਤੋਂ ਕਿਉਂ ਰੋਕਦੀ ਸੀ ?
ਉੱਤਰ-ਕਿਉਂਕਿ ਸਿਮਰਨ ਨੂੰ ਲਗਦਾ ਸੀ ਕਿ ਦਾਦੀ ਨੂੰ ਖਾਂਸੀ ਹੈ, ਕਿਤੇ ਉਸਨੂੰ ਟੀ.ਵੀ. ਨਾ ਹੋਵੇ ਅਤੇ ਉਹ ਕਿਤੇ ਰਿਤੰਬਰ ਨੂੰ ਬਿਮਾਰੀ ਨਾ ਲਾ ਦੇਵੇ ।
ਪ੍ਰਸ਼ਨ 4. ਕਿਸ ਨੇ ਕਰਨਬੀਰ ਨੂੰ ਕਿਹਾ ਕਿ ਉਹ ਆਪਣੀ ਮਾਂ ਨੂੰ ਬਿਰਧ ਆਸ਼ਰਮ ਛੱਡ ਆਵੇ ?
ਉੱਤਰ-ਕਰਨਬੀਰ ਦੀ ਮਾਂ ਨੇ ਉਸਨੂੰ ਆਪ ਹੀ ਕਿਹਾ ਕਿ ਉਹ ਉਸਨੂੰ ਬਿਰਧ ਆਸ਼ਰਮ ਛੱਡ ਆਵੇ ।
ਪ੍ਰਸ਼ਨ 5. ਸਿਮਰਨ ਨੇ ਕਿਸ ਨੂੰ ਅਤੇ ਕੀ ਖ਼ੁਸ਼ਖਬਰੀ ਦਿੱਤੀ ?
ਉੱਤਰ-ਸਿਮਰਨ ਨੇ ਆਪਣੇ ਭਰਾ ਨੂੰ ਖ਼ੁਸ਼ਖਬਰੀ ਦਿੱਤੀ ਕਿ ਕਰਨਬੀਰ ਆਪਣੀ ਮਾਂ ਨੂੰ ਬਿਰਧ ਆਸ਼ਰਮ ਛੱਡ ਆਇਆ ਹੈ।
ਪ੍ਰਸ਼ਨ 6. ਸਿਮਰਨ ਨੇ ਆਪਣੇ ਭਰਾ ਨੂੰ ਕੀ ਧਮਕੀ ਦਿੱਤੀ ?
ਉੱਤਰ-ਸਿਮਰਨ ਨੇ ਆਪਣੇ ਭਰਾ ਨੂੰ ਉਹਨਾਂ ਦੀ ਮਾਂ ਦਾ ਖਿਆਲ ਰੱਖਣ ਲਈ ਕਿਹਾ, ਨਹੀਂ ਤਾਂ ਉਹ ਮਾਂ ਨੂੰ ਆਪਣੇ ਘਰ ਲੈ ਜਾਵੇਗੀ ।
ਪ੍ਰਸ਼ਨ 7. ਰਿਤੰਬਰ ਨੇ ਆਪਣੇ ਪਿਤਾ ਨੂੰ ਕੀ ਕਿਹਾ ?
ਉੱਤਰ—ਰਿਤੰਬਰ ਨੇ ਆਪਣੇ ਪਿਤਾ ਨੂੰ ਕਿਹਾ ਕਿ ਜਿਵੇਂ ਉਹ ਉਸਦੀ ਦਾਦੀ ਨੂੰ ਬਿਰਧ ਆਸ਼ਰਮ ਛੱਡ ਆਏ ਹਨ, ਉਸੇ ਤਰ੍ਹਾਂ ਉਹ ਵੀ ਇੱਕ ਦਿਨ ਆਪਣੇ ਪਿਤਾ ਨੂੰ ਉੱਥੇ ਛੱਡ ਆਵੇਗਾ ।
ਪ੍ਰਸ਼ਨ 8. ਦਾਦੀ ਨੇ ਆਪਣੇ ਪੁੱਤਰ ਨੂੰ ਬਿਰਧ ਆਸ਼ਰਮ ਕਿਉਂ ਸੱਦਿਆ ?
ਉੱਤਰ-ਕਿਉਂਕਿ ਉਹ ਚਾਹੁੰਦੀ ਸੀ ਕਿ ਕਰਨਬੀਰ ਬਿਰਧ ਆਸ਼ਰਮ ਵਿੱਚ ਦੋ ਪੱਖੇ ਅਤੇ ਇੱਕ ਫਰਿੱਜ ਦਾਨ ਦੇ ਦੇਵੇ ।
ਪ੍ਰਸ਼ਨ 9. ਮੈਨੇਜਰ ਨੇ ਕਿਸਨੂੰ ਪਛਾਣ ਲਿਆ ?
ਉੱਤਰ-ਮੈਨੇਜਰ ਨੇ ਕਰਨਬੀਰ ਨੂੰ ਪਛਾਣ ਲਿਆ ਸੀ ।
ਪ੍ਰਸ਼ਨ 10. ਮੈਨੇਜਰ ਨੇ ਕਰਨਬੀਰ ਨੂੰ ਕਿਸ ਰਾਜ ਦੀ ਗੱਲ ਦੱਸੀ ?
ਉੱਤਰ-ਮੈਨੇਜਰ ਨੇ ਕਰਨਬੀਰ ਨੂੰ ਦੱਸਿਆ ਕਿ 35 ਸਾਲ ਪਹਿਲਾਂ ਕਰਨਬੀਰ ਦਾ ਪਿਤਾ ਉਸ ਨੂੰ ਆਸ਼ਰਮ ਤੋਂ ਗੋਦ ਲੈ ਕੇ ਗਿਆ ਸੀ ।
ਪ੍ਰਸ਼ਨ 11. ਕਰਨਬੀਰ ਨੂੰ ਆਪਣੀ ਭੁੱਲ ਦਾ ਅਹਿਸਾਸ ਕਦੋਂ ਹੋਇਆ ?
ਉੱਤਰ—ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਆਪ ਗੋਦ ਲਿਆ ਹੋਇਆ ਹੈ ਤਾਂ ਉਸਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ।
ਪ੍ਰਸ਼ਨ 12. ਭੁੱਲ ਦਾ ਅਹਿਸਾਸ ਹੋਣ ਉੱਤੇ ਕਰਨਬੀਰ ਨੇ ਕੀ ਕੀਤਾ ?
ਉੱਤਰ-ਭੁੱਲ ਦਾ ਅਹਿਸਾਸ ਹੋਣ ਉੱਤੇ ਕਰਨਬੀਰ ਆਪਣੀ ਮਾਂ ਨੂੰ ਘਰ ਲੈ ਗਿਆ ।
ਪ੍ਰਸ਼ਨ 13. ਸਾਨੂੰ ਕਿਹੜੀ ਸੀਮਾ ਤੋਂ ਬਾਹਰ ਨਹੀਂ ਜਾਣਾ ਚਾਹੀਦਾ ?
ਉੱਤਰ-ਸਾਨੂੰ ਰਿਸ਼ਤਿਆਂ ਦੀ ਸੀਮਾ ਤੋਂ ਬਾਹਰ ਨਹੀਂ ਜਾਣਾ ਚਾਹੀਦਾ ।
ਪ੍ਰਸ਼ਨ 14. ਸਾਨੂੰ ਸਮਾਜ ਵਿੱਚ ਕੀ ਪਰਖ ਲੈਣਾ ਚਾਹੀਦਾ ਹੈ ?
ਉੱਤਰ-ਸਾਨੂੰ ਸਮਾਜ ਵਲੋਂ ਲਾਈਆਂ ਕੁੱਝ ਰੋਕਾਂ ਅਤੇ ਮਨਾਹੀਆਂ ਨੂੰ ਪਰਖਣਾ ਚਾਹੀਦਾ ਹੈ ।
ਪ੍ਰਸ਼ਨ 15. ਸਾਨੂੰ ਕਿਸ ਚੀਜ਼ ਦੀ ਮਰਿਆਦਾ ਨੂੰ ਸਮਝਣਾ ਚਾਹੀਦਾ ਹੈ ?
ਉੱਤਰ-ਸਾਨੂੰ ਰਿਸ਼ਤਿਆਂ ਦੀ ਮਰਿਆਦਾ ਨੂੰ ਸਮਝਣਾ ਚਾਹੀਦਾ ਹੈ ।
ਪ੍ਰਸ਼ਨ 16. ਰਿਸ਼ਤੇ ਨਿਭਾਉਂਦੇ ਸਮੇਂ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ?
ਉੱਤਰ-ਰਿਸ਼ਤੇ ਨਿਭਾਉਂਦੇ ਸਮੇਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵੱਲ ਐਨਾਂ ਵੀ ਨਾਂ ਅੱਗੇ ਵੱਧ ਜਾਈਏ ਕਿ ਕਿਸੇ ਹੋਰ ਰਿਸ਼ਤੇ ਵਲ ਦਾ ਰਾਹ ਹੀ ਬੰਦ ਹੋ ਜਾਵੇ ।
ਪ੍ਰਸ਼ਨ 17. ਕੀ ਸਾਰੇ ਰਿਸ਼ਤੇ ਸਾਰੀ ਉਮਰ ਨਿਭ ਜਾਂਦੇ ਹਨ ?
ਉੱਤਰ-ਜੀ ਨਹੀਂ, ਕੁਝ ਰਿਸ਼ਤੇ ਰਸਤੇ ਵਿੱਚ ਹੀ ਟੁੱਟ ਜਾਂਦੇ ਹਨ ।
ਪ੍ਰਸ਼ਨ 18. ਕਿਸੇ ਤੋਂ ਕਿਸ ਤਰ੍ਹਾਂ ਵਿਛੜਨਾ ਚਾਹੀਦਾ ਹੈ ?
ਉੱਤਰ-ਸਾਨੂੰ ਸਲੀਕੇ ਨਾਲ ਕਿਸੇ ਤੋਂ ਵਿਛੜਨਾ ਚਾਹੀਦਾ ਹੈ ।
ਪ੍ਰਸ਼ਨ 19. ਚੰਗੇ ਵਿਵਹਾਰ ਦੇ ਕੀ ਲੱਛਣ ਹਨ ?
ਉੱਤਰ-ਖ਼ੁਸ਼ ਰਹਿਣਾ, ਆਸ਼ਾਵਾਦੀ ਰਹਿਣਾ, ਮਿਹਨਤ ਕਰਨਾ, ਮਿੱਠਾ ਬੋਲਣਾ ਆਦਿ ਚੰਗੇ ਵਿਵਹਾਰ ਦੇ ਲੱਛਣ ਹਨ ।
(III) ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਨਾਟਕ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ?
ਉੱਤਰ-ਨਾਟਕ ਦੀ ਸ਼ੁਰੂਆਤ ਘਰ ਦੇ ਡਰਾਇੰਗ ਰੂਮ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਦਾਦੀ ਅਤੇ ਪੋਤਾ ਰਿਤੰਬਰ ਬੈਠੇ ਖੇਡ ਵੀ ਰਹੇ ਹਨ ਅਤੇ ਗੱਲਾਂ ਵੀ ਕਰ ਰਹੇ ਹਨ ।ਪੋਤਾ ਦਾਦੀ ਨੂੰ ਆਪਣੇ ਨਾਲ ਖੇਡਣ ਨੂੰ ਕਹਿੰਦਾ ਹੈ ਪਰ ਦਾਦੀ ਮਨ੍ਹਾ ਕਰ ਦਿੰਦੀ ਹੈ ਕਿਉਂਕਿ ਉਹ ਥੱਕ ਚੁੱਕੀ ਹੈ । ਫਿਰ ਪੋਤਾ ਦਾਦੀ ਨੂੰ ਪੁੱਛਦਾ ਹੈ ਕਿ ਮਨਹੂਸ ਕੀ ਹੁੰਦਾ ਹੈ । ਪਹਿਲਾਂ ਤਾਂ ਦਾਦੀ ਉਸ ਨੂੰ ਛੋਟਾ ਕਹਿ ਕੇ ਟਾਲ ਦਿੰਦੀ ਹੈ, ਪਰ ਅੰਤ ਵਿੱਚ ਉਸਨੂੰ ਦੱਸਦੀ ਹੈ ਕਿ ਉਹ ਵਿਅਕਤੀ ਮਨਹੂਸ ਹੁੰਦਾ ਹੈ ਜਿਹੜਾ ਆਪ ਮਾੜਾ ਹੋਵੇ ਅਤੇ ਦੂਜਿਆਂ ਦਾ ਵੀ ਮਾੜਾ ਚਾਹੁੰਦਾ ਹੋਵੇ, ਜਿਸ ਦੇ ਘਰ ਹਮੇਸ਼ਾਂ ਕਲੇਸ਼ ਰਹਿੰਦਾ ਹੋਵੇ ਆਦਿ ।
ਪ੍ਰਸ਼ਨ 2. ਸਿਮਰਨ ਕਿਉਂ ਨਹੀਂ ਚਾਹੁੰਦੀ ਸੀ ਕਿ ਉਸਦਾ ਪੁੱਤਰ ਰਿਤੰਬਰ ਆਪਣੀ ਦਾਦੀ ਨਾਲ ਖੇਡੇ ?
ਉੱਤਰ-ਸਿਮਰਨ ਆਪਣੀ ਸੱਸ ਨੂੰ ਪਸੰਦ ਨਹੀਂ ਕਰਦੀ ਸੀ । ਜਦੋਂ ਸੱਸ ਨੂੰ ਖਾਂਸੀ ਹੁੰਦੀ ਹੈ ਤਾਂ ਉਹ ਸੋਚਦੀ ਹੈ ਕਿ ਸ਼ਾਇਦ ਉਸ ਨੂੰ ਟੀ.ਬੀ. ਹੋ ਗਈ ਹੈ ਅਤੇ ਜੇਕਰ ਉਸ ਦਾ ਪੁੱਤਰ ਰਿਤੰਬਰ ਦਾਦੀ ਨਾਲ ਖੇਡੇਗਾ ਤਾਂ ਉਸਨੂੰ ਵੀ ਦਾਦੀ ਤੋਂ ਟੀ.ਬੀ. ਹੋ ਜਾਵੇਗੀ । ਇਸ ਦੇ ਨਾਲ-ਨਾਲ ਉਹ ਕਹਿੰਦੀ ਹੈ ਕਿ ਉਸਦੀ ਸੱਸ ਘਰ ਦਾ ਕੋਈ ਕੰਮ ਨਹੀਂ ਕਰਦੀ ਬਲਕਿ ਵਿਹਲੀ ਬੈਠੀ ਖਾਂਸੀ ਕਰੀ ਜਾਂਦੀ ਹੈ । ਇਸ ਲਈ ਉਹ ਚਾਹੁੰਦੀ ਸੀ ਕਿ ਉਸਦਾ ਪੁੱਤਰ ਰਿਤੰਬਰ ਆਪਣੀ ਦਾਦੀ ਨਾਲ ਨਾ ਖੇਡੇ ।
ਪ੍ਰਸ਼ਨ 3. ਦਾਦੀ ਆਪਣੇ ਮੁੰਡੇ ਅਤੇ ਨੂੰਹ ਵਿੱਚ ਲੜਾਈ ਹੁੰਦੇ ਵੇਖ ਕੇ ਕੀ ਕਹਿੰਦੀ ਹੈ ?
ਉੱਤਰ-ਜਦੋਂ ਕਰਨਬੀਰ ਘਰ ਆਉਂਦਾ ਹੈ ਤਾਂ ਸਿਮਰਨ ਉਸਨੂੰ ਉਸ ਦੀ ਮਾਂ ਬਾਰੇ ਕਾਫ਼ੀ ਬੁਰਾ ਭਲਾ ਕਹਿੰਦੀ ਹੈ । ਉਹ ਇਹ ਵੀ ਕਹਿੰਦੀ ਹੈ ਕਿ ਬੁੱਢੀ ਨੂੰ ਪਤਾ ਨਹੀਂ ਕਿਹੜੀ ਬਿਮਾਰੀ ਲੱਗ ਗਈ ਹੈ ਅਤੇ ਸਾਰਾ ਦਿਨ ਖੰਘਦੀ ਰਹਿੰਦੀ ਹੈ । ਜਦੋਂ ਦਾਦੀ ਉਹਨਾਂ ਦੇ ਵਿਚਕਾਰ ਦੀ ਤੂ-ਤੂ ਮੈਂ-ਮੈਂ ਸੁਣਦੀ ਹੈ ਤਾਂ ਉਹ ਆਪ ਹੀ ਕਰਨਬੀਰ ਅਰਥਾਤ ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਉਹਨਾਂ ਨੂੰ ਉਸ ਕਰਕੇ ਲੜਨ ਦੀ ਲੋੜ ਨਹੀਂ । ਚੰਗਾ ਹੋਵੇਗਾ ਕਿ ਕਰਨਬੀਰ ਉਸ ਨੂੰ ਕਿਸੇ ਬਿਰਧ ਆਸ਼ਰਮ ਵਿੱਚ ਛੱਡ ਆਵੇ । ਉੱਥੇ ਉਹ ਆਪਣੇ ਜੀਵਨ ਦੇ ਬਚੇ ਹੋਏ ਦੋ-ਚਾਰ ਦਿਨ ਕੱਟ ਲਊ । ਇਸ ਉੱਤੇ ਕਰਨਬੀਰ ਆਪਣੀ ਮਾਂ ਨੂੰ ਬਿਰਧ ਆਸ਼ਰਮ ਛੱਡ ਆਉਂਦਾ ਹੈ ।
ਪ੍ਰਸ਼ਨ 4. ਦਾਦੀ ਛੇ ਮਹੀਨੇ ਬਾਅਦ ਕਰਨਬੀਰ ਨੂੰ ਬਿਰਧ ਆਸ਼ਰਮ ਕਿਉਂ ਸੱਦਦੀ ਹੈ ?
ਉੱਤਰ-ਦਾਦੀ ਛੇ ਮਹੀਨੇ ਬਿਰਧ ਆਸ਼ਰਮ ਵਿੱਚ ਕਾਫ਼ੀ ਔਖੇ ਕੱਟਦੀ ਹੈ ਪਰ ਛੇ ਮਹੀਨੇ ਬਾਅਦ ਉਹ ਆਪਣੇ ਪੁੱਤਰ ਨੂੰ ਬਿਰਧ ਆਸ਼ਰਮ ਸੱਦਦੀ ਹੈ । ਸਿਮਰਨ ਅਤੇ ਕਰਨਬੀਰ ਨੂੰ ਲਗਦਾ ਹੈ ਕਿ ਮਾਂ ਮਰਨ ਕਿਨਾਰੇ ਹੈ ਅਤੇ ਇਸ ਲਈ ਉਸਨੇ ਉਹਨਾਂ ਨੂੰ ਸੱਦਿਆ ਹੈ । ਜਦੋਂ ਉਹ ਉੱਥੇ ਜਾਂਦੇ ਹਨ ਤਾਂ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਉਹ ਬਿਰਧ ਆਸ਼ਰਮ ਵਿੱਚ ਦੋ ਪੱਖੇ ਲਗਵਾ ਦੇਵੇ ਕਿਉਂਕਿ ਉੱਥੇ ਗਰਮੀ ਬਹੁਤ ਹੈ । ਇਸ ਦੇ ਨਾਲ ਹੀ ਉਹ ਉਸਨੂੰ ਆਸ਼ਰਮ ਵਿੱਚ ਇੱਕ ਫਰਿੱਜ ਦਾਨ ਕਰਨ ਲਈ ਵੀ ਕਹਿੰਦੀ ਹੈ ਕਿਉਂਕਿ ਪਾਣੀ ਕਾਫੀ ਗਰਮ ਹੁੰਦਾ ਹੈ । ਉਹ ਕਰਨਬੀਰ ਨੂੰ ਕਹਿੰਦੀ ਹੈ ਕਿ ਜਦੋਂ ਉਸਦਾ ਪੁੱਤਰ ਰਿਤੰਬਰ ਉਸ ਨੂੰ ਬਿਰਧ ਆਸ਼ਰਮ ਵਿੱਚ ਛੱਡ ਕੇ ਜਾਵੇਗਾ ਤਾਂ ਉਸ ਦਾ ਆਖਰੀ ਸਮਾਂ ਅਰਾਮ ਨਾਲ ਕੱਟ ਜਾਵੇਗਾ ।
ਪ੍ਰਸ਼ਨ 5. ਕਰਨਬੀਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਕਦੋਂ ਹੁੰਦਾ ਹੈ ?
ਉੱਤਰ—ਜਦੋਂ ਕਰਨਬੀਰ ਆਪਣੀ ਮਾਂ ਦੇ ਸੱਦਣ ਉੱਤੇ ਬਿਰਧ ਆਸ਼ਰਮ ਜਾਂਦਾ ਹੈ ਤਾਂ ਉਸਦੀ ਮਾਂ ਉਸਨੂੰ ਦੋ ਪੱਖੇ ਅਤੇ ਫਰਿੱਜ ਆਸ਼ਰਮ ਨੂੰ ਦਾਨ ਕਰਨ ਲਈ ਕਹਿੰਦੀ ਹੈ । ਇਸ ਸਮੇਂ ਜਦੋਂ ਕਰਨਬੀਰ ਆਪਣੀ ਮਾਂ ਨਾਲ ਗੱਲ ਕਰ ਰਿਹਾ ਹੁੰਦਾ ਹੈ, ਉਸ ਸਮੇਂ ਆਸ਼ਰਮ ਦਾ ਮੈਨੇਜਰ ਉੱਥੇ ਆ ਕੇ ਕਰਨਬੀਰ ਨੂੰ ਪਛਾਣ ਲੈਂਦਾ ਹੈ ਅਤੇ ਉਸ ਨੂੰ ਦੱਸਦਾ ਹੈ ਕਿ ਉਸਨੂੰ ਬਜ਼ੁਰਗ ਮਾਤਾ ਦਾ ਪਤੀ ਹਰਦੇਵ ਸਿੰਘ ਬਰਾੜ ਆਸ਼ਰਮ ਵਿੱਚੋਂ ਹੀ ਗੋਦ ਲੈ ਕੇ ਗਿਆ ਸੀ । ਇਹ ਸੁਣ ਕੇ ਕਰਨਬੀਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਮਾਤਾ ਨੂੰ ਘਰ ਵਾਪਸ ਲੈ ਜਾਂਦਾ ਹੈ ।
ਪ੍ਰਸ਼ਨ 6. ਰਿਸ਼ਤੇ ਛੱਡਣ ਦਾ ਕੀ ਸਲੀਕਾ ਹੁੰਦਾ ਹੈ ?
ਉੱਤਰ-ਵਿਅਕਤੀ ਜੀਵਨ ਵਿੱਚ ਬਹੁਤ ਸਾਰੇ ਰਿਸ਼ਤੇ ਬਣਾਉਂਦਾ ਹੈ । ਇਹਨਾਂ ਵਿੱਚੋਂ ਕਈ ਰਿਸ਼ਤੇ ਸਾਰਾ ਜੀਵਨ ਚਲਦੇ ਰਹਿੰਦੇ ਹਨ ਪਰ ਕਈ ਰਿਸ਼ਤੇ ਰਸਤੇ ਵਿੱਚ ਹੀ ਟੁੱਟ ਜਾਂਦੇ ਹਨ ਅਤੇ ਦਿਲ ਦੇ ਕਿਸੇ ਕੋਨੇ ਵਿੱਚ ਪਏ ਸੁਲਗਦੇ ਰਹਿੰਦੇ ਹਨ । ਕਈ ਵਾਰੀ ਅਸੀਂ ਕਿਸੇ ਰਿਸ਼ਤੇ ਨੂੰ ਸਾਰਾ ਜੀਵਨ ਘਸੀਟਦੇ ਰਹਿੰਦੇ ਹਾਂ, ਪਰ ਬਹੁਤ ਵਾਰੀ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਰਿਸ਼ਤਾ ਨਹੀਂ ਚੱਲ ਸਕਦਾ । ਉਸਨੂੰ ਖ਼ਤਮ ਕਰਨਾ ਹੀ ਬੇਹਤਰ ਹੁੰਦਾ ਹੈ । ਇਸ ਲਈ ਸਾਨੂੰ ਕਿਸੇ ਰਿਸ਼ਤੇ ਨੂੰ ਤਰੀਕੇ ਜਾਂ ਸਲੀਕੇ ਨਾਲ ਖਤਮ ਕਰਨਾ ਚਾਹੀਦਾ ਹੈ । ਉਸ ਵਿਅਕਤੀ ਨਾਲ ਬੈਠ ਕੇ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਰਿਸ਼ਤਾ ਅੱਗੇ ਨਹੀਂ ਚੱਲ ਸਕਦਾ । ਇਸ ਲਈ ਆਪਣੇ ਸਾਰੇ ਗਿਲੇ ਸ਼ਿਕਵੇ ਖਤਮ ਕਰਦੇ ਅੱਗੇ ਵੱਧ ਜਾਣਾ ਚਾਹੀਦਾ ਹੈ । ਇਹ ਸਭ ਤੋਂ ਵਧੀਆ ਸਲੀਕਾ ਹੈ ਰਿਸ਼ਤੇ ਖਤਮ ਕਰਨ ਦਾ ।
ਪ੍ਰਸ਼ਨ 7. ਚੰਗਾ ਰਵੱਈਆ ਅਤੇ ਵਿਵਹਾਰ ਸਾਡੀ ਸਖ਼ਸ਼ੀਅਤ ਨੂੰ ਚਾਰ ਚੰਨ ਲਾ ਦਿੰਦਾ ਹੈ । ਸਪੱਸ਼ਟ ਕਰੋ ।
ਉੱਤਰ-ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਚੰਗਾ ਰਵੱਈਆ ਅਤੇ ਵਿਵਹਾਰ ਸਾਡੀ ਸਖ਼ਸ਼ੀਅਤ ਨੂੰ ਚਾਰ ਚੰਨ ਲਾ ਦਿੰਦਾ ਹੈ । ਕਿਸ ਸਮੇਂ ਉੱਤੇ ਅਸੀਂ ਕਿਸ ਤਰ੍ਹਾਂ ਦੀ ਪ੍ਰਤੀਕ੍ਰਿਆ ਦਿੰਦੇ ਹਾਂ, ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਾਂ, ਇਹ ਸਭ ਕੁੱਝ ਸਾਡੇ ਵਿਅਕਤਿੱਤਵ ਬਾਰੇ ਦੱਸਦਾ ਹੈ । ਇਸ ਲਈ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਹੀ ਪ੍ਰਕਾਰ ਨਾਲ ਵਿਵਹਾਰ ਕਰਨਾ ਸਿੱਖੀਏ ਤਾਂਕਿ ਉਹ ਵਿਵਹਾਰ ਹੋਠਾਂ ਲਈ ਵੀ ਇੱਕ ਸਬਕ ਬਣ ਜਾਵੇ । ਇਸਦੇ ਲਈ ਜ਼ਰੂਰੀ ਹੈ ਕਿ ਖ਼ੁਸ਼ ਰਹੀਏ, ਮਿਹਨਤ ਕਰੀਏ, ਆਸ਼ਾਵਾਦੀ ਰਹੀਏ, ਮਿੱਠਾ ਬੋਲੀਏ । ਇਹ ਸਭ ਚੰਗੇ ਵਿਵਹਾਰ ਦੇ ਲੱਛਣ ਹਨ ਅਤੇ ਇੱਥੋਂ ਹੀ ਸਾਡੀ ਸਖ਼ਸ਼ੀਅਤ ਬਾਰੇ ਪਤਾ ਚਲਦਾ ਹੈ ।
(IV) ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ‘‘ਸਾਰੇ ਰਿਸ਼ਤਿਆਂ ਦੀਆਂ ਸਮਾਜਿਕ ਸੀਮਾਵਾਂ ਹਨ ।’’ ਇਸ ਕਥਨ ਦੀ ਵਿਸਤਾਰ ਨਾਲ ਵਿਆਖਿਆ ਕਰੋ ।
ਉੱਤਰ-ਸਾਡੇ ਸਮਾਜ ਨੇ ਕੁੱਝ ਨਿਯਮ ਅਤੇ ਅਸੂਲ ਬਣਾਏ ਹੋਏ ਹਨ ਕਿ ਸਾਰੇ ਰਿਸ਼ਤੇ ਕੁੱਝ ਸੀਮਾਵਾਂ ਵਿੱਚ ਬੰਨ੍ਹੇ ਰਹਿਣਗੇ ।ਇਸ ਦੇ ਨਾਲ-ਨਾਲ ਹਰੇਕ ਰਿਸ਼ਤੇ ਬਾਰੇ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਰਿਸ਼ਤੇ ਵਿੱਚ ਕਿੰਨੀ ਸੀਮਾ ਰੱਖਣੀ ਹੈ । ਇਸ ਲਈ ਅਸੀਂ ਉਹਨਾਂ ਸੀਮਾਵਾਂ ਤੋਂ ਕਦੇ ਵੀ ਬਾਹਰ ਨਹੀਂ ਜਾਂਦੇ । ਸਾਡੇ ਅਧਿਆਪਕ, ਮਾਤਾ-ਪਿਤਾ, ਗੁਆਂਢੀ, ਦੋਸਤ ਆਦਿ ਸਮੇਂ-ਸਮੇਂ ਉੱਤੇ ਸਾਨੂੰ ਇਹਨਾਂ ਸੀਮਾਵਾਂ ਬਾਰੇ ਦੱਸਦੇ ਰਹਿੰਦੇ ਹਨ । ਇਸ ਲਈ ਸਾਨੂੰ ਇਹਨਾਂ ਸੀਮਾਵਾਂ ਨੂੰ ਪਛਾਣ ਕੇ ਸਮਾਜ ਵਲੋਂ ਲਾਈਆਂ ਰੋਕਾਂ ਜਾਂ ਮਨਾਹੀਆਂ ਨੂੰ ਵੀ ਪਰਖ ਲੈਣਾ ਚਾਹੀਦਾ ਹੈ । ਜੇਕਰ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਹੋ ਸਕਦਾ ਹੈ ਕਿ ਅਸੀਂ ਰਿਸ਼ਤਿਆਂ ਦੀਆਂ ਸੀਮਾਵਾਂ ਦਾ ਉਲੰਘਣ ਕਰ ਦਈਏ ਜੋ ਕਿ ਸਾਂਝੇ ਅਤੇ ਸਮਾਜ ਲਈ ਗ਼ਲਤ ਹੋਵੇਗਾ ।
ਘਰ ਦੇ ਅੰਦਰ ਮੌਜੂਦ ਰਿਸ਼ਤਿਆਂ ਵਿੱਚ ਨੇੜਤਾ ਹੁੰਦੀ ਹੈ ਪਰ ਘਰ ਤੋਂ ਬਾਹਰ ਮੌਜੂਦ ਰਿਸ਼ਤਿਆਂ ਵਿੱਚ ਨੇੜਤਾ ਘੱਟ ਬਨਾਵਟੀਪਨ ਜ਼ਿਆਦਾ ਹੁੰਦਾ ਹੈ । ਇਹ ਦੂਰ ਜਾਂ ਨੇੜੇ ਦੇ ਰਿਸ਼ਤੇ ਸਾਡੇ ਪਿਆਰ ਅਤੇ ਸਾਡੀ ਸ਼ਿੱਦਤ ਉੱਤੇ ਨਿਰਭਰ ਕਰਦੇ ਹਨ । ਕਈ ਵਾਰੀ ਕਿਸੇ ਅਜਨਬੀ ਨਾਲ ਵੀ ਬਹੁਤ ਵਧੀਆ ਰਿਸ਼ਤਾ ਬਣ ਜਾਂਦਾ ਹੈ ਅਤੇ ਕਈ ਵਾਰੀ ਰਕਤ ਸੰਬੰਧੀਆਂ ਨਾਲ ਵੀ ਰਿਸ਼ਤੇ ਖ਼ਰਾਬ ਹੋ ਜਾਂਦੇ ਹਨ । ਰਿਸ਼ਤੇ ਨਿਭਾਉਣਾ ਕੋਈ ਮਜ਼ਾਕ ਦੀ ਗੱਲ ਨਹੀਂ ਹੁੰਦੀ । ਇਹ ਕੋਈ ਕਾਗਜ਼ ਉੱਤੇ ਪੈਨਸਲ ਨਾਲ ਖਿੱਚੀ ਲਕੀਰ ਨਹੀਂ ਹੈ ਬਲਕਿ ਰਿਸ਼ਤਾ ਹੈ ਜਿਸਨੂੰ ਜਲਦੀ-ਜਲਦੀ ਖਤਮ ਨਹੀਂ ਕੀਤਾ ਜਾ ਸਕਦਾ । ਇਸ ਲਈ ਰਿਸ਼ਤਿਆਂ ਦੀਆਂ ਸੀਮਾਵਾਂ ਨੂੰ ਨਿਭਾਉਣਾ ਬਹੁਤ ਜ਼ਰੂਰੀ ਹੈ ।
ਪ੍ਰਸ਼ਨ 2. ਰਿਸ਼ਤੇ ਤੋੜਨ ਵੇਲੇ ਜਾਂ ਛੱਡਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-ਅਸੀਂ ਸਾਰੇ ਇੱਕ ਸਮਾਜਿਕ ਜੀਵਨ ਵਿੱਚ ਰਹਿੰਦੇ ਹਾਂ ਅਤੇ ਸਮਾਜਿਕ ਜੀਵਨ ਵਿੱਚ ਰਹਿੰਦੇ ਹੋਏ ਸਾਨੂੰ ਕਈ ਪ੍ਰਕਾਰ ਦੇ ਰਿਸ਼ਤੇ ਬਣਾਉਣੇ ਪੈਂਦੇ ਹਨ । ਕੁੱਝ ਰਿਸ਼ਤੇ ਤਾਂ ਸਾਰੀ ਉਮਰ ਚਲਦੇ ਹਨ ਪਰ ਕੁੱਝ ਰਿਸ਼ਤੇ ਰਸਤੇ ਵਿੱਚ ਹੀ ਖਤਮ ਕਰਨੇ ਪੈ ਜਾਂਦੇ ਹਨ । ਰਿਸ਼ਤੇ ਖਤਮ ਕਰਨ ਲਈ ਕੁੱਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂਕਿ ਜੇਕਰ ਕਦੇ ਰਿਸ਼ਤਾ ਦੁਬਾਰਾ ਕਾਇਮ ਕਰਨਾ ਪਵੇ ਤਾਂ ਅਸੀਂ ਕਰ ਸਕੀਏ । ਰਿਸ਼ਤੇ ਖਤਮ ਕਰਨ ਵੇਲੇ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ—
(i) ਸਾਹਮਣੇ ਵਾਲੇ ਨਾਲ ਬਤੀਤ ਕੀਤੇ ਸਮੇਂ ਨੂੰ ਯਾਦ ਕਰੋ ਅਤੇ ਉਸਦਾ ਚੰਗੀ ਤਰ੍ਹਾਂ ਧੰਨਵਾਦ ਕਰੋ ।
(ii) ਸਾਹਮਣੇ ਵਾਲੇ ਨਾਲ ਹੋਈਆਂ ਕੌੜੀਆਂ ਯਾਦਾਂ ਨੂੰ ਯਾਦ ਨਾ ਕਰਕੇ ਮਿੱਠੀਆਂ ਯਾਦਾਂ ਨੂੰ ਉਸ ਨਾਲ ਸਾਂਝਾ ਕਰੋ ।
(ii) ਜੇਕਰ ਤੁਸੀਂ ਉਸ ਵਿਅਕਤੀ ਨਾਲ ਦੁਬਾਰਾ ਸੰਪਰਕ ਰੱਖਣਾ ਚਾਹੁੰਦੇ ਹੋ ਤਾਂ ਉਸ ਵਿਅਕਤੀ ਦਾ ਫ਼ੋਨ ਨੰਬਰ ਜ਼ਰੂਰ ਆਪਣੇ ਕੋਲ ਰੱਖ ਲਵੋ ।
(iv) ਜੇਕਰ ਤੁਹਾਨੂੰ ਸਾਹਮਣੇ ਵਾਲੇ ਵਿਅਕਤੀ ਉੱਤੇ ਵਿਸ਼ਵਾਸ ਨਹੀਂ ਹੈ ਤਾਂ ਰਿਸ਼ਤਾ ਤੋੜਦੇ ਸਮੇਂ ਜਾਂ ਖਤਮ ਕਰਦੇ ਸਮੇਂ ਭਾਵੁਕ ਨਾ ਹੋਵੋ ਅਤੇ ਕੋਈ ਵੀ ਨਿੱਜੀ ਜਾਣਕਾਰੀ ਉਸ ਨਾਲ ਸਾਂਝੀ ਨਾ ਕਰੋ ।
(v) ਉਸ ਵਿਅਕਤੀ ਨਾਲ ਕੋਈ ਗੁੱਸਾ ਨਾ ਕਰੋ ਅਤੇ ਨਾ ਹੀ ਬਦਲਾ ਲੈਣ ਦੀ ਕੋਸ਼ਿਸ਼ ਕਰੋ ਤਾਂਕਿ ਬਾਅਦ ਵਿੱਚ ਪਛਤਾਉਣਾ ਨਾ ਪਵੇ ।
ਇਸ ਲਈ ਕਿਹਾ ਜਾਂਦਾ ਹੈ ਕਿ ਜਿਸ ਕਹਾਣੀ ਨੂੰ ਅੰਤ ਤੱਕ ਨਹੀਂ ਲੈ ਕੇ ਜਾ ਸਕਦੇ, ਉਸ ਨੂੰ ਇੱਕ ਸੋਹਣੇ ਮੋੜ ਤੇ ਖਤਮ ਕਰ ਦੇਣਾ ਹੀ ਚੰਗਾ ਹੁੰਦਾ ਹੈ ।
