PSEB 10th Class Welcome Life Solutions Chapter 4 ਹਮਦਰਦੀ ਅਤੇ ਹਮਾਇਤ
PSEB 10th Class Welcome Life Solutions Chapter 4 ਹਮਦਰਦੀ ਅਤੇ ਹਮਾਇਤ
PSEB Solutions for Class 10 Welcome Life Chapter 4 ਹਮਦਰਦੀ ਅਤੇ ਹਮਾਇਤ
Welcome Life Guide for Class 10 PSEB ਹਮਦਰਦੀ ਅਤੇ ਹਮਾਇਤ Textbook Questions and Answers
ਵਿਸ਼ੇ ਬਾਰੇ ਜਾਣਕਾਰੀ
◆ ਅਸੀਂ ਸਮਾਜ ਵਿੱਚ ਰਹਿੰਦੇ ਹਾਂ ਅਤੇ ਸਮਾਜ ਵਿੱਚ ਰਹਿੰਦੇ ਹੋਏ ਅਸੀਂ ਹੋਰਾਂ ਨਾਲ ਸਤਿਕਾਰ ਨਾਲ ਭਰਪੂਰ ਵਿਵਹਾਰ ਕਰਦੇ ਹਾਂ । ਇਹ ਇਸ ਕਰਕੇ ਹੈ ਕਿਉਂਕਿ ਸਾਡੇ ਵਿੱਚ ਸੰਵੇਦਨਸ਼ੀਲਤਾ ਦਾ ਗੁਣ ਹੁੰਦਾ ਹੈ ।
◆ ਦੋ ਅੱਡ-ਅੱਡ ਸ਼ਬਦ ਹਨ ਵੇਦਨਾ ਅਤੇ ਸੰਵਦੇਨਾ । ਵੇਦਨਾ ਦਾ ਅਰਥ ਹੈ ਆਪਣੇ ਨਿੱਜੀ ਦੁੱਖ ਅਤੇ ਸੰਵੇਦਨਾ ਦਾ ਅਰਥ ਹੈ ਸਭ ਦਾ ਸਮੂਹਿਕ ਦਰਦ ਸਮਝਣਾ ।
◆ ਘਰ ਵਿੱਚ ਅਕਸਰ ਬੱਚਿਆਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਮਾਪੇ ਉਹਨਾਂ ਤੋਂ ਵੱਧ ਉਹਨਾਂ ਦੇ ਭੈਣ ਜਾਂ ਭਰਾ ਨੂੰ ਵੱਧ ਪਿਆਰ ਕਰਦੇ ਹਨ । ਸਕੂਲ ਵਿੱਚ ਵੀ ਮੁੰਡੇ ਇਹ ਸ਼ਿਕਾਇਤ ਕਰਦੇ ਹਨ ਕਿ ਕਿਸੇ ਕੁੜੀ ਨੂੰ ਕਲਾਸ ਦੀ ਮਨੀਟਰ ਕਿਉਂ ਬਣਾਇਆ ਗਿਆ ਹੈ । ਇਸ ਤਰ੍ਹਾਂ ਦੀਆਂ ਗੱਲਾਂ ਸਾਡੀ ਲਿੰਗ ਸੰਵੇਦਨਸ਼ੀਲਤਾ ਨਾ ਹੋਣ ਦਾ ਹੀ ਸੂਚਕ ਹਨ ।
◆ ਸਾਡੇ ਘਰ ਵਿੱਚ ਮਾਤਾ-ਪਿਤਾ ਅੱਡ-ਅੱਡ ਕੰਮ ਕਰਦੇ ਹਨ । ਸਾਨੂੰ ਆਪਣੇ ਮਾਤਾ ਪਿਤਾ ਦਾ ਉਹਨਾਂ ਦੇ ਕੰਮ ਵਿੱਚ ਹੱਥ ਵਟਾਉਣਾ ਚਾਹੀਦਾ ਹੈ । ਇਸ ਨਾਲ ਸਾਡੀ ਸਖ਼ਸ਼ੀਅਤ ਦਾ ਵੀ ਵਿਕਾਸ ਹੁੰਦਾ ਹੈ ।
◆ ਹਰੇਕ ਵਿਅਕਤੀ ਦੀਆਂ ਜੀਵਨ ਵਿੱਚ ਕੁੱਝ ਇੱਛਾਵਾਂ ਹੁੰਦੀਆਂ ਹਨ । ਸਾਨੂੰ ਇਹਨਾਂ ਇਛਾਵਾਂ ਨੂੰ ਸੀਮਿਤ ਰੱਖਣਾ ਚਾਹੀਦਾ ਹੈ ਤਾਕਿ ਉਹ ਅਸਾਨੀ ਨਾਲ ਪੂਰੀਆਂ ਹੋ ਸਕਣ, ਨਹੀਂ ਤਾਂ ਜੀਵਨ ਵਿੱਚ ਅਸੰਤੁਸ਼ਟੀ ਛਾ ਜਾਂਦੀ ਹੈ ।
◆ ਚਾਹੇ ਜੀਵਨ ਵਿੱਚ ਇੱਛਾਵਾਂ ਘੱਟ ਹੋਣ, ਪਰ ਸਾਨੂੰ ਇਹਨਾਂ ਇੱਛਾਵਾਂ ਨੂੰ ਪੂਰਾ ਕਰਦੇ ਸਮੇਂ ਸਮਾਜਿਕ ਨਿਯਮਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ।
◆ ਸਾਡੇ ਸਮਾਜ ਅਤੇ ਸਾਡੇ ਪਰਿਵਾਰ ਵਿੱਚ ਕੁੱਝ ਨਾਜ਼ੁਕ ਮੁੱਦੇ ਹੁੰਦੇ ਹਨ ਜਿਨ੍ਹਾਂ ਨੂੰ ਬੜੇ ਧਿਆਨ ਨਾਲ ਸੁਲਝਾਉਣ ਦੀ ਲੋੜ ਹੁੰਦੀ ਹੈ । ਨਾਜ਼ੁਕ ਮੁੱਦੇ ਸੁਲਝਾਉਣਾ ਹਰੇਕ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ । ਇਸ ਲਈ ਸਿਆਣਪ ਅਤੇ ਮੌਕੇ ਦੀ ਨਜ਼ਾਕਤ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ । ਉਦਾਹਰਨ ਦੇ ਲਈ ਧਰਮ ਸੰਬੰਧੀ ਕੋਈ ਗੱਲ ਜਾਂ ਭਾਸ਼ਾਈ ਮਸਲੇ ।
◆ ਨਾਜ਼ੁਕ ਮੁੱਦਿਆਂ ਨੂੰ ਧੱਕੇ ਨਾਲ ਹੱਲ ਨਹੀਂ ਕੀਤਾ ਜਾ ਸਕਦਾ । ਇਸ ਲਈ ਸਮੱਸਿਆ ਦੇ ਮੂਲ ਕਾਰਨਾਂ ਦਾ ਪਤਾ ਕਰਕੇ, ਸੰਬੰਧਿਤ ਧਿਰਾਂ ਨਾਲ ਗੱਲਬਾਤ ਕਰਕੇ ਹੀ ਸੁਲਝਾਇਆ ਜਾ ਸਕਦਾ ਹੈ ।
◆ ਸੰਸਾਰ ਵਿੱਚ ਰਹਿੰਦਾ ਹਰੇਕ ਵਿਅਕਤੀ ਇੱਕ ਵਿਲੱਖਣ ਵਿਅਕਤਿੱਤਵ ਵਾਲਾ ਹੁੰਦਾ ਹੈ । ਜਿਸ ਤਰ੍ਹਾਂ ਅਸੀਂ ਸਾਰੇ ਸ਼ਕਲ-ਸੂਰਤ ਤੋਂ ਇੱਕ-ਦੂਜੇ ਤੋਂ ਅੱਡ ਹਾਂ, ਉਸੇ ਤਰ੍ਹਾਂ ਹਰੇਕ ਵਿਅਕਤੀ ਦੀ ਸਖ਼ਸ਼ੀਅਤ ਵੀ ਅੱਡ-ਅੱਡ ਹੁੰਦੀ ਹੈ । ਸਾਨੂੰ ਹਰੇਕ ਵਿਅਕਤੀ ਨੂੰ ਉਸੇ ਤਰ੍ਹਾਂ ਸਵੀਕਾਰ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਦੀ ਉਸਦੀ ਸਖ਼ਸ਼ੀਅਤ ਹੈ ।
◆ ਚਾਹੇ ਅਸੀਂ ਸਾਰੇ ਇੱਕ-ਦੂਜੇ ਤੋਂ ਕਾਫੀ ਅੱਡ ਹਾਂ, ਪਰ ਫਿਰ ਵੀ ਅਸੀਂ ਇੱਕ-ਦੂਜੇ ਤੋਂ ਕਾਫੀ ਕੁੱਝ ਸਿੱਖਦੇ ਹਾਂ ।
◆ ਵਿਦਿਆਰਥੀ ਜੀਵਨ ਵਿੱਚ ਮਿੱਤਰਾਂ ਦਾ ਬਹੁਤ ਮਹੱਤਵ ਹੁੰਦਾ ਹੈ । ਚਾਹੇ ਜੀਵਨ ਵਿੱਚ ਜਿੰਨੇ ਮਰਜ਼ੀ ਮਿੱਤਰ ਬਣ ਜਾਣ, ਕੋਈ ਵੀ ਸਾਡੇ ਸਕੂਲ ਵਾਲੇ ਮਿੱਤਰਾਂ ਦੀ ਥਾਂ ਨਹੀਂ ਲੈ ਸਕਦਾ ।
◆ ਸਮਾਜ ਵਿੱਚ ਰਹਿੰਦੇ ਹੋਏ ਅਸੀਂ ਸਮਾਜ ਵਿੱਚ ਪਰਿਵਰਤਨ ਚਾਹੁੰਦੇ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਪਰਿਵਰਤਨ ਸਾਡੀ ਇੱਛਾ ਅਨੁਸਾਰ ਹੋਵੇ । ਇਹ ਨਹੀਂ ਹੋ ਸਕਦਾ । ਇਸਦਾ ਹੱਲ ਇਹ ਹੈ ਕਿ ਅਸੀਂ ਦੂਜਿਆਂ ਨੂੰ ਉਸੇ ਤਰ੍ਹਾਂ ਸਵੀਕਾਰ ਕਰੀਏ ਜਿਸ ਤਰ੍ਹਾਂ ਉਹ ਹੈ । ਇਸ ਨਾਲ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ |
ਅਭਿਆਸ ਦੇ ਪ੍ਰਸ਼ਨ
ਪ੍ਰਸ਼ਨ 1. ਨਾਜ਼ੁਕ ਮੁੱਦੇ ਕੀ ਹੁੰਦੇ ਹਨ ?
ਉੱਤਰ-ਨਾਜ਼ੁਕ ਮੁੱਦੇ ਉਹ ਮੁੱਦੇ ਹੁੰਦੇ ਹਨ ਜਿਹੜੇ ਕਿਸੇ ਗੰਭੀਰ ਮਸਲੇ ਨਾਲ ਸੰਬੰਧਿਤ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਹੱਲ ਕਰਨਾ ਹਰੇਕ ਵਿਅਕਤੀ ਦੇ ਬੱਸ ਵਿੱਚ ਨਹੀਂ ਹੁੰਦਾ । ਇਹਨਾਂ ਨੂੰ ਹੱਲ ਕਰਨ ਲਈ ਬਹੁਤ ਸਿਆਣਪ, ਸਹਿਜ ਸਮਝ ਅਤੇ ਸੂਝ ਦੀ ਜ਼ਰੂਰਤ ਹੁੰਦੀ ਹੈ । ਉਦਾਹਰਨ ਦੇ ਲਈ ਕਿਸੇ ਘਰ ਦੇ ਨਿੱਜੀ ਮਸਲੇ ਜਾਂ ਕਿਸੇ ਕਬੀਲੇ ਜਾਂ ਧਰਮ-ਸੰਬੰਧੀ ਮਸਲੇ ਜਾਂ ਭਾਸ਼ਾ ਨਾਲ ਸੰਬੰਧਿਤ ਮਸਲੇ ।
ਪ੍ਰਸ਼ਨ 2. ਉਹਨਾਂ ਦੇ ਨਿਪਟਾਰੇ ਲਈ ਕਾਊਂਸਲਰ ਨੇ ਕਿਹੜੀਆਂ-ਕਿਹੜੀਆਂ ਗੱਲਾਂ ਸੁਝਾਈਆਂ ?
ਉੱਤਰ-ਸਕੂਲ ਕਾਊਂਸਲਰ ਖੁਸ਼ਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਨਾਜ਼ੁਕ ਮੁੱਦਿਆਂ ਨੂੰ ਅਸਾਨੀ ਨਾਲ ਹੱਲ ਨਹੀਂ ਕੀਤਾ ਜਾ ਸਕਦਾ । ਇਸਦੇ ਲਈ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ—
(i) ਵਿਅਕਤੀ ਵਿੱਚ ਸਬਰ ਸੰਤੋਖ ਦਾ ਹੋਣਾ, ਗਿਆਨ ਦਾ ਹੋਣਾ, ਸਹੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ । ਇਸ ਦੇ ਨਾਲ ਹੀ ਸਮੱਸਿਆ ਦੇ ਮੂਲ ਕਾਰਨ ਦਾ ਪਤਾ ਕਰਕੇ, ਦੂਜੇ ਬੰਦੇ ਦੀ ਗੱਲ ਸਤਿਕਾਰ ਨਾਲ ਸੁਣਨਾ ਅਤੇ ਸੂਝ-ਬੂਝ ‘ ਅਤੇ ਸਹਿਜ ਨਾਲ ਸੋਚ ਕੇ ਫ਼ੈਸਲਾ ਲੈਣਾ ਜ਼ਰੂਰੀ ਹੈ ।
(ii) ਫ਼ੈਸਲਾ ਕਿਸੇ ਉੱਤੇ ਥੋਪਣਾ ਨਹੀਂ ਚਾਹੀਦਾ ਬਲਕਿ ਇੱਕ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਫ਼ੈਸਲੇ ਨੂੰ ਸਮਝੇ, ਉਸ ਨਾਜ਼ੁਕ ਮੁੱਦੇ ਨੂੰ ਸੁਲਝਾਏ ।
(iii) ਸਭ ਤੋਂ ਪਹਿਲਾਂ ਆਪਣੇ ਆਪ ਨੂੰ ਉਸ ਸਥਿਤੀ ਵਿੱਚ ਰੱਖ ਕੇ ਸੋਚੋ ਜਿਸ ਸਥਿਤੀ ਵਿੱਚ ਉਹ ਬੰਦਾ ਆਪ ਫ਼ਸਿਆ ਹੋਇਆ ਹੈ ।
(iv) ਅਜਿਹੇ ਮੁੱਦਿਆਂ ਨੂੰ ਸ਼ਰੇਆਮ ਉਛਾਲਣਾ ਨਹੀਂ ਚਾਹੀਦਾ ਬਲਕਿ ਇੱਕ ਕਮਰੇ ਵਿੱਚ ਬੈਠ ਕੇ ਇਸ ਨੂੰ ਸੁਲਝਾਉਣਾ ਚਾਹੀਦਾ ਹੈ ।
ਪ੍ਰਸ਼ਨ 3. ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਇਹ ਕਮੇਟੀ ਕਿਉਂ ਬਣਾਈ ?
ਉੱਤਰ-ਪ੍ਰਿੰਸੀਪਲ ਨੇ ਦੱਸਿਆ ਕਿ ਕਈ ਨਾਜੁਕ ਮਸਲੇ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿੱਚ ਕਾਫ਼ੀ ਵਿਚਾਰ ਵਟਾਂਦਰੇ ਦੀ ਲੋੜ ਹੁੰਦੀ ਹੈ ਅਤੇ ਇਕੱਲੇ ਹੀ ਉਹਨਾਂ ਨੂੰ ਹੱਲ ਨਹੀਂ ਕੀਤਾ ਜਾ ਸਕਦਾ । ਅਜਿਹੇ ਮਸਲਿਆਂ ਨੂੰ ਹੱਲ ਕਰਨਾ ਹਰੇਕ ਵਿਅਕਤੀ ਦੇ ਬੱਸ ਦੀ ਗੱਲ ਨਹੀਂ ਹੁੰਦੀ । ਇਸ ਲਈ ਬਹੁਤ ਸੂਝ-ਬੂਝ ਦੀ ਲੋੜ ਹੁੰਦੀ ਹੈ । ਇਸ ਲਈ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਇੱਕ ਕਮੇਟੀ ਬਣਾਈ ਤਾਂਕਿ ਸਾਰੇ ਇਕੱਠੇ ਮਿਲ ਕੇ ਨਾਜ਼ੁਕ ਮੁੱਦਿਆਂ ਨੂੰ ਹੱਲ ਕਰ ਸਕਣ ।
ਪਾਠ ਆਧਾਰਿਤ ਪ੍ਰਸ਼ਨ
ਪ੍ਰਸ਼ਨ 1. ਉਹ ਕਿਹੜੇ ਕੰਮ ਹਨ ਜੋ ਤੁਹਾਡੇ ਮਾਤਾ ਜੀ ਕਰਦੇ ਹਨ ?
ਉੱਤਰ-ਮੇਰੇ ਮਾਤਾ ਜੀ ਦਫ਼ਤਰ ਜਾਂਦੇ ਹਨ, ਉਹ ਘਰ ਦਾ ਸਾਰਾ ਕੰਮ ਵੀ ਆਪ ਹੀ ਕਰਦੇ ਹਨ । ਉਹ ਸਾਡੇ ਲਈ ਖਾਣਾ ਬਣਾਉਂਦੇ ਹਨ, ਕੱਪੜੇ ਧੋਂਦੇ ਹਨ, ਘਰ ਦੀ ਸਫ਼ਾਈ ਕਰਦੇ ਹਨ ਅਤੇ ਘਰ ਦੇ ਸਾਰੇ ਮੈਂਬਰਾਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹਨ ।
ਪ੍ਰਸ਼ਨ 2. ਉਹ ਕਿਹੜੇ ਕੰਮ ਹਨ ਜੋ ਤੁਹਾਡੇ ਪਿਤਾ ਜੀ ਕਰਦੇ ਹਨ ?
ਉੱਤਰ-ਮੇਰੇ ਪਿਤਾ ਜੀ ਵੀ ਦਫ਼ਤਰ ਵਿੱਚ ਜਾਂਦੇ ਹਨ । ਉਹ ਸਵੇਰੇ ਮੈਨੂੰ ਅਤੇ ਮੇਰੇ ਭਰਾ ਦੀ ਤਿਆਰ ਹੋਣ ਵਿੱਚ ਮਦਦ ਕਰਦੇ ਹਨ । ਬਾਜ਼ਾਰ ਤੋਂ ਘਰ ਦੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਲਿਆਉਂਦੇ ਹਨ । ਉਹ ਮੇਰੀ ਅਤੇ ਮੇਰੇ ਭਰਾ ਦੀ ਪੜ੍ਹਾਈ ਵਿੱਚ ਮਦਦ ਕਰਦੇ ਹਨ ਅਤੇ ਮਾਤਾ ਜੀ ਦੀ ਕਈ ਕੰਮਾਂ ਵਿੱਚ ਮਦਦ ਕਰਦੇ ਹਨ ਜਿਵੇਂ ਕਿ ਫਲ ਕੱਟਣਾ, ਸਬਜ਼ੀਆਂ ਕੱਟਣਾ ਆਦਿ ।
ਪ੍ਰਸ਼ਨ 3. ਤੁਸੀਂ ਆਪਣੇ ਮਾਤਾ ਜੀ ਨਾਲ ਕਿਨ੍ਹਾਂ ਕੰਮਾਂ ਵਿੱਚ ਹੱਥ ਵਟਾਉਗੇ ?
ਉੱਤਰ-ਅਸੀਂ ਸਭ ਤੋਂ ਪਹਿਲਾਂ ਘਰ ਦੀ ਸਫ਼ਾਈ ਰੱਖਣ ਵਿੱਚ ਮਦਦ ਕਰਾਂਗੇ । ਅਸੀਂ ਘਰ ਵਿੱਚ ਗੰਦਗੀ ਨਹੀਂ ਫੈਲਾਵਾਂਗੇ ਅਤੇ ਸਾਰੀਆਂ ਚੀਜ਼ਾਂ ਆਪਣੀ ਥਾਂ ਉੱਤੇ ਰੱਖਾਂਗੇ । ਇਸ ਨਾਲ ਕੰਮ ਘੱਟ ਜਾਂਦਾ ਹੈ । ਅਸੀਂ ਕੱਪੜੇ ਸੁੱਕਣੇ ਪਾਉਣ ਵਿੱਚ ਉਹਨਾਂ ਦੀ ਮਦਦ ਕਰਾਂਗੇ ਅਤੇ ਹੋਰ ਛੋਟੇ-ਮੋਟੇ ਕੰਮ ਕਰਨ ਵਿੱਚ ਉਹਨਾਂ ਦੀ ਮਦਦ ਕਰਾਂਗੇ ।
ਪ੍ਰਸ਼ਨ 4. ਤੁਸੀਂ ਆਪਣੇ ਪਿਤਾ ਜੀ ਨਾਲ ਕਿਨ੍ਹਾਂ ਕੰਮਾਂ ਵਿੱਚ ਹੱਥ ਵਟਾਉਗੇ ?
ਉੱਤਰ-ਅਸੀਂ ਆਪਣੀ ਪੜ੍ਹਾਈ ਆਪ ਕਰਾਂਗੇ, ਸੁੱਕੇ ਹੋਏ ਕੱਪੜੇ ਲਪੇਟਣ ਵਿੱਚ ਉਹਨਾਂ ਦੀ ਮਦਦ ਕਰਦੇ ਹਾਂ । ਬਜ਼ਾਰ ਜਾ ਕੇ ਘਰ ਦੀਆਂ ਜ਼ਰੂਰਤਾਂ ਦਾ ਸਮਾਨ ਲਿਆ ਕੇ ਦੇਵਾਂਗੇ ਤਾਕਿ ਜਦੋਂ ਉਹ ਦਫ਼ਤਰ ਤੋਂ ਥੱਕ ਕੇ ਵਾਪਸ ਆਉਣ ਤਾਂ ਕੁੱਝ ਸਮਾਂ ਉਹ ਅਰਾਮ ਕਰ ਸਕਣ ।
ਕਿਰਿਆ-1
ਪ੍ਰਸ਼ਨ 1. ਤੁਸੀਂ ਕੀ ਚਾਹੁੰਦੇ ਹੋ ਕਿ ਅੱਜ ਤੋਂ ਇੱਕ ਸਾਲ ਨੂੰ ਤੁਹਾਡੇ ਕੋਲ ਕੀ-ਕੀ ਸਹੂਲਤ ਹੋਵੇ ?
ਉੱਤਰ—ਮੈਂ ਚਾਹੁੰਦਾ ਹੈ ਕਿ ਅੱਜ ਤੋਂ ਇੱਕ ਸਾਲ ਵਿੱਚ
(i) ਮੇਰੇ ਕੋਲ ਵਧੀਆ ਸਮਾਰਟਫੋਨ ਹੋਵੇ ਜਿਸ ਉੱਤੇ ਮੈਂ ਪੜ੍ਹਾਈ ਕਰ ਸਕਾਂ ।
(ii) ਮੇਰੇ ਕੋਲ ਇੱਕ ਚੰਗੀ ਕੰਪਨੀ ਦਾ ਲੈਪਟਾਪ ਅਤੇ ਇੰਟਰਨੈੱਟ ਕੁਨੈਕਸ਼ਨ ਹੋਵੇ ਤਾਂ ਕਿ ਮੇਰੀ ਆਨਲਾਈਨ ਕਲਾਸ ਵਿਚ ਕੋਈ ਵਿਘਨ ਨਾ ਪਵੇ ।
(iii) ਮੇਰੇ ਘਰ ਇੱਕ ਕਾਰ ਹੋਵੇ ਤਾਂਕਿ ਮੈਂ ਆਪਣੇ ਮਾਤਾ-ਪਿਤਾ ਨਾਲ ਘੁੰਮਣ ਜਾ ਸਕਾਂ ।
(iv) ਮੇਰੇ ਘਰ 24 ਘੰਟੇ ਬਿਜਲੀ ਆਵੇ ।
ਕਿਰਿਆ-2
ਪ੍ਰਸ਼ਨ 1. ਸਾਹਮਣੇ ਦਿੱਤੇ ਚਿੱਤਰ ਵਿੱਚ ਕੁੱਲ ਦਸ ਚੀਜ਼ਾਂ ਪਈਆਂ ਹਨ । ਤੁਸੀਂ ਇਹਨਾਂ ਵਿੱਚੋਂ ਇੱਕ ਅਜਿਹੀ ਸਹੂਲਤ ਨੂੰ ਚੁਣਨਾ ਹੈ ਜਿਸ ਨਾਲ ਬਾਕੀ ਸਭ ਸਹੂਲਤਾਂ ਦੀ ਲੋੜ ਵੀ ਪੂਰੀ ਹੋ ਜਾਵੇ ।

ਉੱਤਰ-ਇਹਨਾਂ ਸਾਰਿਆਂ ਵਿੱਚੋਂ ਅਸੀਂ ਸਮਾਰਟ ਫੋਨ ਨੂੰ ਚੁਣਾਂਗੇ ਜਿਹੜਾ ਬਾਕੀ ਸਾਰੀਆਂ ਸਹੂਲਤਾਂ ਦੀ ਜ਼ਰੂਰਤ ਪੂਰੀ ਕਰ ਦਿੰਦਾ ਹੈ । ਇਸ ਉੱਤੇ ਅਸੀਂ ਟੀ.ਵੀ. ਦੇਖ ਸਕਦੇ ਹਾਂ, ਟੈਲੀਫੋਨ ਸੁਣ ਸਕਦੇ ਹਾਂ, ਹਿਸਾਬ ਕਿਤਾਬ ਕਰ ਸਕਦੇ ਹਾਂ, ਅਲਾਰਮ ਲਗਾ ਸਕਦੇ ਹਾਂ, ਸਮਾਂ ਦੇਖ ਸਕਦੇ ਹਾਂ, ਫੋਟੋ ਖਿੱਚ ਸਕਦੇ ਹਾਂ ਅਤੇ ਵੀਡੀਓ ਬਣਾ ਸਕਦੇ ਹਾਂ ਅਤੇ ਇਸ ਦੇ ਨਾਲ-ਨਾਲ ਇਸ ਉੱਤੇ ਕੰਪਿਊਟਰ ਦੇ ਸਾਰੇ ਕੰਮ ਕਰ ਸਕਦੇ ਹਾਂ ।
ਕਿਰਿਆ-3
ਪ੍ਰਸ਼ਨ (i) ਇਸ ਬੰਦ ਮੁੱਠੀ ‘ ਚ ਨਾਜ਼ੁਕ ਮੁੱਦੇ ਹਨ । ਹੇਠਲੇ ਚਿਤਰ ਵਿਚਲੇ ਖੁੱਲ੍ਹੇ ਹੱਥ ਦੀਆਂ ਪੰਜ ਉਂਗਲੀਆਂ ਵਿੱਚ ਪੰਜ ਨਾਜ਼ੁਕ ਮਸਲੇ ਲਿਖੋ ।

ਉੱਤਰ-ਪੰਜ ਨਾਜ਼ੁਕ ਮਸਲੇ ਹਨ—
(ੳ) ਧਰਮ ਨਾਲ ਸੰਬੰਧਿਤ ਮਸਲੇ
(ਅ) ਭਾਸ਼ਾ ਨਾਲ ਸੰਬੰਧਿਤ ਮਸਲੇ
(ੲ) ਪਰਿਵਾਰ ਦੇ ਨਿੱਜੀ ਮਸਲੇ
(ਸ) ਸਮਾਜਿਕ ਮੁੱਦਿਆਂ ਦੇ ਮਸਲੇ
(ਹ) ਔਰਤਾਂ ਦੀ ਸੁਰੱਖਿਆ ਦਾ ਮਸਲਾ ।
ਪ੍ਰਸ਼ਨ (ii) ਮੁੱਠੀ ਨੂੰ ਬੰਦ ਰੱਖਣਾ ਕਾਊਂਸਲਰ ਸਾਹਿਬ ਦੀ ਕਿਹੜੀ ਸਿੱਖਿਆ ਵੱਲ ਇਸ਼ਾਰਾ ਕਰਦਾ ਹੈ ?

ਉੱਤਰ-ਕਾਊਂਸਲਰ ਸਾਹਿਬ ਦਾ ਕਹਿਣਾ ਸੀ ਕਿ ਸਾਰੇ ਮਸਲੇ ਬੜੇ ਧਿਆਨ ਨਾਲ ਹੱਲ ਕਰਨੇ ਚਾਹੀਦੇ ਹਨ । ਉਹਨਾਂ ਕਿਹਾ ਕਿ ਨਾਜ਼ੁਕ ਮਸਲਿਆਂ ਨੂੰ ਹੱਲ ਕਰਨ ਲਈ ਸਬਰ ਸੰਤੋਖ ਹੋਣਾ, ਸਹੀ ਭਾਸ਼ਾ ਅਤੇ ਸਹੀ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ । ਇਸ ਦੇ ਨਾਲ-ਨਾਲ ਸਮੱਸਿਆ ਦੇ ਮੂਲ ਕਾਰਨ ਦਾ ਪਤਾ ਹੋਣਾ, ਦੂਜਿਆਂ ਨੂੰ ਸਤਿਕਾਰ ਨਾਲ ਸੁਣਨਾ, ਸੂਝ-ਬੂਝ ਤੇ ਸੋਚ-ਸਮਝ ਨਾਲ ਹੀ ਫ਼ੈਸਲਾ ਲੈਣਾ ਚਾਹੀਦਾ ਹੈ । ਫ਼ੈਸਲਾ ਕਿਸੇ ਦੇ ਉੱਤੇ ਥੋਪਣਾ ਨਹੀਂ ਚਾਹੀਦਾ ।
ਹੋਰ ਮਹੱਤਵਪੂਰਨ ਪ੍ਰਸ਼ਨ
(I) ਵਸਤੂਨਿਸ਼ਠ ਪ੍ਰਸ਼ਨ
(ੳ) ਬਹੁਵਿਕਲਪੀ ਪ੍ਰਸ਼ਨ–
1. ਸਮਾਜ ਵਿੱਚ ਰਹਿੰਦੇ ਹੋਏ ਜਦੋਂ ਅਸੀਂ ਸਭ ਨਾਲ ਸਤਿਕਾਰ ਭਰਿਆ ਵਿਵਹਾਰ ਕਰਦੇ ਹਾਂ ਤਾਂ ਇਹ ਕਿਸ ਪ੍ਰਕਾਰ ਦਾ ਗੁਣ ਹੁੰਦਾ ਹੈ ?
(a) ਸੰਵੇਦਨਸ਼ੀਲਤਾ
(b) ਸਤਿਕਾਰਤਾ
(c) ਨਫ਼ਰਤ
(d) ਹਮਦਰਦੀ
ਉੱਤਰ—(a) ਸੰਵੇਦਨਸ਼ੀਲਤਾ ।
2. ਵੇਦਨਾ ਸ਼ਬਦ ਦਾ ਅਰਥ ਹੈ—
(a) ਸਭ ਦਾ ਸਮੂਹਿਕ ਦਰਦ ਸਮਝਣਾ
(b) ਆਪਣੇ ਨਿੱਜੀ ਦੁੱਖ
(c) ਸਮਾਜ ਦਾ ਦੁੱਖ
(d) ਸਮਾਜ ਦਾ ਸੁੱਖ l
ਉੱਤਰ—(b) ਆਪਣੇ ਨਿੱਜੀ ਦੁੱਖ ।
3. ਸੰਵੇਦਨਾ ਦਾ ਅਰਥ ਹੈ—
(a) ਆਪਣੇ ਨਿੱਜੀ ਦੁੱਖ
(b) ਸਮਾਜ ਦਾ ਦੁੱਖ
(c) ਸਭ ਦਾ ਸਮੂਹਿਕ ਦਰਦ ਸਮਝਣਾ
(d) ਸਮਾਜ ਦਾ ਸੁੱਖ
ਉੱਤਰ—(c) ਸਭ ਦਾ ਸਮੂਹਿਕ ਦਰਦ ਸਮਝਣਾ ।
4. ਇਹਨਾਂ ਵਿੱਚੋਂ ਕਿਹੜਾ ਸਾਡੀ ਲਿੰਗ ਸੰਵੇਦਨਸ਼ੀਲਤਾ ਨਾ ਹੋਣ ਦਾ ਸੂਚਕ ਹੈ ?
(a) ਮਾਪਿਆਂ ਦਾ ਭੈਣ ਜਾਂ ਭਰਾ ਨੂੰ ਵੱਧ ਪਿਆਰ ਕਰਨਾ
(b) ਕਲਾਸ ਵਿੱਚ ਲੜਕੀ ਨੂੰ ਮਨੀਟਰ ਬਣਾਉਣਾ
(c) (a) ਅਤੇ (b) ਦੋਵੇਂ
(d) ਕੋਈ ਨਹੀਂ ।
ਉੱਤਰ—(c) (a) ਅਤੇ (b) ਦੋਵੇਂ ।
5. ……………. ਜੀਵਨ ਜੀਣ ਲਈ ਬਹੁਤ ਜ਼ਰੂਰੀ ਹਨ ।
(a) ਇੱਛਾਵਾਂ
(b) ਨਫ਼ਰਤ
(c) ਦਵੇਸ਼
(d) ਉਪਰੋਕਤ ਸਾਰੇ ।
ਉੱਤਰ—(a) ਇੱਛਾਵਾਂ ।
6. ਜੀਵਨ ਜੀਣ ਲਈ ਕਿਸ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ?
(a) ਰੋਟੀ
(b) ਕੱਪੜਾ
(c) ਮਕਾਨ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
7. ਸਮਾਜ ਕਲਿਆਣ ਵਾਸਤੇ ਕੀ ਕਰਨਾ ਚਾਹੀਦਾ ਹੈ ?
(a) ਰੁੱਖ ਬਚਾਉਣਾ
(b) ਨਸ਼ੇ ਨਾ ਕਰਨਾ
(c) ਵਾਤਾਵਰਣ ਸੰਭਾਲਣਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
8. ਪ੍ਰਿੰਸੀਪਲ ਨੇ ਕਿੰਨੇ ਬੱਚਿਆਂ ਨੂੰ ਦਫ਼ਤਰ ਵਿੱਚ ਸੱਦਿਆ ?
(a) ਦਸ
(b) ਬਾਰਾਂ
(c) ਚੌਦਾਂ
(d) ਸੋਲਾਂ ।
ਉੱਤਰ—(c) ਚੌਦਾਂ
9. ਨਾਜ਼ੁਕ ਮੁੱਦੇ ਹੱਲ ਕਰਨ ਲਈ ਕੀ ਜ਼ਰੂਰੀ ਹੈ ?
(a) ਸਬਰ ਸੰਤੋਖ ਦਾ ਹੋਣਾ
(b) ਗਿਆਨ ਦਾ ਹੋਣਾ
(c) ਸਮੱਸਿਆਵਾਂ ਦੇ ਮੂਲ ਕਾਰਨ ਦਾ ਪਤਾ ਹੋਣਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
(ਅ) ਖਾਲੀ ਥਾਂਵਾਂ ਭਰੋ –
1. ਸਕੂਲ ਦੇ ਕਾਊਂਸਲਰ …………. ਸਨ ।
2. ਸਕੂਲ ਦੇ …………… ਨੇ 14 ਵਿਦਿਆਰਥੀਆਂ ਦੀ ਇੱਕ ਕਮੇਟੀ ਬਣਾਈ ।
3. ਵਿਅਕਤੀ ਨੂੰ ਘੱਟ ………… ਰੱਖਣੀਆਂ ਚਾਹੀਦੀਆਂ ਹਨ ।
4. ਮਨੁੱਖੀ ਜੀਵਨ ਵਿੱਚ …………… ਜ਼ਰੂਰੀ ਹੈ ।
5. ਦੁਨੀਆਂ ਵਿੱਚ ਹਰੇਕ ਵਿਅਕਤੀ …………….. ਹੈ l
6. ਵਿਦਿਆਰਥੀ ਜੀਵਨ ਵਿੱਚ …………….. ਦਾ ਵਿਸ਼ੇਸ਼ ਮਹੱਤਵ ਹੈ l
ਉੱਤਰ-1. ਖੁਸ਼ਮਿੰਦਰ ਸਿੰਘ, 2. ਪ੍ਰਿੰਸੀਪਲ, 3. ਇੱਛਾਵਾਂ, 4. ਬਦਲਾਵ, 5. ਵਿਲੱਖਣ, 6. ਮਿੱਤਰਤਾ ।
(ੲ) ਸਹੀ/ਗ਼ਲਤ ਚੁਣੋ –
1. ਪਰਿਵਰਤਨ ਜੀਵਨ ਵਿੱਚ ਜ਼ਰੂਰੀ ਨਹੀਂ ਹੈ ।
2. ਵਿਦਿਆਰਥੀ ਜੀਵਨ ਵਿੱਚ ਮਿੱਤਰਤਾ ਦੀ ਕੋਈ ਥਾਂ ਨਹੀਂ ਹੈ ।
3. ਹਰੇਕ ਵਿਅਕਤੀ ਦੂਜੇ ਤੋਂ ਅੱਡ ਹੁੰਦਾ ਹੈ ।
4. ਨਾਜ਼ੁਕ ਮੁੱਦਿਆਂ ਨੂੰ ਸੁਲਝਾਉਣ ਲਈ ਸਿਆਣਪ ਦੀ ਲੋੜ ਹੁੰਦੀ ਹੈ ।
5. ਹਰੇਕ ਵਿਅਕਤੀ ਵਿੱਚ ਸੰਵੇਦਨਸ਼ੀਲਤਾ ਹੁੰਦੀ ਹੈ ।
ਉੱਤਰ-1, ਗ਼ਲਤ, 2. ਗ਼ਲਤ, 3. ਸਹੀ, 4. ਸਹੀ, 5. ਸਹੀ ।
(II) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸੰਵੇਦਨਸ਼ੀਲਤਾ ਦਾ ਗੁਣ ਕੀ ਹੁੰਦਾ ਹੈ ?
ਉੱਤਰ-ਸਮਾਜ ਵਿੱਚ ਰਹਿੰਦੇ ਹੋਏ ਜਦੋਂ ਅਸੀਂ ਸਾਰਿਆਂ ਨਾਲ ਸਨਮਾਨ ਨਾਲ ਭਰਪੂਰ ਵਿਵਹਾਰ ਕਰਨਾ ਚਾਹੁੰਦੇ ਹਾਂ ਤਾਂ ਇਸ ਨੂੰ ਸੰਵੇਦਨਸ਼ੀਲਤਾ ਦਾ ਗੁਣ ਕਹਿੰਦੇ ਹਨ ।
ਪ੍ਰਸ਼ਨ 2. ਵੇਦਨਾ ਸ਼ਬਦ ਦਾ ਸੀਮਤ ਅਰਥ ਕੀ ਹੈ ?
ਉੱਤਰ-ਵੇਦਨਾ ਸ਼ਬਦ ਦਾ ਸੀਮਤ ਅਰਥ ਹੈ ਆਪਣੇ ਨਿੱਜੀ ਦੁੱਖ ।
ਪ੍ਰਸ਼ਨ 3. ਸੰਵੇਦਨਾ ਸ਼ਬਦ ਦਾ ਵਿਸ਼ਾਲ ਅਰਥ ਕੀ ਹੈ ?
ਉੱਤਰ-ਸੰਵੇਦਨਾ ਸ਼ਬਦ ਦਾ ਵਿਸ਼ਾਲ ਅਰਥ ਹੈ ਸਭ ਦਾ ਸਮੂਹਿਕ ਦਰਦ ਸਮਝਣਾ ।
ਪ੍ਰਸ਼ਨ 4. ਸਾਨੂੰ ਆਪਣੇ ਭੈਣਾਂ ਜਾਂ ਭਰਾਵਾਂ ਨਾਲ ਕੀ ਸ਼ਿਕਾਇਤ ਹੁੰਦੀ ਹੈ ?
ਉੱਤਰ-ਇਹ ਕਿ ਮਾਪੇ ਉਹਨਾਂ ਨੂੰ ਸਾਡੇ ਤੋਂ ਵੱਧ ਪਿਆਰ ਕਰਦੇ ਹਨ ।
ਪ੍ਰਸ਼ਨ 5. ਸਕੂਲ ਵਿੱਚ ਮੁੰਡਿਆਂ ਨੂੰ ਕੀ ਸ਼ਿਕਾਇਤ ਹੁੰਦੀ ਹੈ ?
ਉੱਤਰ—ਇਹ ਕਿ ਲੜਕੀਆਂ ਨੂੰ ਹੀ ਕਲਾਸ ਦੀ ਮਨੀਟਰ ਬਣਾਇਆ ਜਾਂਦਾ ਹੈ ।
ਪ੍ਰਸ਼ਨ 6. ਮੁੰਡੇ ਕੁੜੀਆਂ ਦੇ ਅੱਡ-ਅੱਡ ਕੰਮ ਕਿਸ ਨੇ ਬਣਾਏ ਹਨ ?
ਉੱਤਰ-ਇਹ ਕੁਦਰਤ ਨੇ ਨਹੀਂ ਬਲਕਿ ਸਮਾਜ ਨੇ ਆਪ ਬਣਾਏ ਹਨ ਕਿ ਮੁੰਡੇ ਅਤੇ ਕੁੜੀਆਂ ਕੀ-ਕੀ ਕੰਮ ਕਰਨਗੇ ।
ਪ੍ਰਸ਼ਨ 7. ਜੀਵਨ ਜੀਣ ਦੀ ਮੁੱਢਲੀ ਜ਼ਰੂਰਤ ਕੀ ਹੈ ?
ਉੱਤਰ-ਜੀਵਨ ਜੀਣ ਦੀ ਮੁੱਢਲੀ ਜ਼ਰੂਰਤ ਰੋਟੀ, ਕੱਪੜਾ ਅਤੇ ਮਕਾਨ ਹੈ ।
ਪ੍ਰਸ਼ਨ 8. ਜੀਵਨ ਜੀਣ ਲਈ ਕੀ ਜ਼ਰੂਰੀ ਹੈ ?
ਉੱਤਰ-ਲੋੜਾਂ ਅਤੇ ਇੱਛਾਵਾਂ ਜੀਵਨ ਜੀਣ ਲਈ ਜ਼ਰੂਰੀ ਹਨ ।
ਪ੍ਰਸ਼ਨ 9. ਅਸੀਂ ਸਮਾਜ ਦੀ ਸੇਵਾ ਕਿਵੇਂ ਕਰ ਸਕਦੇ ਹਾਂ ?
ਉੱਤਰ-ਵਾਤਾਵਰਣ ਸੰਭਾਲ ਕੇ, ਰੁੱਖ ਬਚਾ ਕੇ, ਨਸ਼ਿਆਂ ਤੋਂ ਬਚ ਕੇ ਅਸੀਂ ਸਮਾਜ ਦੀ ਸੇਵਾ ਕਰ ਸਕਦੇ ਹਾਂ ।
ਪ੍ਰਸ਼ਨ 10. ਘੱਟ ਖ਼ਰਚੇ ਅਤੇ ਘੱਟ ਸਾਧਨਾਂ ਨਾਲ ਵੱਧ ਲੋੜਾਂ ਕਿਵੇਂ ਪੂਰੀਆਂ ਹੋ ਸਕਦੀਆਂ ਹਨ ?
ਉੱਤਰ-ਆਪਣੀਆਂ ਇੱਛਾਵਾਂ ਨੂੰ ਸੀਮਤ ਰੱਖ ਕੇ, ਘੱਟ ਖ਼ਰਚੇ ਅਤੇ ਘੱਟ ਸਾਧਨਾਂ ਨਾਲ ਵੀ ਵੱਧ ਲੋੜਾਂ ਪੂਰੀਆ ਹੋ ਸਕਦੀਆਂ ਹਨ ।
ਪ੍ਰਸ਼ਨ 11. ਪ੍ਰਿੰਸੀਪਲ ਸਾਹਿਬ ਨੇ ਸਵੇਰ ਦੀ ਸਭਾ ਵਿੱਚ ਕੀ ਕਿਹਾ ?
ਉੱਤਰ-ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹਨਾਂ ਦੇ ਹੱਥ ਵਿੱਚ ਕਲ੍ਹ ਨੂੰ ਸਮਾਜ ਦੀ ਵਾਗਡੋਰ ਹੋਵੇਗੀ । ਇਸ ਲਈ ਉਨ੍ਹਾਂ ਨੂੰ ਜ਼ਿੰਮੇਵਾਰੀ ਸੰਭਾਲਣੀ ਸਿੱਖਣੀ ਚਾਹੀਦੀ ਹੈ ।
ਪ੍ਰਸ਼ਨ 12. ਪ੍ਰਿੰਸੀਪਲ ਸਾਹਿਬ ਨੇ ਕਿੰਨੇ ਵਿਦਿਆਰਥੀਆਂ ਦੀ ਇੱਕ ਕਮੇਟੀ ਬਣਾਈ ਅਤੇ ਕਿਉ ?
ਉੱਤਰ-ਪ੍ਰਿੰਸੀਪਲ ਸਾਹਿਬ ਨੇ 14 ਵਿਦਿਆਰਥੀਆਂ ਦੀ ਇੱਕ ਕਮੇਟੀ ਬਣਾਈ ਕਿਉਂਕਿ ਇਹ ਕਮੇਟੀ ਨਾਜ਼ੁਕ ਮੁੱਦੇ ਸੁਲਝਾਉਣ ਵਿੱਚ ਮਦਦ ਕਰੇਗੀ ।
ਪ੍ਰਸ਼ਨ 13. ਕਿਸੇ ਨਾਜ਼ੁਕ ਮੁੱਦੇ ਨੂੰ ਹੱਲ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-ਸਬਰ ਸੰਤੋਖ, ਸਹੀ ਗਿਆਨ ਦੇ ਨਾਲ-ਨਾਲ ਦੂਜਿਆਂ ਦੀ ਗੱਲ ਅਰਾਮ ਨਾਲ ਸੁਣਨ ਦੀ ਲੋੜ ਹੁੰਦੀ ਹੈ ਤਾਂਕਿ ਨਾਜ਼ੁਕ ਮੁੱਦੇ ਹੱਲ ਹੋ ਸਕਣ ।
ਪ੍ਰਸ਼ਨ 14. ਚੰਗੇ ਆਪਸੀ ਸੰਬੰਧਾਂ ਲਈ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-ਚੰਗੇ ਆਪਸੀ ਸੰਬੰਧਾਂ ਲਈ ਜ਼ਰੂਰੀ ਹੈ ਕਿ ਅਸੀਂ ਦੂਜੇ ਵਿਅਕਤੀਆਂ ਨੂੰ ਉਸ ਰੂਪ ਵਿੱਚ ਹੀ ਸਵੀਕਾਰ ਕਰੀਏ ਜੋ ਉਹਨਾਂ ਦੀ ਸਖ਼ਸ਼ੀਅਤ ਹੈ ।
ਪ੍ਰਸ਼ਨ 15. ਵਿਦਿਆਰਥੀ ਜੀਵਨ ਵਿੱਚ ਕਿਸ ਚੀਜ਼ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ?
ਉੱਤਰ-ਵਿਦਿਆਰਥੀ ਜੀਵਨ ਵਿੱਚ ਮਿੱਤਰਤਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ।
ਪ੍ਰਸ਼ਨ 16. ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਸਮੱਸਿਆ ਕੀ ਹੈ ?
ਉੱਤਰ-ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਸਾਡੇ ਅਨੁਸਾਰ ਚੱਲੇ ।
(III) ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਵੇਦਨਾ ਅਤੇ ਸੰਵੇਦਨਾ ਨੂੰ ਵਿਸਤ੍ਰਿਤ ਰੂਪ ਵਿੱਚ ਸਮਝਾਓ ।
ਉੱਤਰ-ਅਸੀਂ ਸਮਾਜ ਵਿੱਚ ਰਹਿੰਦੇ ਹਾਂ ਅਤੇ ਹੋਰ ਵਿਅਕਤੀਆਂ ਨਾਲ ਸਤਿਕਾਰ ਭਰਿਆ ਵਿਵਹਾਰ ਕਰਦੇ ਹਾਂ । ਇਹ ਇਸ ਕਰਕੇ ਹੈ ਕਿਉਂਕਿ ਸਾਡੇ ਵਿੱਚ ਸੰਵੇਦਨਸ਼ੀਲਤਾ ਦਾ ਗੁਣ ਹੈ । ਅਸੀਂ ਸਾਰਿਆਂ ਨੂੰ ਸਮਾਨਤਾ ਦੀ ਨਜ਼ਰ ਨਾਲ ਵੇਖਦੇ ਹਾਂ । ਇਸੇ ਲਈ ਮੁੰਡੇ ਤੇ ਕੁੜੀਆਂ, ਆਦਮੀਆਂ ਅਤੇ ਔਰਤਾਂ ਨੇ ਇੱਕ ਦੂਜੇ ਨਾਲ ਸਮਾਨਤਾ ਦਾ ਸਹੀ ਵਿਵਹਾਰ ਕਰਨਾ ਹੁੰਦਾ ਹੈ । ਇੱਥੋਂ ਹੀ ਸਾਨੂੰ ਵੇਦਨਾ ਅਤੇ ਸੰਵੇਦਨਾ ਦੇ ਅਰਥ ਮਿਲਦੇ ਹਨ । ਵੇਦਨਾ ਦਾ ਸੀਮਿਤ ਅਰਥ ਹੁੰਦਾ ਹੈ । ਆਪਣੇ ਨਿੱਜੀ ਦੁੱਖ ਅਤੇ ਸੰਵੇਦਨਾ ਦਾ ਵਿਸਤ੍ਰਿਤ ਅਰਥ ਹੈ ਸਭ ਦੇ ਸਮੂਹਿਕ ਦਰਦ ਨੂੰ ਸਮਝਣਾ ।
ਪ੍ਰਸ਼ਨ 2. ਮੁੰਡੇ ਅਤੇ ਕੁੜੀਆਂ ਦਾ ਚੰਗਾ ਵਿਕਾਸ ਕਿਵੇਂ ਹੋ ਸਕਦਾ ਹੈ ?
ਉੱਤਰ-ਬੱਚੇ ਆਪਣੇ ਮਾਪਿਆਂ ਦੀ ਕਈ ਕੰਮ ਕਰਨ ਵਿੱਚ ਮਦਦ ਕਰਦੇ ਹਾਂ । ਚਾਹੇ ਉਹ ਮੁੰਡਾ ਹੋਵੇ ਜਾਂ ਕੁੜੀ ਦੋਹਾਂ ਨੂੰ ਮਾਪਿਆਂ ਦੇ ਨਾਲ ਮਿਲ ਕੇ ਕੰਮ ਕਰਨੇ ਚਾਹੀਦੇ ਹਨ । ਪਰ ਇਹ ਜ਼ਰੂਰੀ ਨਹੀਂ ਹੈ ਕਿ ਸਮਾਜ ਨੇ ਮੁੰਡੇ ਅਤੇ ਕੁੜੀਆਂ ਲਈ ਜੋ ਅੱਡ-ਅੱਡ ਕੰਮਾਂ ਦੀ ਵੰਡ ਕੀਤੀ ਹੈ, ਉਹ ਸਿਰਫ਼ ਉਹੀ ਕੰਮ ਕਰਨਗੇ । ਉਹਨਾਂ ਦੇ ਕੰਮ ਬਦਲੇ ਵੀ ਜਾ ਸਕਦੇ ਹਨ । ਸਮਾਜ ਨੇ ਤਾਂ ਆਪਣਾ ਦ੍ਰਿਸ਼ਟੀਕੋਣ ਦਿੱਤਾ ਹੈ ਜਿਸ ਨੂੰ ਬਦਲਿਆ ਵੀ ਜਾ ਸਕਦਾ ਹੈ । ਜੇਕਰ ਇਹ ਦ੍ਰਿਸ਼ਟੀਕੋਣ ਬਦਲ ਦਿੱਤਾ ਜਾਵੇ ਅਤੇ ਇਹਨਾਂ ਦੇ ਕੰਮਾਂ ਵਿੱਚ ਬਦਲਾਵ ਲਿਆਂਦਾ ਜਾਵੇ ਤਾਂ ਨਿਸ਼ਚੇ ਹੀ ਮੁੰਡੇ ਅਤੇ ਕੁੜੀਆਂ ਦਾ ਚੰਗਾ ਵਿਕਾਸ ਹੋ ਸਕਦਾ ਹੈ ।
ਪ੍ਰਸ਼ਨ 3. ਸਾਡੇ ਜੀਵਨ ਵਿਚ ਇੱਛਾਵਾਂ ਦਾ ਕੀ ਮਹੱਤਵ ਹੈ ?
ਉੱਤਰ-ਸਾਡੇ ਜੀਵਨ ਵਿੱਚ ਇੱਛਾਵਾਂ ਦਾ ਬਹੁਤ ਮਹੱਤਵ ਹੈ । ਜ਼ਰੂਰਤਾਂ ਅਤੇ ਇੱਛਾਵਾਂ ਜੀਵਨ ਜੀਣ ਲਈ ਬਹੁਤ ਜ਼ਰੂਰੀ ਹਨ । ਜੇਕਰ ਇੱਛਾਵਾਂ ਹੀ ਨਹੀਂ ਹੋਣਗੀਆਂ ਤਾਂ ਵਿਅਕਤੀ ਜੀਵਨ ਵਿੱਚ ਕੁੱਝ ਨਹੀਂ ਕਰ ਸਕੇਗਾ । ਪਰ ਇੱਛਾਵਾਂ ਸੀਮਿਤ ਹੋਣੀਆਂ ਚਾਹੀਦੀਆਂ ਹਨ, ਨਹੀਂ ਤਾਂ ਵਿਅਕਤੀ ਦਾ ਜੀਵਨ ਜੀਣਾ ਔਖਾ ਹੋ ਜਾਵੇਗਾ । ਇੱਛਾਵਾਂ ਨੂੰ ਇੱਕ ਸੀਮਾਂ ਦੇ ਅੰਦਰ ਰੱਖਣਾ ਜ਼ਰੂਰੀ ਹੁੰਦਾ ਹੈ । ਜਿਵੇਂ ਜੀਵਨ ਜੀਣ ਲਈ ਰੋਟੀ, ਕੱਪੜਾ ਅਤੇ ਮਕਾਨ ਦੀ ਜ਼ਰੂਰਤ ਹੁੰਦੀ ਹੈ ਉਸੇ ਤਰ੍ਹਾਂ ਚੰਗੇ ਜੀਵਨ ਦੀ ਵੀ ਕਾਫ਼ੀ ਲੋੜ ਹੁੰਦੀ ਹੈ, ਜੋ ਇੱਛਾਵਾਂ ਦੀ ਪੂਰਤੀ ਨਾਲ ਹੀ ਹੋ ਸਕਦਾ ਹੈ ।
ਪ੍ਰਸ਼ਨ 4. ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਸਾਹਿਬ ਨੇ ਕੀ ਕਿਹਾ ?
ਉੱਤਰ-ਸਕੂਲ ਦੀ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹਨਾਂ ਦੇ ਹੱਥਾਂ ਵਿੱਚ ਕਲ੍ਹ ਦੇ ਸਮਾਜ ਦੀ ਵਾਗਡੋਰ ਹੋਵੇਗੀ । ਇਸ ਲਈ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਿੱਖਣੀ ਆਉਣੀ ਚਾਹੀਦੀ ਹੈ । ਉਹਨਾਂ ਨੇ ਅਜਿਹੇ ਦਸ ਬੱਚਿਆਂ ਦੇ ਨਾਮ ਮੰਗੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਸਾਥੀ ਵਿਦਿਆਰਥੀਆਂ ਦੀਆਂ ਨਿੱਜੀ ਅਤੇ ਘਰੇਲੂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਨ । ਉਸ ਸਮੇਂ ਦਸ ਦੀ ਥਾਂ ਚੌਦਾਂ ਵਿਦਿਆਰਥੀ ਸਾਹਮਣੇ ਆਏ ਜਿਨ੍ਹਾਂ ਵਾਸਤੇ ਖ਼ੂਬ ਤਾੜੀਆਂ ਵੱਜੀਆਂ ।
ਪ੍ਰਸ਼ਨ 5. ਵਿਦਿਆਰਥੀਆਂ ਨੇ ਕਿਹੜੀਆਂ ਸਮੱਸਿਆਵਾਂ ਬਾਰੇ ਦੱਸਿਆ ?
ਉੱਤਰ— (i) ਇੱਕ ਬੱਚੇ ਨੇ ਕਿਹਾ ਕਿ ਉਹਨਾਂ ਦੇ ਘਰ ਬਿਨਾਂ ਮਤਲਬ ਦੇ ਤਨਾਵ ਹੋ ਜਾਂਦਾ ਹੈ ।
(ii) ਇੱਕ ਲੜਕੀ ਨੇ ਕਿਹਾ ਕਿ ਉਸਦੇ ਗੁਆਂਢ ਵਿੱਚ ਦੋ ਮੁੰਡੇ ਉਸ ਉੱਤੇ ਗ਼ਲਤ ਕੁਮੈਂਟ ਕਰਦੇ ਹਨ ।
(iii) ਇੱਕ ਹੋਰ ਮੁੰਡੇ ਨੇ ਦੱਸਿਆ ਕਿ ਉਹਨਾਂ ਦੇ ਸਾਹਮਣੇ ਵਾਲੀ ਕਲਾਸ ਵਿਚ ਇੱਕ ਛੋਟੇ ਜਿਹੇ ਮੁੰਡੇ ਨੂੰ ਵੱਡੇ ਮੁੰਡੇ ਪਰਦੇਸੀ ਕਹਿ ਕੇ ਛੇੜਦੇ ਹਨ ਅਤੇ ਗਾਲਾਂ ਕੱਢਦੇ ਹਨ ।
(iv) ਇੱਕ ਹੋਰ ਕੁੜੀ ਨੇ ਦੱਸਿਆ ਕਿ ਉਹਨਾਂ ਦੀ ਗਲੀ ਵਿੱਚ ਲੋਕਾਂ ਦੇ ਗ਼ਲਤ ਸੰਬੰਧ ਹਨ ਜਿਸ ਕਰਕੇ ਅਕਸਰ ਉਹਨਾਂ ਦੇ ਘਰ ਵਿੱਚ ਝਗੜਾ ਰਹਿੰਦਾ ਹੈ ।
ਪ੍ਰਸ਼ਨ 6. ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਸਮੱਸਿਆ ਕੀ ਹੈ ਅਤੇ ਉਸ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ ?
ਉੱਤਰ-ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਸਾਰੇ ਸਾਡੇ ਕਹੇ ਅਨੁਸਾਰ ਚੱਲਣ । ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸਾਰੇ ਆਪਣੇ ਆਪ ਨੂੰ ਸਾਡੇ ਅਨੁਸਾਰ ਬਦਲ ਲੈਣ । ਇਸ ਦਾ ਸਭ ਤੋਂ ਵਧੀਆ ਹੱਲ ਇਹ ਹੈ ਕਿ ਅਸੀਂ ਦੂਜਿਆਂ ਨੂੰ ਉਸੇ ਰੂਪ ਵਿੱਚ ਸਵੀਕਾਰ ਕਰੀਏ ਜਿਸ ਰੂਪ ਵਿੱਚ ਉਹ ਹਨ । ਸਾਨੂੰ ਦੂਜਿਆਂ ਨੂੰ ਬਦਲਣਾ ਨਹੀਂ ਚਾਹੀਦਾ ਬਲਕਿ ਉਹ ਜਿਸ ਰੂਪ ਵਿੱਚ, ਉਹਨਾਂ ਨੂੰ ਉਸ ਰੂਪ ਵਿੱਚ ਹੀ ਸਵੀਕਾਰ ਕਰਨਾ ਚਾਹੀਦਾ ਹੈ । ਹਰੇਕ ਵਿਅਕਤੀ ਵਿੱਚ ਅੰਤਰ ਹੁੰਦਾ ਹੈ ਅਤੇ ਇਹ ਅੰਤਰ ਸਾਨੂੰ ਬਹੁਤ ਕੁੱਝ ਸਿਖਾਉਂਦਾ ਹੈ । ਜੇਕਰ ਅਸੀਂ ਹਰੇਕ ਵਿਅਕਤੀ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ ਤਾਂ ਨਾਕਾਮ ਵੀ ਹੋਵਾਂਗੇ ਅਤੇ ਖ਼ੁਸ਼ ਵੀ ਨਹੀਂ ਰਹਾਂਗੇ ।
(IV) ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ—ਸਾਨੂੰ ਸਭ ਨੂੰ ਕਿਸ ਤਰ੍ਹਾਂ ਸਵੀਕਾਰ ਕਰਨਾ ਚਾਹੀਦਾ ਹੈ ?
ਉੱਤਰ-ਇਸੇ ਸੰਸਾਰ ਵਿੱਚ ਸਾਰੇ ਵਿਅਕਤੀ ਇੱਕ-ਦੂਜੇ ਤੋਂ ਅੱਡ ਅਤੇ ਵਿਲੱਖਣ ਹਨ । ਹਰੇਕ ਵਿਅਕਤੀ ਦੀ ਸ਼ਕਲ ਇੱਕ-ਦੂਜੇ ਤੋਂ ਅੱਡ ਹੁੰਦੀ ਹੈ । ਇਸੇ ਤਰ੍ਹਾਂ ਉਹਨਾਂ ਦੀ ਸਖ਼ਸ਼ੀਅਤ ਵੀ ਇੱਕ-ਦੂਜੇ ਤੋਂ ਅੱਡ ਹੁੰਦੀ ਹੈ । ਜੇਕਰ ਅਸੀਂ ਹੋਰ ਵਿਅਕਤੀਆਂ ਨਾਲ ਚੰਗੇ ਸੰਬੰਧ ਬਣਾ ਕੇ ਰੱਖਣਾ ਚਾਹੁੰਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਹੋਰਾਂ ਨੂੰ ਉਸੇ ਤਰ੍ਹਾਂ ਸਵੀਕਾਰ ਕਰੀਏ ਜਿਸ ਤਰ੍ਹਾਂ ਉਹ ਹਨ । ਜੇਕਰ ਅਸੀਂ ਦੇਖੀਏ ਤਾਂ ਸਾਡੇ ਵਿੱਚ ਅੰਤਰ ਇੱਕ ਪ੍ਰਕਾਰ ਨਾਲ ਵਰਦਾਨ ਸਾਬਿਤ ਹੁੰਦੇ ਹਨ । ਇਹ ਅੰਤਰ ਅਸਲ ਵਿੱਚ ਇੱਕ-ਦੂਜੇ ਦੇ ਪੂਰਕ ਸਾਬਿਤ ਹੁੰਦੇ ਹਨ । ਜਦੋਂ ਅਸੀਂ ਦੂਜਿਆਂ ਨੂੰ ਸਵੀਕਾਰ ਕਰਦੇ ਹਾਂ ਤਾਂ, ਉਸ ਰੂਪ ਵਿੱਚ ਵੀ ਉਹਨਾਂ ਤੋਂ ਬਹੁਤ ਕੁੱਝ ਸਿੱਖਦੇ ਹਾਂ । ਜੇਕਰ ਅਸੀਂ ਇੱਕ-ਦੂਜੇ ਨੂੰ ਸਵੀਕਾਰ ਨਹੀਂ ਕਰਾਂਗੇ ਤਾਂ ਇਕੱਲੇ ਰਹਿ ਜਾਵਾਂਗੇ ।ਵਿਦਿਆਰਥੀ ਜੀਵਨ ਵਿੱਚ ਮਿੱਤਰਾਂ ਦਾ ਬਹੁਤ ਮਹੱਤਵ ਹੁੰਦਾ ਹੈ ਅਤੇ ਮਿੱਤਰਾਂ ਨੂੰ ਉਸੇ ਰੂਪ ਵਿੱਚ ਸਵੀਕਾਰ ਕਰਨਾ ਪੈਂਦਾ ਹੈ ਜਿਸ ਰੂਪ ਵਿੱਚ ਉਹ ਹਨ । ਇਸ ਲਈ ਸਾਨੂੰ ਹੋਰਾਂ ਨੂੰ ਉਹਨਾਂ ਦੇ ਅਸਲੀ ਰੂਪ ਵਿੱਚ ਹੀ ਸਵੀਕਾਰ ਕਰਨਾ ਚਾਹੀਦਾ ਹੈ ਤਾਂਕਿ ਸਾਡੇ ਸੰਬੰਧ ਵਧੀਆ ਬਣੇ ਰਹਿਣ ।