PSEB 10th Class Welcome Life Solutions Chapter 9 ਪ੍ਰਭਾਵਸ਼ਾਲੀ ਸੰਚਾਰ
PSEB 10th Class Welcome Life Solutions Chapter 9 ਪ੍ਰਭਾਵਸ਼ਾਲੀ ਸੰਚਾਰ
PSEB Solutions for Class 10 Welcome Life Chapter 9 ਪ੍ਰਭਾਵਸ਼ਾਲੀ ਸੰਚਾਰ
Welcome Life Guide for Class 10 PSEB ਪ੍ਰਭਾਵਸ਼ਾਲੀ ਸੰਚਾਰ Textbook Questions and Answers
ਵਿਸ਼ੇ ਬਾਰੇ ਜਾਣਕਾਰੀ
◆ ਇਜ਼ਹਾਰ ਦਾ ਅਰਥ ਹੁੰਦਾ ਹੈ ਆਪਣੇ ਵਿਚਾਰਾਂ, ਭਾਵਨਾਵਾਂ, ਭਾਵਾਂ ਆਦਿ ਨੂੰ ਕਿਸੇ ਸਾਹਮਣੇ ਰੱਖਣਾ ਜਾਂ ਪੇਸ਼ ਕਰਨਾ । ਸਾਡੇ ਇਜ਼ਹਾਰ ਕਰਨ ਦੇ ਤਰੀਕੇ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਸਾਡੀ ਸਖ਼ਸ਼ੀਅਤ ਕਿਹੋ ਜਿਹੀ ਹੈ । ਵਧੀਆ ਇਜ਼ਹਾਰ ਕਰਨ ਦਾ ਤਰੀਕਾ ਸਾਡੇ ਜੀਵਨ ਨੂੰ ਸਫਲ ਬਣਾ ਸਕਦਾ ਹੈ ।
◆ ਜੇਕਰ ਕਿਸੇ ਵਿੱਚ ਆਪਣਾ ਪੱਖ ਕਿਸੇ ਦੇ ਸਾਹਮਣੇ ਸਹੀ ਤਰੀਕੇ ਨਾਲ ਰੱਖਣ ਦੀ ਸਮਰੱਥਾ ਨਹੀਂ ਹੋਵੇਗੀ ਤਾਂ ਉਸ ਵਿਅਕਤੀ ਨੂੰ ਜੀਵਨ ਵਿੱਚ ਅਸਫਲਤਾਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਵਿੱਚ ਆਪਣੇ ਵਿਚਾਰਾਂ ਨੂੰ ਸਹੀ ਤਰੀਕੇ ਨਾਲ ਇਜ਼ਹਾਰ ਕਰਨ ਦਾ ਗੁਣ ਵਿਕਸਿਤ ਕਰੀਏ ।
◆ ਹਰੇਕ ਵਿਅਕਤੀ ਦਾ ਕਿਸੇ ਚੀਜ਼ ਨੂੰ ਵੇਖਣ ਦਾ ਨਜ਼ਰੀਆ ਵੱਖ-ਵੱਖ ਹੁੰਦਾ ਹੈ ਅਤੇ ਇਹ ਨਜ਼ਰੀਆ ਹੀ ਉਸ ਵਿਅਕਤੀ ਦੀ ਸ਼ਖ਼ਸੀਅਤ ਨੂੰ ਬਿਆਨ ਕਰਦਾ ਹੈ । ਜੇਕਰ ਮਨੁੱਖ ਦਾ ਨਜ਼ਰੀਆ ਸਕਾਰਾਤਮਕ ਹੈ ਤਾਂ ਉਸ ਦਾ ਕਿਸੇ ਵੀ ਚੀਜ਼ ਨੂੰ ਵੇਖਣ ਦਾ ਨਜ਼ਰੀਆ ਚੰਗਾ ਹੋਵੇਗਾ । ਇਸ ਲਈ ਵਿਅਕਤੀ ਨੂੰ ਹਮੇਸ਼ਾਂ ਹਾਂ-ਪੱਖੀ ਜਾਂ ਸਕਾਰਾਤਮਕ ਨਜ਼ਰੀਆ ਰੱਖਣਾ ਚਾਹੀਦਾ ਹੈ ।
◆ ਸਾਡਾ ਨਜ਼ਰੀਆ ਹੀ ਸਾਡੇ ਆਲੇ-ਦੁਆਲੇ ਨੂੰ ਪਰਿਭਾਸ਼ਿਤ ਕਰਦਾ ਹੈ ਕਿਉਂਕਿ ਸਕਾਰਾਤਮਕ ਸੋਚ ਵਾਲੇ ਵਿਅਕਤੀ ਦਾ ਨਜ਼ਰੀਆ ਹਰੇਕ ਚੀਜ਼ ਨੂੰ ਵਧੀਆ ਬਣਾ ਦਿੰਦਾ ਹੈ ।
◆ ਸਾਡੇ ਨਜ਼ਰੀਏ ਕਰਕੇ ਹੀ ਕੁਝ ਲੋਕ ਸਾਨੂੰ ਚੰਗੇ ਲਗਦੇ ਹਨ ਅਤੇ ਕੁਝ ਲੋਕ ਬੁਰੇ ਲਗਦੇ ਹਨ । ਕਈ ਵਾਰੀ ਤਾਂ ਅਸੀਂ ਦੂਜਿਆਂ ਦੀਆਂ ਗ਼ਲਤੀਆਂ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦੇ ਹਾਂ ਕਿਉਂਕਿ ਸਾਨੂੰ ਉਸ ਵਿੱਚ ਕਮੀਆਂ ਨਜ਼ਰ ਨਹੀਂ ਆਉਂਦੀਆਂ । ਇਸ ਆਸ਼ਵਾਦੀ ਵਿਚਾਰਧਾਰਾ ਕਰਕੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਹਨ ।
◆ ਕੈਰੀਅਰ ਬਣਾਉਣ ਲਈ ਜਾਂ ਨੌਕਰੀ ਕਰਨ ਲਈ ਇੰਟਰਵਿਊ ਦੀ ਬਹੁਤ ਮਹੱਤਤਾ ਹੁੰਦੀ ਹੈ । ਇਸ ਲਈ ਸਾਨੂੰ ਬੋਲਣ ਦਾ ਇੱਕ ਸਲੀਕਾ ਵੀ ਆਉਣਾ ਚਾਹੀਦਾ ਹੈ ਤਾਂਕਿ ਅਸੀਂ ਇੰਟਰਵਿਊ ਲੈਣ ਵਾਲੇ ਨੂੰ ਪ੍ਰਭਾਵਿਤ ਕਰ ਸਕੀਏ ।
◆ ਸਾਡੀ ਭਾਸ਼ਾ ਦਾ ਸਾਹਮਣੇ ਵਾਲੇ ਉੱਤੇ ਕਾਫ਼ੀ ਵਧੀਆ ਪ੍ਰਭਾਵ ਪੈਂਦਾ ਹੈ । ਜੇਕਰ ਸਾਡੀ ਭਾਸ਼ਾ ਵਿਚ ਮਿਠਾਸ ਅਤੇ ਕੋਮਲਤਾ ਹੋਵੇਗੀ ਤਾਂ ਨਿਸ਼ਚੇ ਹੀ ਸਾਹਮਣੇ ਵਾਲਾ ਸਾਡੇ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੇਗਾ । ਇਸ ਲਈ ਸਾਡੀ ਭਾਸ਼ਾ ਸਾਡੀ ਸ਼ਖ਼ਸੀਅਤ ਦੇ ਨਿਰਧਾਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ ।
◆ ਹਰੇਕ ਵਿਦਿਆਰਥੀ ਨੂੰ ਆਪਣੀ ਅਵਾਜ਼, ਚਿਹਰੇ ਦੇ ਹਾਵ-ਭਾਵ, ਇਸ਼ਾਰਿਆਂ, ਸਰੀਰ ਦੀ ਮੁਦਰਾ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ । ਇਸ ਨਾਲ ਉਹ ਸਾਹਮਣੇ ਵਾਲੇ ਨੂੰ ਆਸਾਨੀ ਨਾਲ ਪ੍ਰਭਾਵਿਤ ਕਰ ਸਕਣਗੇ । ਇਸ ਨੂੰ ਸਰੀਰਿਕ ਭਾਸ਼ਾ ਦਾ ਨਾਮ ਵੀ ਦਿੱਤਾ ਜਾਂਦਾ ਹੈ ।
ਅਭਿਆਸ ਦੇ ਪ੍ਰਸ਼ਨ
ਕਿਰਿਆ – I
ਸਥਾਨ-ਜਮਾਤ ਦਾ ਕਮਰਾ, ਸਮਗਰੀ-ਇਕ ਪਾਣੀ ਦਾ ਅੱਧਾ ਭਰਿਆ ਗਲਾਸ ਬੱਚਿਉ, ਆਪਣੀ ਵਰਕਸ਼ੀਟ ’ਤੇ ਇਸ ਗਲਾਸ ਬਾਰੇ ਇੱਕ ਵਾਕ ਲਿਖੋ ।
ਪ੍ਰਸ਼ਨ–ਕੀ ਤੁਸੀਂ ਇਹ ਲਿਖਿਆ ਹੈ ਕਿ
1. ਪਾਣੀ ਦਾ ਗਲਾਸ ਅੱਧਾ ਖਾਲੀ ਹੈ ?
ਉੱਤਰ-ਨਹੀਂ, ਅਸੀਂ ਇਹ ਨਹੀਂ ਲਿਖਿਆ ਹੈ
2. ਪਾਣੀ ਦਾ ਗਲਾਸ ‘ਅੱਧਾ ਭਰਿਆ ਹੈ ?
ਉੱਤਰ-ਜੀ ਹਾਂ, ਅਸੀਂ ਇਹ ਲਿਖਿਆ ਹੈ ।
3, ਇਸ ਵਾਕ ਤੋਂ ਕੁਝ ਵੱਖਰਾ ਲਿਖਿਆ ਹੈ ?
ਉੱਤਰ-ਨਹੀਂ ।
ਸੋਚੋ ਅਤੇ ਦੱਸੋ—
ਪ੍ਰਸ਼ਨ 1. ਤੁਹਾਡੇ ਸਹਿਪਾਠੀਆਂ ਵਿੱਚੋਂ ਤੁਹਾਡਾ ਸਭ ਤੋਂ ਪਿਆਰਾ ਦੋਸਤ ਕੌਣ ਹੈ ?
ਉੱਤਰ-ਮੇਰੇ ਸਾਰੇ ਸਹਿਪਾਠੀਆਂ ਵਿੱਚੋਂ ਰਿਤੇਸ਼ ਚੋਪੜਾ ਮੇਰਾ ਸਭ ਤੋਂ ਪਿਆਰਾ ਦੋਸਤ ਹੈ ।
ਪ੍ਰਸ਼ਨ 2. ਤੁਹਾਡਾ ਪਿਆਰਾ ਦੋਸਤ ਤੁਹਾਨੂੰ ਕਿਹੜੇ ਗੁਣਾਂ ਕਾਰਨ ਚੰਗਾ ਲਗਦਾ ਹੈ ?
ਉੱਤਰ-ਮੇਰੇ ਦੋਸਤ ਦਾ ਸੁਭਾਅ ਬਹੁਤ ਵਧੀਆ ਹੈ । ਉਹ ਸਾਰਿਆਂ ਨਾਲ ਮਿੱਠਾ ਬੋਲਦਾ ਹੈ । ਕਿਸੇ ਨਾਲ ਮਾੜਾ ਨਹੀਂ ਬੋਲਦਾ ਅਤੇ ਨਾ ਹੀ ਕਿਸੇ ਨਾਲ ਮਾੜਾ ਕਰਦਾ ਹੈ । ਹਰ ਕਿਸੇ ਨਾਲ ਮਿਲਵਰਤਣ ਨਾਲ ਰਹਿੰਦਾ ਹੈ ਅਤੇ ਜਦੋਂ ਜ਼ੁਰਰਤ ਹੋਵੇ ਮੇਰੇ ਨਾਲ ਖੜ੍ਹਾ ਹੁੰਦਾ ਹੈ । ਇਸ ਲਈ ਉਹ ਮੈਨੂੰ ਬਹੁਤ ਚੰਗਾ ਲਗਦਾ ਹੈ ।
ਪ੍ਰਸ਼ਨ 3. ਕੌਣ ਤੁਹਾਨੂੰ ਚੰਗਾ ਨਹੀਂ ਲੱਗਦਾ ?
ਉੱਤਰ—ਮੈਨੂੰ ਨੀਲ ਚੰਗਾ ਨਹੀਂ ਲਗਦਾ ਕਿਉਂਕਿ ਬਿਨਾਂ ਮਤਲਬ ਸਾਰਿਆਂ ਦਾ ਮਜ਼ਾਕ ਉਡਾਉਂਦਾ ਰਹਿੰਦਾ ਹੈ ।
ਪਾਠ ਆਧਾਰਿਤ ਪ੍ਰਸ਼ਨ
ਪੇਜ 70-71
ਕਿਰਿਆ-1
ਇੰਟਰਵਿਊ ਜਮਾਤ ਦੇ ਸਾਹਮਣੇ ਹੋਵੇਗੀ । ਕੁਝ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਣਗੇ—
ਪ੍ਰਸ਼ਨ 1. ਜੇ ਤੁਸੀਂ C.R./ ਮਨੀਟਰ ਬਣ ਜਾਵੋ ਤਾਂ ਤੁਸੀਂ ਕੀ-ਕੀ ਕਰੋਗੇ ?
ਉੱਤਰ—ਜੇ ਮੈਂ C.R./ਮਨੀਟਰ ਬਣ ਗਿਆ ਤਾਂ ਸਭ ਤੋਂ ਪਹਿਲਾਂ ਮੈਂ ਕਲਾਸ ਦੇ ਅਨੁਸ਼ਾਸਨ ਨੂੰ ਠੀਕ ਕਰਾਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਕਈ ਬੱਚੇ ਕਲਾਸ ਦੇ ਅਨੁਸ਼ਾਸਨ ਨੂੰ ਖ਼ਰਾਬ ਕਰਦੇ ਹਨ । ਇਸ ਦੇ ਨਾਲ-ਨਾਲ ਮੈਂ ਕਲਾਸ ਦੀ ਸਫ਼ਾਈ ਦਾ ਧਿਆਨ ਰੱਖਾਂਗਾ ਕਿ ਕੋਈ ਵੀ ਵਿਦਿਆਰਥੀ ਕਲਾਸ ਨੂੰ ਗੰਦਾ ਨਾ ਕਰੇ । ਇਸਦੇ ਨਾਲ ਹੀ ਮੈਂ ਕਲਾਸ ਨੂੰ ਸੁੰਦਰ ਬਣਾਉਣ ਲਈ ਹੋਰ ਵਿਦਿਆਰਥੀਆਂ ਦੀ ਮੱਦਦ ਨਾਲ ਵੱਖ-ਵੱਖ ਪ੍ਰਕਾਰ ਦੇ ਉਪਰਾਲੇ ਕਰਾਂਗਾ ।
ਪ੍ਰਸ਼ਨ 2. ਤੁਸੀਂ ਆਪਣੇ ਆਪ ਵਿੱਚ ਕੀ ਸੁਧਾਰ ਲਿਆਓਗੇ ?
ਉੱਤਰ—ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਲਿਆਵਾਂਗਾ ਤਾਂਕਿ ਹੋਰ ਬੱਚੇ ਮੇਰੇ ਤੋਂ ਸਿੱਖਿਆ ਲੈ ਸਕਣ । ਜੇਕਰ ਕਲਾਸ ਦਾ ਮਨੀਟਰ ਹੀ ਅਨੁਸ਼ਾਸਨ ਵਿੱਚ ਨਹੀਂ ਰਹੇਗਾ ਤਾਂ ਹੋਰ ਬੱਚੇ ਕੀ ਅਨੁਸ਼ਾਸਨ ਵਿੱਚ ਰਹਿਣਗੇ । ਇਸ ਦੇ ਨਾਲ ਹੀ ਮੈਂ ਆਪਣੀ ਪੜ੍ਹਾਈ ਨੂੰ ਵਧੀਆ ਤਰੀਕੇ ਨਾਲ ਕਰਾਂਗਾ ਤਾਂਕਿ ਮੈਂ ਆਪਣੇ ਸਕੂਲ ਦਾ ਨਾਮ ਰੋਸ਼ਨ ਕਰ ਸਕਾਂ ।
ਪ੍ਰਸ਼ਨ 3. ਜਮਾਤ ਨੂੰ ਕਿਵੇਂ ਬਿਹਤਰ ਬਣਾਉਗੇ ?
ਉੱਤਰ— (i) ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਵਾਸਤੇ ਵਾਰ-ਵਾਰ ਕਹਾਂਗਾ ।
(ii) ਉਹਨਾਂ ਨੂੰ ਕਲਾਸ ਵਿੱਚ ਸਫ਼ਾਈ ਰੱਖਣ ਦੇ ਲਾਭ ਦੱਸਾਂਗਾ ਅਤੇ ਸਫ਼ਾਈ ਨਾ ਰੱਖਣ ਦੇ ਨੁਕਸਾਨ ਵੀ ਦੱਸਾਂਗਾ ।
(ii) ਬੱਚਿਆਂ ਨੂੰ ਲਗਾਤਾਰ ਵਧੀਆ ਨਤੀਜੇ ਲਿਆਉਣ ਲਈ ਪ੍ਰੇਰਿਤ ਕਰਾਂਗਾ ।
ਹੋਰ ਮਹੱਤਵਪੂਰਨ ਪ੍ਰਸ਼ਨ
(I) ਵਸਤੂਨਿਸ਼ਠ ਪ੍ਰਸ਼ਨ
(ੳ) ਬਹੁਵਿਕਲਪੀ ਪ੍ਰਸ਼ਨ–
1. …………… ਦਾ ਅਰਥ ਹੈ ਆਪਣੇ ਵਿਚਾਰਾਂ, ਭਾਵਨਾਵਾਂ ਨੂੰ ਪ੍ਰਗਟ ਕਰਨਾ ।
(a) ਇਜ਼ਹਾਰ
(b) ਇੰਟਰਵਿਊ
(c) ਸ਼ਾਬਾਸ਼ੀ
(d) ਸ਼ਖ਼ਸੀਅਤ l
ਉੱਤਰ—(a) ਇਜ਼ਹਾਰ ।
2. ਇਜ਼ਹਾਰ ਨਾਲ ਅਸੀਂ ਆਪਣੇ ……………. ਨੂੰ ਪੇਸ਼ ਕਰ ਸਕਦੇ ਹਾਂ ।
(a) ਵਿਚਾਰ
(b) ਭਾਵਨਾਵਾਂ
(c) ਪੱਖ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
3. ਆਪਣੇ ਆਪ ਨੂੰ ਸਹੀ ਤਰੀਕੇ ਪੇਸ਼ ਨਾ ਕਰਨ ਦਾ ………. ਪ੍ਰਭਾਵ ਪੈਂਦਾ ਹੈ।
(a) ਸਕਾਰਾਤਮਕ
(b) ਨਕਾਰਾਤਮਕ
(c) ਦੁੱਖ ਵਾਲਾ
(d) ਸੁੱਖ ਵਾਲਾ ।
ਉੱਤਰ-(b) ਨਕਾਰਾਤਮਕ l
4. ਮਿਹਨਤ ਕਰਨ ਨਾਲ ਹੀ—
(a) ਸ਼ਾਬਾਸ਼ੀ ਮਿਲਦੀ ਹੈ
(b) ਟੀਚੇ ਪ੍ਰਾਪਤ ਹੁੰਦੇ ਹਨ
(c) ਕਾਮਯਾਬੀ ਮਿਲਦੀ ਹੈ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
5. ਵਿਦਿਆਰਥੀ ਅਧਿਆਪਕ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਕਿਉਂ ਝਿਜਕਦੇ ਰਹਿੰਦੇ ਹਨ ?
(a) ਆਤਮ-ਵਿਸ਼ਵਾਸ ਦੀ ਕਮੀ
(b) ਸਵਾਲ ਦਾ ਉੱਤਰ ਨਾ ਆਉਂਦਾ ਹੋਣਾ
(c) ਉੱਤਰ ਦੱਸਣ ਦਾ ਢੰਗ ਨਾ ਆਉਣਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
6. ਨੌਕਰੀ ਦੇਣ ਤੋਂ ਪਹਿਲਾਂ ਪ੍ਰਸ਼ਨ ਪੁੱਛਣ ਦੀ ਪ੍ਰਕ੍ਰਿਆ ਨੂੰ ਕੀ ਕਹਿੰਦੇ ਹਨ ?
(a) ਇੰਟਰਵਿਊ
(b) ਅਨੁਸੂਚੀ
(c) ਪ੍ਰਸ਼ਨਾਵਲੀ
(d) ਅਵਲੋਕਲ ।
ਉੱਤਰ—(a) ਇੰਟਰਵਿਊ ।
7. ਬੋਲਦੇ ਹੋਏ ਸਾਡੀ …………… ਦਾ ਇੱਕ ਵਿਸ਼ੇਸ਼ ਪ੍ਰਭਾਵ ਪੈਂਦਾ ਹੈ ।
(a) ਸ਼ਖ਼ਸੀਅਤ
(b) ਵੇਸ਼ਭੂਸ਼ਾ
(c) ਭਾਸ਼ਾ
(d) ਹਾਵ-ਭਾਵ ।
ਉੱਤਰ—(c) ਭਾਸ਼ਾ
8. ਕਿਸੇ ਉੱਤੇ ਵਧੀਆ ਪ੍ਰਭਾਵ ਪਾਉਣ ਲਈ ਕਿਸ ਚੀਜ਼ ਦੀ ਲੋੜ ਹੁੰਦੀ ਹੈ ?
(a) ਅਵਾਜ਼
(b) ਚਿਹਰੇ ਦੇ ਹਾਵ-ਭਾਵ
(c) ਸਰੀਰ ਦੀ ਮੁਦਰਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
9. ਵਿਹਾਰਕ ਜੀਵਨ ਵਿੱਚ ਮੁਹਾਰਤ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ ?
(a) ਲਗਾਤਾਰ ਅਭਿਆਸ ਨਾਲ
(b) ਬੋਲਣ ਦੇ ਸਲੀਕੇ ਨਾਲ
(c) ਸਰੀਰਕ ਭਾਸ਼ਾ ਦਾ ਵਧੀਆ ਪ੍ਰਯੋਗ ਕਰਕੇ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
(ਅ) ਖਾਲੀ ਥਾਂਵਾਂ ਭਰੋ—
1. ਪ੍ਰਗਟਾਵੇ ਤੋਂ ਸਾਡੀ …………. ਦਾ ਅੰਦਾਜ਼ਾ ਹੋ ਜਾਂਦਾ ਹੈ ।
2. ਵਿਦਿਆਰਥੀ ਵਲੋਂ ਅਧਿਆਪਕ ਦੇ ਪ੍ਰਸ਼ਨ ਦਾ ਉੱਤਰ ਨਾ ਦੇਣ ਦਾ ਮੁੱਖ ਕਾਰਨ …………… ਦੀ ਕਮੀ ਹੁੰਦਾ ਹੈ ।
3. ਹਰੇਕ ਵਿਅਕਤੀ ਦਾ ਕਿਸੇ ਵਸਤੂ ਨੂੰ ਦੇਖਣ ਦਾ ਆਪਣਾ …………. ਹੁੰਦਾ ਹੈ ।
4. ਵਿਅਕਤੀ ਨੂੰ ਹਮੇਸ਼ਾਂ ……………. ਸੋਚ ਰੱਖਣੀ ਚਾਹੀਦੀ ਹੈ ।
5. ………… ਦੇਣ ਦਾ ਆਪਣਾ ਇੱਕ ਸਲੀਕਾ ਹੁੰਦਾ ਹੈ ।
6. ਬੋਲਣ ਵਾਲੇ ਦੀ ……………. ਦਾ ਇੱਕ ਵਿਸ਼ੇਸ਼ ਪ੍ਰਭਾਵ ਪੈਂਦਾ ਹੈ ।
ਉੱਤਰ-1. ਸ਼ਖ਼ਸੀਅਤ, 2. ਆਤਮ-ਵਿਸ਼ਵਾਸ, 3. ਨਜ਼ਰੀਆ, 4. ਸਕਾਰਾਤਮਕ, 5. ਇੰਟਰਵਿਊ, 6. ਭਾਸ਼ਾ ।
(ੲ) ਸਹੀ/ਗ਼ਲਤ ਚੁਣੋ –
1. ਜੇਕਰ ਅਸੀਂ ਆਪਣੇ ਆਪ ਨੂੰ ਸਹੀ ਤਰੀਕੇ ਪੇਸ਼ ਨਹੀਂ ਕਰ ਸਕਦੇ ਤਾਂ ਉਸਦਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ l
2. ਪ੍ਰਗਟਾਵੇ ਦੇ ਸਹੀ ਢੰਗ ਨਾਲ ਵਿਅਕਤੀ ਦੀਆਂ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ ।
3. ਕਿਸੇ ਵਸਤੂ ਨੂੰ ਦੇਖਣ ਦਾ ਸਾਰਿਆਂ ਦਾ ਨਜ਼ਰੀਆ ਇੱਕੋ ਜਿਹਾ ਹੁੰਦਾ ਹੈ ।
4. ਸਾਡਾ ਨਜ਼ਰੀਆ ਹੀ ਸਾਡੇ ਆਲੇ-ਦੁਆਲੇ ਨੂੰ ਪਰਿਭਾਸ਼ਿਤ ਕਰਦਾ ਹੈ ।
5. ਆਸ਼ਾਵਾਦੀ ਲੋਕ ਹਰਮਨ-ਪਿਆਰੇ ਹੁੰਦੇ ਹਨ ।
ਉੱਤਰ-1. ਗ਼ਲਤ, 2. ਸਹੀ, 3. ਗ਼ਲਤ, 4. ਸਹੀ, 5. ਸਹੀ ।
(II) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਇਜ਼ਹਾਰ ਦਾ ਕੀ ਅਰਥ ਹੈ ?
ਉੱਤਰ-ਇਜ਼ਹਾਰ ਦਾ ਅਰਥ ਹੈ ਆਪਣੀਆਂ ਭਾਵਨਾਵਾਂ, ਵਿਚਾਰਾਂ ਅਤੇ ਆਪਣੇ ਪੱਖ ਨੂੰ ਕਿਸੇ ਦੇ ਸਾਹਮਣੇ ਪੇਸ਼ ਕਰਨਾ ।
ਪ੍ਰਸ਼ਨ 2. ਕਿਸੇ ਉੱਤੇ ਸਾਡਾ ਨਕਾਰਾਤਮਕ ਪ੍ਰਭਾਵ ਕਦੋਂ ਪੈਂਦਾ ਹੈ ?
ਉੱਤਰ—ਜਦੋਂ ਅਸੀਂ ਉਸ ਵਿਅਕਤੀ ਦੇ ਸਾਹਮਣੇ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕਰ ਸਕਦੇ ।
ਪ੍ਰਸ਼ਨ 3. ਵਧੀਆ ਪ੍ਰਗਟ ਕਰਨ ਦੇ ਤਰੀਕੇ ਦਾ ਕੀ ਲਾਭ ਹੁੰਦਾ ਹੈ ?
ਉੱਤਰ—ਇਸ ਨਾਲ ਵਿਅਕਤੀ ਜੀਵਨ ਵਿੱਚ ਕਾਫ਼ੀ ਪ੍ਰਗਤੀ ਕਰ ਲੈਂਦਾ ਹੈ ।
ਪ੍ਰਸ਼ਨ 4. ਮਾਸਟਰ ਜੀ ਨੇ ਵਿਦਿਆਰਥੀਆਂ ਨੂੰ ਕਿਸ ਰਾਜ ਦੇ ਜ਼ਿਲ੍ਹੇ ਲਿਖਣ ਲਈ ਕਿਹਾ ?
ਉੱਤਰ-ਮਾਸਟਰ ਜੀ ਨੇ ਵਿਦਿਆਰਥੀਆਂ ਨੂੰ ਪੰਜਾਬ ਦੇ ਜ਼ਿਲ੍ਹਿਆਂ ਦੇ ਨਾਮ ਕਾਪੀ ਵਿੱਚ ਲਿਖਣ ਲਈ ਕਿਹਾ ।
ਪ੍ਰਸ਼ਨ 5. ਰਵਿੰਦਰ ਨੇ ਕਿਸ ਤੋਂ ਕਾਪੀ ਮੰਗੀ ?
ਉੱਤਰ-ਰਵਿੰਦਰ ਨੇ ਪਰਗਟ ਤੋਂ ਕੰਮ ਕਰਨ ਲਈ ਕਾਪੀ ਮੰਗੀ ।
ਪ੍ਰਸ਼ਨ 6. ਕਿਸ ਨੇ ਸਾਰੇ ਜ਼ਿਲ੍ਹਿਆਂ ਦੇ ਨਾਮ ਸਹੀ-ਸਹੀ ਦੱਸੇ ?
ਉੱਤਰ-ਪਰਗਟ ਸਿੰਘ ਨੇ ਸਾਰੇ ਜ਼ਿਲ੍ਹਿਆਂ ਦੇ ਨਾਮ ਸਹੀ-ਸਹੀ ਦੱਸੇ ਅਤੇ ਉਸਨੂੰ ਮਾਸਟਰ ਜੀ ਵਲੋਂ ਸਾਬਾਸ਼ੀ ਵੀ ਮਿਲੀ ।
ਪ੍ਰਸ਼ਨ 7. ਪਰਗਟ ਨੂੰ ਡਾਂਟ ਪੈਣ ਦਾ ਮੁੱਖ ਕਾਰਨ ਕੀ ਸੀ ?
ਉੱਤਰ-ਪਰਗਟ ਨੂੰ ਡਾਂਟ ਪੈਣ ਦਾ ਮੁੱਖ ਕਾਰਨ ਉਸਦੇ ਵਿੱਚ ਆਪਣਾ ਪੱਖ ਨਾ ਰੱਖ ਸਕਣ ਦੀ ਅਸਮਰੱਥਾ ਸੀ ।
ਪ੍ਰਸ਼ਨ 8. ਸਾਨੂੰ ਪਰੇਸ਼ਾਨੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-ਸਾਨੂੰ ਪਰੇਸ਼ਾਨੀ ਤੋਂ ਬਚਣ ਲਈ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਾ ਆਉਣਾ ਚਾਹੀਦਾ ਹੈ ।
ਪ੍ਰਸ਼ਨ 9. ਵਿਦਿਆਰਥੀ ਕਲਾਸ ਵਿੱਚ ਅਧਿਆਪਕ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਨਹੀਂ ਦਿੰਦੇ । ਕਿਉਂ ?
ਉੱਤਰ-ਕਿਉਂਕਿ ਉਹਨਾਂ ਵਿੱਚ ਆਤਮ-ਵਿਸ਼ਵਾਸ ਦੀ ਕਮੀ ਹੁੰਦੀ ਹੈ, ਸਵਾਲ ਦਾ ਉੱਤਰ ਨਹੀਂ ਆਉਂਦਾ ਜਾਂ ਫਿਰ ਉੱਤਰ ਦੱਸਣ ਦਾ ਤਰੀਕਾ ਨਹੀਂ ਆਉਂਦਾ ।
ਪ੍ਰਸ਼ਨ 10. ਵਿਦਿਆਰਥੀਆਂ ਵਿੱਚ ਸਵੈ-ਪ੍ਰਗਟਾਵੇ ਦਾ ਹੁਨਰ ਕਿਵੇਂ ਨਿਖਾਰਿਆ ਜਾ ਸਕਦਾ ਹੈ ?
ਉੱਤਰ—ਉਹਨਾਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਸਮੂਲੀਅਤ ਕਰਵਾ ਦੇ ਇਹ ਹੁਨਰ ਨਿਖਾਰਿਆ ਜਾ ਸਕਦਾ ਹੈ ।
ਪ੍ਰਸ਼ਨ 11. ਕਿਸੇ ਮਨੁੱਖ ਦੀ ਸ਼ਖ਼ਸੀਅਤ ਬਾਰੇ ਕਿਵੇਂ ਪਤਾ ਚਲਦਾ ਹੈ ?
ਉੱਤਰ-ਕਿਸੇ ਵਸਤੂ ਨੂੰ ਦੇਖਣ ਦੇ ਨਜ਼ਰੀਏ ਤੋਂ ਹੀ ਉਸ ਦੀ ਸ਼ਖ਼ਸੀਅਤ ਦਾ ਪਤਾ ਚੱਲ ਜਾਂਦਾ ਹੈ ।
ਪ੍ਰਸ਼ਨ 12. ਮਨੁੱਖ ਦਾ ਨਜ਼ਰੀਆ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ ?
ਉੱਤਰ-ਮਨੁੱਖ ਦਾ ਨਜ਼ਰੀਆ ਹਾਂ-ਪੱਖੀ ਜਾਂ ਸਕਾਰਾਤਮਕ ਹੋਣਾ ਚਾਹੀਦਾ ਹੈ ।
ਪ੍ਰਸ਼ਨ 13. ਸਾਡੇ ਅਧਿਆਪਕ ਸਾਡੇ ਤੋਂ ਕੀ ਆਸ ਰੱਖਦੇ ਹਨ ?
ਉੱਤਰ—ਉਹ ਸਾਡੇ ਤੋਂ ਹਾਂ-ਪੱਖੀ ਜਾਂ ਸਕਾਰਾਤਮਕ ਨਜ਼ਰੀਏ ਦੀ ਆਸ ਰੱਖਦੇ ਹਨ ।
ਪ੍ਰਸ਼ਨ 14. ਨਾ-ਪੱਖੀ ਜਾਂ ਨਕਾਰਾਤਮਕ ਸੋਚ ਵਾਲੇ ਵਿਅਕਤੀ ਕਿਹੋ ਜਿਹੇ ਹੁੰਦੇ ਹਨ ?
ਉੱਤਰ—ਉਹ ਹਮੇਸ਼ਾ ਹੋਰ ਵਿਅਕਤੀਆਂ ਵਿੱਚ ਕਮੀਆਂ ਅਤੇ ਦੋਸ਼ ਲੱਭਦੇ ਹਨ ।
ਪ੍ਰਸ਼ਨ 15. ਆਸ਼ਾਵਾਦੀ ਰਹਿਣ ਦਾ ਵਿਅਕਤੀ ਨੂੰ ਕੀ ਲਾਭ ਹੁੰਦਾ ਹੈ ?
ਉੱਤਰ-ਆਸ਼ਾਵਾਦੀ ਵਿਅਕਤੀਆਂ ਦਾ ਸਾਰੇ ਸਤਿਕਾਰ ਕਰਦੇ ਹਨ ਅਤੇ ਉਹ ਲੋਕਾਂ ਵਿੱਚ ਹਰਮਨ-ਪਿਆਰੇ ਹੋ ਜਾਦੇ ਹਨ ।
ਪ੍ਰਸ਼ਨ 16. ਇੰਟਰਵਿਊ ਦਾ ਕੀ ਅਰਥ ਹੈ ?
ਉੱਤਰ-ਕਿਸੇ ਵਿਸ਼ੇ ਉੱਤੇ ਜੇਕਰ ਕਿਸੇ ਵਿਅਕਤੀ ਨੂੰ ਪ੍ਰਸ਼ਨ ਪੁੱਛੇ ਜਾਣ ਅਤੇ ਉਹ ਉਹਨਾਂ ਪ੍ਰਸ਼ਨਾਂ ਦਾ ਉੱਤਰ ਦੇਵੇ ਤਾਂ ਉਸ ਪ੍ਰਕ੍ਰਿਆ ਨੂੰ ਇੰਟਰਵਿਊ ਕਹਿੰਦੇ ਹਨ ।
ਪ੍ਰਸ਼ਨ 17. ਬੋਲਦੇ ਹੋਏ ਸਾਹਮਣੇ ਵਾਲੇ ਵਿਅਕਤੀ ਉੱਤੇ ਸਾਡੀ ਕਿਸ ਚੀਜ਼ ਦਾ ਪ੍ਰਭਾਵ ਪੈਂਦਾ ਹੈ ?
ਉੱਤਰ-ਬੋਲਦੇ ਹੋਏ ਸਾਹਮਣੇ ਵਾਲੇ ਵਿਅਕਤੀ ਉੱਤੇ ਸਾਡੀ ਭਾਸ਼ਾ ਦਾ ਪ੍ਰਭਾਵ ਪੈਂਦਾ ਹੈ ।
ਪ੍ਰਸ਼ਨ 18. ਕਿਸੇ ਉੱਤੇ ਪ੍ਰਭਾਵ ਪਾਉਣ ਲਈ ਸਾਨੂੰ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-ਸਾਡੀ ਭਾਸ਼ਾ (ਸ਼ਬਦ) ਅਤੇ ਸਾਡੀ ਸਰੀਰਕ ਭਾਸ਼ਾ ਅਰਥਾਤ ਹਾਵ-ਭਾਵ ਦਾ ।
(III) ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਪ੍ਰਗਟਾਵੇ ਦੇ ਮਹੱਤਵ ਉੱਤੇ ਇੱਕ ਨੋਟ ਲਿਖੋ ।
ਉੱਤਰ-ਇਜ਼ਹਾਰ ਜਾਂ ਪ੍ਰਗਟਾਵੇ ਦਾ ਅਰਥ ਹੈ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਕਿਸੇ ਦੇ ਸਾਹਮਣੇ ਪੇਸ਼ ਕਰਨਾ ਜਾਂ ਰੱਖਣਾ । ਸਾਡੇ ਇਜ਼ਹਾਰ ਕਰਨ ਦੇ ਤਰੀਕੇ ਤੋਂ ਹੀ ਸਾਡੀ ਸ਼ਖ਼ਸੀਅਤ ਦਾ ਪਤਾ ਚੱਲ ਜਾਂਦਾ ਹੈ । ਇਸ ਲਈ ਜੇਕਰ ਅਸੀਂ ਚਾਹੁੰਦੇ ਹਾਂ ਕਿ ਕਿਸੇ ਨੂੰ ਸਾਡੀ ਸ਼ਖ਼ਸੀਅਤ ਪ੍ਰਭਾਵਸ਼ਾਲੀ ਲੱਗੇ, ਇਸ ਲਈ ਇਹ ਜ਼ਰੂਰੀ ਹੈ ਕਿ ਸਾਡੇ ਵਿੱਚ ਸਵੈ-ਪ੍ਰਗਟਾਵੇ ਦਾ ਗੁਣ ਹੋਵੇ । ਕਈ ਵਾਰੀ ਸਾਡੇ ਵਿੱਚ ਇਹ ਗੁਣ ਮੌਜੂਦ ਹੁੰਦਾ ਹੈ ਪਰ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਹੁੰਦਾ ਜਿਸ ਕਰਕੇ ਅਸੀਂ ਆਪਣੇ ਆਪ ਨੂੰ ਠੀਕ ਤਰੀਕੇ ਨਾਲ ਪੇਸ਼ ਨਹੀਂ ਕਰ ਪਾਉਂਦੇ । ਵਧੀਆ ਪ੍ਰਗਟਾਵੇ ਦੇ ਤਰੀਕੇ ਨਾਲ ਵਿਅਕਤੀ ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਦਾ ਹੈ । ਇਸ ਲਈ ਸਾਡੇ ਜੀਵਨ ਵਿੱਚ ਪ੍ਰਗਟਾਵੇ ਦਾ ਬਹੁਤ ਮਹੱਤਵ ਹੁੰਦਾ ਹੈ ।
ਪ੍ਰਸ਼ਨ 2. ਆਮ ਤੌਰ ਉੱਤੇ ਵਿਦਿਆਰਥੀ ਅਧਿਆਪਕ ਵਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਨਹੀਂ ਦਿੰਦੇ । ਇਸ ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ— (i) ਆਤਮ-ਵਿਸ਼ਵਾਸ ਦੀ ਕਮੀ—ਹੋ ਸਕਦਾ ਹੈ ਕਿ ਵਿਦਿਆਰਥੀ ਵਿੱਚ ਆਤਮ-ਵਿਸ਼ਵਾਸ ਦੀ ਕਮੀ ਹੋਵੇ ਅਤੇ ਉਹ ਆਪਣੇ ਵਿਚਾਰਾਂ ਦਾ ਇਜ਼ਹਾਰ ਨਾ ਕਰ ਸਕਦਾ ਹੋਵੇ ਅਤੇ ਪ੍ਰਸ਼ਨਾਂ ਦੇ ਉੱਤਰ ਨਾ ਦੇਵੇ ।
(ii) ਸਹੀ ਉੱਤਰ ਦਾ ਪਤਾ ਨਾ ਹੋਣਾ—ਹੋ ਸਕਦਾ ਹੈ ਕਿ ਵਿਦਿਆਰਥੀਆਂ ਨੇ ਪਾਠ ਪੜ੍ਹਿਆ ਹੀ ਨਾ ਹੋਵੇ ਅਤੇ ਇਸ ਕਰਕੇ ਉਸ ਨੂੰ ਸਹੀ ਉੱਤਰਾਂ ਦਾ ਪਤਾ ਹੀ ਨਾ ਹੋਵੇ ।
(iii) ਉੱਤਰ ਦੱਸਣ ਦਾ ਤਰੀਕਾ ਨਾ ਆਉਣਾ—ਇਹ ਵੀ ਸਕਦਾ ਹੈ ਕਿ ਉਸਨੂੰ ਉੱਤਰ ਤਾਂ ਪਤਾ ਹੋਵੇ ਪਰ ਉੱਤਰ ਦੱਸਣ ਦਾ ਸਹੀ ਤਰੀਕਾ ਨਾ ਪਤਾ ਹੋਵੇ । ਇਸ ਲਈ ਉਹ ਉੱਤਰ ਨਹੀਂ ਦਿੰਦਾ ।
ਪ੍ਰਸ਼ਨ 3. ਹਾਂ-ਪੱਖੀ ਜਾਂ ਸਕਾਰਾਤਮਕ ਨਜ਼ਰੀਏ ਉੱਤੇ ਨੋਟ ਲਿਖੋ ।
ਉੱਤਰ—ਹਰੇਕ ਵਿਅਕਤੀ ਦਾ ਕਿਸੇ ਨਾ ਕਿਸੇ ਵਸਤੂ ਨੂੰ ਵੇਖਣ ਦਾ ਇੱਕ ਨਜ਼ਰੀਆ ਹੁੰਦਾ ਹੈ । ਜੇਕਰ ਵਿਅਕਤੀ ਨੂੰ ਉਹ ਵਸਤੂ ਵਧੀਆ ਲਗਦੀ ਹੈ ਅਤੇ ਉਸ ਵਿੱਚ ਕਈ ਤਰ੍ਹਾਂ ਦੇ ਗੁਣ ਲੱਭ ਲੈਂਦਾ ਹੈ ਤਾਂ ਇਸ ਨੂੰ ਸਕਾਰਾਤਮਕ ਜਾਂ ਹਾਂ-ਪੱਖੀ ਨਜ਼ਰੀਆ ਕਹਿੰਦੇ ਹਨ । ਪਰ ਜੇਕਰ ਉਸ ਨੂੰ ਉਸ ਵਸਤੂ ਵਿੱਚ ਕਮੀਆਂ ਨਜ਼ਰ ਆਉਂਦੀਆਂ ਹਨ ਅਤੇ ਉਹ ਚੀਜ਼ ਚੰਗੀ ਨਹੀਂ ਲਗਦੀ ਤਾਂ ਇਸ ਨੂੰ ਨਕਾਰਾਤਮਕ ਜਾਂ ਨਾ-ਪੱਖੀ ਨਜ਼ਰੀਆ ਕਹਿੰਦੇ ਹਨ । ਵਿਅਕਤੀ ਦਾ ਕਿਸੇ ਵਸਤੂ ਨੂੰ ਦੇਖਣ ਦਾ ਨਜ਼ਰੀਆ ਅਸਲ ਵਿੱਚ ਉਸ ਦੀ ਸ਼ਖ਼ਸੀਅਤ ਬਾਰੇ ਦੱਸਦਾ ਹੈ । ਜੇਕਰ ਵਿਅਕਤੀ ਦਾ ਨਜ਼ਰੀਆ ਨਕਾਰਾਤਮਕ ਹੈ ਤਾਂ ਉਹ ਜੀਵਨ ਵਿੱਚ ਪ੍ਰਗਤੀ ਨਹੀ ਕਰ ਸਕਦਾ ਪਰ ਜੇਕਰ ਉਸ ਦਾ ਜੀਵਨ ਦੇਖਣ ਦਾ ਨਜ਼ਰੀਆ ਸਕਾਰਾਤਮਕ ਹੈ ਤਾਂ ਉਹ ਨਿਸ਼ਚੇ ਹੀ ਜੀਵਨ ਵਿੱਚ ਪ੍ਰਗਤੀ ਕਰ ਲਵੇਗਾ ।
ਪ੍ਰਸ਼ਨ 4. ‘‘ਸਾਡਾ ਨਜ਼ਰੀਆ ਸਾਡੇ ਆਲੇ-ਦੁਆਲੇ ਨੂੰ ਪਰਿਭਾਸ਼ਿਤ ਕਰਦਾ ਹੈ ।” ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਨਜ਼ਰੀਆ ਹੀ ਸਾਡੇ ਆਲੇ-ਦੁਆਲੇ ਨੂੰ ਪਰਿਭਾਸ਼ਿਤ ਕਰਦਾ ਹੈ । ਉਦਾਹਰਨ ਦੇ ਲਈ ਇੱਕ ਪਾਣੀ ਦਾ ਗਲਾਸ ਅੱਧਾ ਖਾਲੀ ਹੈ ਜਾਂ ਅੱਧਾ ਭਰਿਆ ਹੋਇਆ ਹੈ, ਸਿਰਫ਼ ਇਸ ਤੋਂ ਹੀ ਵਿਅਕਤੀ ਦੇ ਨਜ਼ਰੀਏ ਬਾਰੇ ਪਤਾ ਚੱਲ ਜਾਂਦਾ ਹੈ । ਜੇਕਰ ਵਿਅਕਤੀ ਲਈ ਗਲਾਸ ਅੱਧਾ ਖਾਲੀ ਹੈ ਤਾਂ ਉਹ ਨਕਾਰਾਤਮਕ ਸੋਚ ਵਾਲਾ ਵਿਅਕਤੀ ਹੈ ਪਰ ਜੇਕਰ ਉਸ ਲਈ ਗਲਾਸ ਅੱਧਾ ਭਰਿਆ ਹੈ ਤਾਂ ਉਹ ਸਕਾਰਾਤਮਕ ਸੋਚ ਵਾਲਾ ਵਿਅਕਤੀ ਹੈ । ਸਕਾਰਾਤਮਕ ਸੋਚ ਵਾਲਾ ਵਿਅਕਤੀ ਹਮੇਸ਼ਾ ਹੋਰ ਵਿਅਕਤੀਆਂ ਵਿੱਚ ਗੁਣ ਲੱਭਦਾ ਹੈ ਜਦਕਿ ਨਕਾਰਾਤਮਕ ਸੋਚ ਵਾਲਾ ਵਿਅਕਤੀ ਹਮੇਸ਼ਾਂ ਹੋਰ ਵਿਅਕਤੀਆਂ ਵਿੱਚ ਕਮੀਆਂ ਲੱਭਦਾ ਹੈ । ਇਸ ਨਾਲ ਹੀ ਸਾਡੀ ਸਹੀ ਜਾਂ ਗ਼ਲਤ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ ਅਤੇ ਅਸੀਂ ਉਸ ਦੇ ਅਨੁਸਾਰ ਜੀਵਨ ਵਿੱਚ ਪ੍ਰਗਤੀ ਕਰਦੇ ਹਾਂ ਜਾਂ ਨਹੀਂ ਕਰਦੇ ਹਾਂ ।
ਪ੍ਰਸ਼ਨ 5. ਸਾਡੇ ਸਕਾਰਾਤਮਕ ਜਾਂ ਨਕਾਰਾਤਮਕ ਨਜ਼ਰੀਏ ਦਾ ਕੀ ਸਿੱਟਾ ਨਿਕਲਦਾ ਹੈ ?
ਉੱਤਰ-ਸਾਡੇ ਸਕਾਰਾਮਕ ਜਾਂ ਨਕਾਰਾਤਮਕ ਨਜ਼ਰੀਏ ਕਰਕੇ ਹੀ ਸਾਨੂੰ ਕੁਝ ਲੋਕ ਚੰਗੇ ਲਗਦੇ ਹਨ ਅਤੇ ਕੁਝ ਲੋਕ ਮਾੜੇ ਲਗਦੇ ਹਨ । ਜੇਕਰ ਸਾਡਾ ਨਜ਼ਰੀਆ ਹਾਂ ਪੱਖੀ ਹੈ ਤਾਂ ਸਾਨੂੰ ਕਿਸੇ ਵਿੱਚ ਕੋਈ ਕਮੀ ਨਜ਼ਰ ਨਹੀਂ ਆਉਂਦੀ ਅਤੇ ਕੋਈ ਛੋਟੀ-ਮੋਟੀ ਕਮੀ ਨੂੰ ਵੀ ਅਸੀਂ ਅੱਖੋਂ ਉਹਲੇ ਕਰ ਦਿੰਦੇ ਹਾਂ । ਇਸਦੇ ਉਲਟ ਕਈ ਵਾਰੀ ਨਾਂ-ਪੱਖੀ ਸੋਚ ਵਾਲਾ ਵਿਅਕਤੀ ਚੰਗੇ ਵਿਅਕਤੀਆਂ ਵਿੱਚ ਵੀ ਕਮੀਆਂ ਕੱਢ ਦਿੰਦਾ ਹੈ । ਜਿਹੜੇ ਲੋਕ ਹਮੇਸ਼ਾਂ ਹਾਂ-ਪੱਖੀ ਜਾਂ ਸਕਾਰਾਤਮਕ ਸੋਚ ਰੱਖਦੇ ਹਨ । ਸਾਰੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਹਨ । ਉਹ ਲੋਕਾਂ ਵਿੱਚ ਹਰਮਨ-ਪਿਆਰੇ ਵੀ ਹੋ ਜਾਂਦੇ ਹਨ ਅਤੇ ਜ਼ਿੰਦਗੀ ਵਿੱ ਤਰੱਕੀ ਵੀ ਕਰ ਲੈਂਦੇ ਹਨ ।
ਪ੍ਰਸ਼ਨ 6. ਸਾਡੀ ਭਾਸ਼ਾ ਦਾ ਹੋਰ ਵਿਅਕਤੀਆਂ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ—ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਸਾਡੀ ਭਾਸ਼ਾ ਦਾ ਉਹਨਾਂ ਉੱਤੇ ਇਕ ਵਿਸ਼ੇਸ਼ ਪ੍ਰਭਾਵ ਪੈਂਦਾ ਹੈ । ਜੇਕਰ ਅਸੀਂ ਆਪਣੀ ਸਖ਼ਸ਼ੀਅਤ ਦਾ ਕਿਸੇ ਉੱਤੇ ਵਧੀਆ ਪ੍ਰਭਾਵ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਬਹੁਤ ਹੀ ਹਲੀਮੀ ਵਾਲੇ ਸ਼ਬਦਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ । ਸਾਡੀ ਅਵਾਜ਼ ਵਿੱਚ ਮਧੁਰਤਾ, ਕੋਮਲਤਾ ਅਤੇ ਮਿਠਾਸ ਹੋਣੀ ਚਾਹੀਦੀ ਹੈ । ਇਹਨਾਂ ਸਭ ਦਾ ਸਾਡੀ ਸਖ਼ਸ਼ੀਅਤ ਦੇ ਵਿਕਾਸ ਉੱਤੇ ਵੀ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ । ਸਾਡੀ ਗੱਲਬਾਤ ਕਰਨ ਦਾ ਤਰੀਕਾ ਵੀ ਸਾਡੀ ਸ਼ਖ਼ਸੀਅਤ ਅਤੇ ਹੋਰਾਂ ਨਾਲ ਰਿਸ਼ਤਿਆਂ ਨੂੰ ਪ੍ਰਭਾਵਿਤ ਕਰਦਾ ਹੈ ।
ਪ੍ਰਸ਼ਨ 7. ਪ੍ਰਭਾਵਸ਼ਾਲੀ ਗੱਲਬਾਤ ਕਰਨ ਦੇ ਕਿਹੜੇ ਦੋ ਸਫਲ ਸਾਧਨ ਹਨ ?
ਉੱਤਰ— (i) ਭਾਸ਼ਾ—ਕਿਸੇ ਨਾਲ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਗੱਲ ਕਰਨ ਵਿੱਚ ਸਾਡੀ ਭਾਸ਼ਾ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ । ਜੇਕਰ ਸਾਡੀ ਭਾਸ਼ਾ ਹਲੀਮੀ ਵਾਲੀ ਹੈ, ਅਵਾਜ਼ ਵਿਚ ਕੋਮਲਤਾ ਹੈ ਤਾਂ ਨਿਸ਼ਚੇ ਹੀ ਸਾਹਮਣੇ ਵਾਲਾ ਵਿਅਕਤੀ ਸਾਡੇ ਤੋਂ ਪ੍ਰਭਾਵਿਤ ਹੋ ਜਾਵੇਗਾ । ਪਰ ਜੇਕਰ ਸਾਡੀ ਭਾਸ਼ਾ ਹੀ ਗ਼ਲਤ ਹੈ ਤਾਂ ਸਾਹਮਣੇ ਵਾਲਾ ਸਾਨੂੰ ਨਫ਼ਰਤ ਦੀ ਨਜ਼ਰ ਨਾਲ ਵੇਖੇਗਾ ।
(ii) ਸਰੀਰਕ ਭਾਸ਼ਾ-ਪ੍ਰਭਾਵਸ਼ਾਲੀ ਗੱਲਬਾਤ ਵਿੱਚ ਸਾਡੀ ਸਰੀਰਕ ਭਾਸ਼ਾ ਦੀ ਵੀ ਬੜੀ ਭੂਮਿਕਾ ਹੁੰਦੀ ਹੈ । ਕਿਸੇ ਨਾਲ ਗੱਲਬਾਤ ਕਰਦੇ ਸਮੇਂ ਸਾਡੇ ਚੇਹਰੇ ਦੇ ਹਾਵ-ਭਾਵ ਕਿਵੇਂ ਹਨ, ਅਸੀਂ ਕਿਸ ਤਰ੍ਹਾਂ ਦੇ ਇਸ਼ਾਰੇ ਕਰਦੇ ਹਾਂ ਜਾਂ ਇਸ਼ਾਰਿਆਂ ਨਾਲ ਗੱਲਾਂ ਸਮਝਾਉਂਦੇ ਹਾਂ, ਇਸ ਦਾ ਵੀ ਦੂਜੇ ਵਿਅਕਤੀ ਉੱਤੇ ਅਸਰ ਪੈਂਦਾ ਹੈ |
(IV) ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ—ਇੰਟਰਵਿਊ ਦੇ ਸਮੇਂ ਕਿਹੜੇ ਗੁਰਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ?
ਉੱਤਰ-ਇੰਟਰਵਿਊ ਦੇ ਸਮੇਂ ਹੇਠਾਂ ਲਿਖੇ ਗੁਰਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ—
(i) ਇੰਟਰਵਿਊ ਲੈਣ ਵਾਲੇ ਦੇ ਸਵਾਲ ਛੋਟੇ ਅਤੇ ਢੁੱਕਵੇਂ ਹੋਣੇ ਚਾਹੀਦੇ ਹਨ ।
(ii) ਉਸ ਦੀ ਭਾਸ਼ਾ ਸੌਖੀ ਹੋਵੇ ਅਤੇ ਸਵਾਲ ਦੁਬਾਰਾ ਨਾ ਬੋਲੇ ਜਾਣ ।
(iii) ਜੇ ਕਿਸੇ ਨੌਕਰੀ ਲਈ ਇੰਟਰਵਿਊ ਹੈ ਤਾਂ ਉਸ ਨੌਕਰੀ ਨਾਲ ਸੰਬੰਧਿਤ ਗੁਣ ਜ਼ਰੂਰ ਦੇਖੇ ਜਾਣੇ ਚਾਹੀਦੇ ਹਨ ।
(iv) ਸਵਾਲ ਪੁੱਛਦੇ ਸਮੇਂ ਆਦਰ-ਸਨਮਾਨ ਵੀ ਵਿਆਖਿਆ ਜਾਵੇ ।
(v) ਇੰਟਰਵਿਊ ਦੇਣ ਵਾਲਾ ਪੂਰੇ ਵਿਸ਼ਵਾਸ ਨਾਲ ਉੱਤਰ ਦੇਵੇ ।
(vi) ਉੱਤਰ ਹਲਕੀ ਜਿਹੀ ਮੁਸਕਰਾਹਟ ਨਾਲ ਦਿੱਤੇ ਜਾਣ ।
(vii) ਟਿਕ ਕੇ ਸਿੱਧੇ ਬੈਠਣਾ ਚਾਹੀਦਾ ਹੈ ।
(viii) ਨਿਮਰਤਾ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਜਾਂਦੇ ਸਮੇਂ ਧੰਨਵਾਦ ਵੀ ਕਰਨਾ ਚਾਹੀਦਾ ਹੈ ।
(ix) ਜੇਕਰ ਕਿਸੇ ਪ੍ਰੇਸ਼ਨ ਦਾ ਉੱਤਰ ਪਤਾ ਨਹੀਂ ਹੈ ਤਾਂ ਪੂਰੀ ਇਮਾਨਦਾਰੀ ਨਾਲ ਮੰਨ ਲੈਣਾ ਚਾਹੀਦਾ ਹੈ ਕਿ ਇਸ ਪ੍ਰਸ਼ਨ ਦਾ ਉੱਤਰ ਪਤਾ ਨਹੀਂ ਹੈ ।
