PSEB Solutions for Class 10 Social Science Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ
PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ
PSEB 10th Class Social Science Guide ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ Important Questions and Answers
ਵਸਤੂਨਿਸ਼ਠ ਪ੍ਰਸ਼ਨ (Objective Type Questions)
ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
ਉਪਭੋਗਤਾ ਕੌਣ ਹੁੰਦਾ ਹੈ ?
ਉੱਤਰ-
ਜਦੋਂ ਅਸੀਂ ਕੋਈ ਵਸਤੁ ਖ਼ਰੀਦਦੇ ਹਾਂ ਤਾਂ ਅਸੀਂ ਉਪਭੋਗਤਾ ਬਣ ਜਾਂਦੇ ਹਾਂ ।
ਪ੍ਰਸ਼ਨ 2.
ਆਰਥਿਕ ਆਧਾਰਿਕ ਸੰਰਚਨਾ ਦਾ ਇਕ ਤੱਤ ਦੱਸੋ ।
ਉੱਤਰ-
ਸਿੰਜਾਈ ।
ਪ੍ਰਸ਼ਨ 3.
ਭਾਰਤੀ ਆਵਾਜਾਈ ਦਾ ਮੁੱਖ ਸਾਧਨ ਦੱਸੋ ।
ਉੱਤਰ-
ਰੇਲਵੇ ।
ਪ੍ਰਸ਼ਨ 4.
ਭਾਰਤ ਵਿਚ ਸਿੰਜਾਈ ਦੇ ਮੁੱਖ ਦੋ ਸਾਧਨ ਕਿਹੜੇ ਹਨ ?
ਉੱਤਰ-
ਮਾਨਸੂਨ ਅਤੇ ਨਦੀਆਂ ।
ਪ੍ਰਸ਼ਨ 5.
ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਦੋਂ ਹੋਈ ਸੀ ?
ਉੱਤਰ-
1935 ਨੂੰ ।
ਪ੍ਰਸ਼ਨ 6.
ਕਿਸੇ ਇਕ ਉਪਭੋਗਤਾ ਸੰਰਖਣ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਉਪਭੋਗਤਾ ਸੰਰਖਣ ਕਾਨੂੰਨ 1986.
ਪ੍ਰਸ਼ਨ 7.
ਭਾਰਤੀ ਰਿਜ਼ਰਵ ਬੈਂਕ ਦਾ ਕੋਈ ਇਕ ਕੰਮ ਲਿਖੋ ।
ਉੱਤਰ-
ਨੋਟ ਜਾਰੀ ਕਰਨਾ ।
ਪ੍ਰਸ਼ਨ 8.
ਭਾਰਤ ਦਾ ਕੇਂਦਰੀ ਬੈਂਕ ਕਿਹੜਾ ਹੈ ?
ਉੱਤਰ-
ਭਾਰਤੀ ਰਿਜ਼ਰਵ ਬੈਂਕ ।
ਪ੍ਰਸ਼ਨ 9.
ਭਾਰਤ ਦੀ ਵਿਸ਼ਿਸ਼ਟ ਬੈਂਕਿੰਗ ਸੰਸਥਾ ਦਾ ਨਾਂ ਦੱਸੋ ।
ਉੱਤਰ-
ਨਾਬਾਰਡ ।
ਪ੍ਰਸ਼ਨ 10.
ਸਰਵਜਨਕ ਵੰਡ ਪ੍ਰਣਾਲੀ ਦੇ ਤਹਿਤ ਦਿੱਤੀ ਜਾਣ ਵਾਲੀ ਕਿਸੇ ਇਕ ਵਸਤੂ ਦਾ ਨਾਂ ਦੱਸੋ ।
ਉੱਤਰ-
ਖੰਡ ।
ਪ੍ਰਸ਼ਨ 11.
ਅਰਥ-ਵਿਵਸਥਾ ਦੀ ਇਕ ਆਧਾਰਿਕ ਸੰਰਚਨਾ ਦਾ ਨਾਂ ਲਿਖੋ ।
ਉੱਤਰ-
ਆਵਾਜਾਈ ।
ਪ੍ਰਸ਼ਨ 12.
ਸਟਾਕ ਐਕਸਚੇਂਜ ਕੀ ਹੈ ?
ਉੱਤਰ-
ਜਿੱਥੇ ਸ਼ੇਅਰ ਅਤੇ ਡਿਬੈਂਚਰ ਖ਼ਰੀਦੇ ਅਤੇ ਵੇਚੇ ਜਾਂਦੇ ਹਨ ।
ਪ੍ਰਸ਼ਨ 13.
ਭਾਰਤ ਦੀ ਕੋਈ ਗੈਰ-ਬੈਂਕਿੰਗ ਸੰਸਥਾ ਦਾ ਨਾਂ ਦੱਸੋ ।
ਉੱਤਰ-
ਜੀਵਨ ਬੀਮਾ ਨਿਗਮ ।
ਪ੍ਰਸ਼ਨ 14.
ਭਾਰਤ ਦੀ ਬਹੁ-ਉਦੇਸ਼ੀ ਯੋਜਨਾ ਦਾ ਨਾਂ ਲਿਖੋ ।
ਉੱਤਰ-
ਭਾਖੜਾ ਨੰਗਲ ਪਰਿਯੋਜਨਾ ।
ਪ੍ਰਸ਼ਨ 15.
ਭਾਰਤ ਵਿਚ ਸਮੁੰਦਰੀ ਆਵਾਜਾਈ ਲਈ ਸਰਵਜਨਕ ਖੇਤਰ ਦੀ ਕਿਸੇ ਵੱਡੀ ਕੰਪਨੀ ਦਾ ਨਾਂ ਲਿਖੋ ।
ਉੱਤਰ-
ਮੁਗ਼ਲ ਲਾਈਨ ।
ਪ੍ਰਸ਼ਨ 16.
ਸੰਚਾਰ ਦਾ ਮੁੱਖ ਸਾਧਨ ਦੱਸੋ ।
ਉੱਤਰ-
ਟੈਲੀਫ਼ੋਨ ।
ਪ੍ਰਸ਼ਨ 17.
ਭਾਰਤ ਵਿਚ ਬਿਜਲੀ ਦਾ ਮੁੱਖ ਸ੍ਰੋਤ ਦੱਸੋ ।
ਉੱਤਰ-
ਤਾਪ ਬਿਜਲੀ ।
ਪ੍ਰਸ਼ਨ 18.
ਵਪਾਰਕ ਬੈਂਕ ਕਿਹੜੇ ਹੁੰਦੇ ਹਨ ?
ਉੱਤਰ-
ਜੋ ਅਲਪਕਾਲੀਨ ਕਰਜ਼ ਦਿੰਦੇ ਹਨ ।
ਪ੍ਰਸ਼ਨ 19.
ਬਹੁ-ਉਦੇਸ਼ੀ ਯੋਜਨਾਵਾਂ ਦਾ ਇਕ ਉਦੇਸ਼ ਦੱਸੋ ।
ਉੱਤਰ-
ਜਲ ਬਿਜਲੀ ਦਾ ਉਤਪਾਦਨ ।
ਪ੍ਰਸ਼ਨ 20.
ਉਪਭੋਗਤਾ ਸੰਰਖਣ ਕਾਨੂੰਨ 1986 ਦੀ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਉਪਭੋਗਤਾ ਦੀਆਂ ਸ਼ਿਕਾਇਤਾਂ ਦਾ ਸਰਲ ਅਤੇ ਸਸਤਾ ਹੱਲ ।
ਪ੍ਰਸ਼ਨ 21.
ਸਰਵਜਨਕ ਵੰਡ ਪ੍ਰਣਾਲੀ ਦੀ ਲੋੜ ਦਾ ਇਕ ਕਾਰਨ ਲਿਖੋ ।
ਉੱਤਰ-
ਨਾਕਾਫੀ ਉਤਪਾਦਨ ।
ਪ੍ਰਸ਼ਨ 22.
ਸਿੰਜਾਈ ਕੀ ਹੈ ?
ਉੱਤਰ-
ਖੇਤੀਬਾੜੀ ਯੋਗ ਭੂਮੀ ਨੂੰ ਲੋੜੀਂਦਾ ਪਾਣੀ ਪ੍ਰਦਾਨ ਕਰਨਾ ।
ਪ੍ਰਸ਼ਨ 23.
ਕੁੱਝ ਆਧਾਰਿਕ ਸੰਰਚਨਾਵਾਂ ਦੇ ਨਾਂ ਲਿਖੋ ।
ਉੱਤਰ-
ਆਵਾਜਾਈ ਅਤੇ ਸੰਚਾਰ ਦੇ ਸਾਧਨ, ਸ਼ਕਤੀ ਦੇ ਸਾਧਨ, ਸਿੰਜਾਈ ਦੇ ਸਾਧਨ, ਮੌਰਿਕ ਅਤੇ ਵਿੱਤੀ ਸੰਸਥਾਵਾਂ, ਸਿੱਖਿਆ ਅਤੇ ਡਾਕਟਰੀ ਦੇ ਸਾਧਨ ਅਤੇ ਆਵਾਸ ਅਤੇ ਸ਼ਹਿਰੀ ਸੇਵਾਵਾਂ ।
ਪ੍ਰਸ਼ਨ 24,
ਆਰਥਿਕ ਆਧਾਰਿਕ ਸੰਰਚਨਾਵਾਂ ਤੋਂ ਕੀ ਭਾਵ ਹੈ ?
ਉੱਤਰ-
ਆਰਥਿਕ ਆਧਾਰਿਕ ਸੰਰਚਨਾਵਾਂ ਉਹ ਸਹੂਲਤਾਂ ਅਤੇ ਸੇਵਾਵਾਂ ਹਨ ਜੋ ਉਤਪਾਦਨ ਅਤੇ ਵਿਤਰਨ ਪ੍ਰਣਾਲੀ ਨੂੰ ਪ੍ਰਤੱਖ ਰੂਪ ਵਿਚ ਪ੍ਰਭਾਵਿਤ ਕਰਦੀਆਂ ਹਨ ।
ਪ੍ਰਸ਼ਨ 25.
ਕਿਸੇ ਦੇਸ਼ ਦੀ ਆਵਾਜਾਈ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਦੇਸ਼ ਦੀ ਆਵਾਜਾਈ ਪ੍ਰਣਾਲੀ ਤੋਂ ਭਾਵ ਉਨ੍ਹਾਂ ਵੱਖ-ਵੱਖ ਸਾਧਨਾਂ ਤੋਂ ਹੈ ਜੋ ਇਕ ਥਾਂ ਤੋਂ ਦੂਜੀ ਥਾਂ ਲੋਕਾਂ ਅਤੇ ਵਸਤੂਆਂ ਨੂੰ ਲਿਆਉਂਦੇ ਅਤੇ ਲਿਜਾਂਦੇ ਹਨ । ਇਨ੍ਹਾਂ ਸਾਧਨਾਂ ਵਿਚ ਰੇਲ, ਸੜਕ, ਜਲ ਅਤੇ ਹਵਾਈ ਆਵਾਜਾਈ ਸ਼ਾਮਲ ਹਨ ।
ਪ੍ਰਸ਼ਨ 26.
ਸੰਚਾਰ ਦੇ ਮੁੱਖ ਸਾਧਨਾਂ ਦੇ ਨਾਂ ਲਿਖੋ ।
ਉੱਤਰ-
ਡਾਕ ਸੇਵਾਵਾਂ, ਤਾਰ, ਟੈਲੀਫੋਨ, ਰੇਡੀਓ, ਟੈਲੀਵਿਜ਼ਨ ਆਦਿ ਸੰਚਾਰ ਦੇ ਮੁੱਖ ਸਾਧਨ ਹਨ ।
ਪ੍ਰਸ਼ਨ 27.
ਭਾਰਤ ਵਿਚ ਸਮੁੰਦਰੀ ਆਵਾਜਾਈ ਲਈ ਸਰਵਜਨਕ ਖੇਤਰ ਦੀਆਂ ਦੋ ਵੱਡੀਆਂ ਕੰਪਨੀਆਂ ਦੇ ਨਾਂ ਲਿਖੋ ।
ਉੱਤਰ-
- ਭਾਰਤੀ ਸ਼ਿਪਿੰਗ ਨਿਗਮ ਅਤੇ
- ਮੁਗ਼ਲ ਲਾਈਨ ।
ਪ੍ਰਸ਼ਨ 28.
ਭਾਰਤ ਦੀਆਂ ਦੋ ਬਹੁ-ਉਦੇਸ਼ੀ ਯੋਜਨਾਵਾਂ ਦੇ ਨਾਂ ਲਿਖੋ ।
ਉੱਤਰ-
- ਭਾਖੜਾ-ਨੰਗਲ ਪਰਿਯੋਜਨਾ ਅਤੇ
- ਦਮੋਦਰ ਘਾਟੀ ਪਰਿਯੋਜਨਾ ।
ਪ੍ਰਸ਼ਨ 29.
ਭਾਰਤ ਦੀ ਕਿਸੇ ਇਕ ਵਿਸ਼ਿਸ਼ਟ ਬੈਂਕਿੰਗ ਸੰਸਥਾ ਦਾ ਨਾਂ ਦੱਸੋ ।
ਉੱਤਰ-
ਭਾਰਤੀ ਉਦਯੋਗਿਕ ਵਿਕਾਸ ਬੈਂਕ ।
ਪ੍ਰਸ਼ਨ 30.
ਭਾਰਤ ਦੀਆਂ ਮੁੱਖ ਗੈਰ-ਬੈਂਕਿੰਗ ਸੰਸਥਾਵਾਂ ਦੇ ਨਾਂ ਲਿਖੋ ।
ਉੱਤਰ-
- ਯੂਨਿਟ ਟਰੱਸਟ ਅਤੇ
- ਜੀਵਨ ਬੀਮਾ ਨਿਗਮ ।
ਪ੍ਰਸ਼ਨ 31.
ਸਟਾਕ ਐਕਸਚੇਂਜ ਤੋਂ ਕੀ ਭਾਵ ਹੈ ?
ਉੱਤਰ-
ਸਟਾਕ ਐਕਸਚੇਂਜ ਉਹ ਸੰਸਥਾਵਾਂ ਹਨ ਜਿੱਥੇ ਕੰਪਨੀਆਂ ਦੇ ਸ਼ੇਅਰ ਜਾਂ ਡਿਬੈਂਚਰ (ਸਾਖ਼-ਪੱਤਰ) ਖਰੀਦੇ ਅਤੇ ਵੇਚੇ ਜਾਂਦੇ ਹਨ । ਇਨ੍ਹਾਂ ਨੂੰ ਸ਼ੇਅਰ ਬਾਜ਼ਾਰ ਵੀ ਕਿਹਾ ਜਾਂਦਾ ਹੈ ।
ਪ੍ਰਸ਼ਨ 32.
ਉਪਭੋਗਤਾ ਸਿੱਖਿਆ ਤੋਂ ਕੀ ਭਾਵ ਹੈ ?
ਉੱਤਰ-
ਉਪਭੋਗਤਾ ਸਿੱਖਿਆ ਤੋਂ ਭਾਵ ਉਸ ਸਿੱਖਿਆ ਤੋਂ ਹੈ ਜੋ ਉਪਭੋਗਤਾ ਨੂੰ ਦਿੱਤੀ ਜਾਣੀ ਚਾਹੀਦੀ ਹੈ ਜਿਸ ਨਾਲ ਉਪਭੋਗਤਾ ਆਪਣੀ ਸੀਮਿਤ ਆਮਦਨ ਤੋਂ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰ ਸਕੇ ਅਤੇ ਬਾਜ਼ਾਰ ਵਿਚ ਮੌਜੂਦ ਬੁਰਾਈਆਂ ਤੋਂ ਆਪਣੇ ਆਪ ਨੂੰ ਸ਼ੋਸ਼ਣ ਤੋਂ ਬਚਾ ਸਕੇ ।
ਪ੍ਰਸ਼ਨ 33.
ਆਵਾਜਾਈ ਦੇ ਮਹੱਤਵਪੂਰਨ ਸਾਧਨਾਂ ਦਾ ਨਾਂ ਦੱਸੋ ।
ਉੱਤਰ-
ਰੇਲਵੇ, ਸੜਕਾਂ, ਜਲ, ਹਵਾਈ ਆਵਾਜਾਈ ਹੀ ਭਾਰਤ ਵਿਚ ਪ੍ਰਮੁੱਖ ਆਵਾਜਾਈ ਸਾਧਨ ਹਨ ।
ਪ੍ਰਸ਼ਨ 34.
ਬਿਜਲੀ ਸ਼ਕਤੀ ਦੇ ਸਾਧਨਾਂ ਦੇ ਨਾਂ ਲਿਖੋ ।
ਉੱਤਰ-
ਤਾਪ ਸ਼ਕਤੀ, ਬਿਜਲੀ ਅਤੇ ਅਣੂ ਸ਼ਕਤੀ ਇਸਦੇ ਪ੍ਰਮੁੱਖ ਸਾਧਨ ਹਨ ।
ਪ੍ਰਸ਼ਨ 35.
ਸਿੰਜਾਈ ਦੇ ਸਾਧਨ ਕਿਹੜੇ-ਕਿਹੜੇ ਹਨ ?
ਉੱਤਰ-
ਵਰਖਾ, ਖੂਹ, ਟਿਊਬਵੈੱਲ, ਤਲਾਅ ਆਦਿ ਇਸਦੇ ਮੁੱਖ ਸਾਧਨ ਹਨ ।
ਪ੍ਰਸ਼ਨ 36.
ਭਾਰਤ ਦੇ ਕੇਂਦਰੀ ਬੈਂਕ ਦਾ ਕੀ ਨਾਂ ਹੈ ?
ਉੱਤਰ-
ਰਿਜ਼ਰਵ ਬੈਂਕ ਆਫ਼ ਇੰਡੀਆ ।
ਪ੍ਰਸ਼ਨ 37.
ਰਿਜ਼ਰਵ ਬੈਂਕ ਆਫ ਇੰਡੀਆ ਕਦੋਂ ਸਥਾਪਿਤ ਕੀਤਾ ਗਿਆ ?
ਉੱਤਰ-
1935 ਨੂੰ ।
ਪ੍ਰਸ਼ਨ 38.
ਦੋ ਗ਼ੈਰ-ਬੈਂਕਿੰਗ ਸੰਸਥਾਵਾਂ ਦੇ ਨਾਂ ਦੱਸੋ ।
ਉੱਤਰ-
U.T.I., L.I.C.
ਪ੍ਰਸ਼ਨ 39.
ਉਪਭੋਗਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਜਦੋਂ ਅਸੀਂ ਕਿਸੇ ਵਸਤੂ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ ਉਪਭੋਗਤਾ ਬਣ ਜਾਂਦੇ ਹਾਂ ।
ਪ੍ਰਸ਼ਨ 40.
ਉਪਭੋਗਤਾ ਸੰਰਖਣ ਐਕਟ ਕਦੋਂ ਪਾਸ ਹੋਇਆ ?
ਉੱਤਰ-
1986 ਨੂੰ ।
ਪ੍ਰਸ਼ਨ 41.
ਸਰਵਜਨਕ ਵੰਡ ਪ੍ਰਣਾਲੀ ਕੀ ਹੈ ?
ਉੱਤਰ-
ਇਹ ਇਕ ਅਜਿਹੀ ਪ੍ਰਣਾਲੀ ਹੈ ਜਿਸਦੇ ਦੁਆਰਾ ਸਰਕਾਰ ਦੇਸ਼ ਦੀ ਜਨਤਾ ਖ਼ਾਸ ਕਰ ਗ਼ਰੀਬ ਵਰਗ ਨੂੰ ਉੱਚਿਤ ਮੁੱਲ ਦੀਆਂ ਦੁਕਾਨਾਂ ਦੁਆਰਾ ਜੀਵਨ ਦੀਆਂ ਲੋੜੀਂਦੀਆਂ ਵਸਤਾਂ ਦੀ ਵੰਡ ਕਰਦੀ ਹੈ ।
II. ਖ਼ਾਲੀ ਥਾਂਵਾਂ ਭਰੋ-
1. RBI ਦੀ ਸਥਾਪਨਾ…………………………..ਵਿਚ ਹੋਈ ।
(1945 / 1935)
ਉੱਤਰ-
1935
2. ਜਦੋਂ ਅਸੀਂ ਕਿਸੇ ਵਸਤੂ ਦਾ ਉਪਭੋਗ ਕਰਦੇ ਹਾਂ ਤਾਂ ਅਸੀਂ ……………………….. ਬਣ ਜਾਂਦੇ ਹਾਂ । (ਉਤਪਾਦਨ /ਉਪਭੋਗਤਾ)
ਉੱਤਰ-
ਉਪਭੋਗਤਾ
3. ਉਪਭੋਗਤਾ ਸੰਰਖਿਅਣ ਨਿਯਮ …………………….. ਵਿਚ ਲਾਗੂ ਕੀਤਾ ਗਿਆ ।
(1985 / 1986)
ਉੱਤਰ-
1986
4. ……………………………. ਭਾਰਤ ਦਾ ਕੇਂਦਰੀ ਬੈਂਕ ਹੈ ।
(SBI / RBI)
ਉੱਤਰ-
RBI
5. ……………………….. ਥੋੜੇ ਸਮੇਂ ਲਈ ਕਰਜ਼ਾ ਦਿੰਦਾ ਹੈ ।
(ਕੇਂਦਰੀ ਬੈਂਕ / ਵਪਾਰਕ ਬੈਂਕ)
ਉੱਤਰ-
ਵਪਾਰਕ ਬੈਂਕ
6. NABARD ਦੀ ਸਥਾਪਨਾ ……………………….. ਵਿਚ ਕੀਤੀ ਗਈ ।
(1982 / 1999)
ਉੱਤਰ-
1982
7. ਸਿੰਚਾਈ ……………………….. ਆਧਾਰਿਤ ਸੰਰਚਨਾ ਦਾ ਤੱਤ ਹੈ ।
(ਸਮਾਜਿਕ | ਆਰਥਿਕ)
ਉੱਤਰ-
ਆਰਥਿਕ
8. …………………….. ਦੇਸ਼ ਵਿਚ ਨੋਟ ਜਾਰੀ ਕਰਦਾ ਹੈ ।
(RBI / SBI)
ਉੱਤਰ-
RBI
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
RBI ਦਾ ਕੋਈ ਇਕ ਕੰਮ ਦੱਸੋ-
(A) ਨੋਟ ਜਾਰੀ ਕਰਨਾ
(B) ਸਰਕਾਰ ਦਾ ਬੈਂਕ
(C) ਬੈਂਕਾਂ ਦਾ ਬੈਂਕ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।
ਪ੍ਰਸ਼ਨ 2.
RBI ਦੀ ਸਥਾਪਨਾ ਕਦੋਂ ਹੋਈ ?
(A) 1925
(B) 1935
(C) 1945
(D) 1955.
ਉੱਤਰ-
(B) 1935
ਪ੍ਰਸ਼ਨ 3.
ਉਪਭੋਗਤਾ ਸੰਰਖਿਅਣ ਨਿਯਮ ਕਦੋਂ ਲਾਗੂ ਹੋਇਆ ?
(A) 1980
(B) 1982
(C) 1986
(D) 1988.
ਉੱਤਰ-
(C) 1986
4. NABARD ਦੀ ਸਥਾਪਨਾ ਕਦੋਂ ਹੋਈ ?
(A) 1982
(B) 1986
(C) 1988
(D) 1999.
ਉੱਤਰ-
(A) 1982
ਪ੍ਰਸ਼ਨ 5.
ਭਾਰਤ ਦਾ ਕੇਂਦਰੀ ਬੈਂਕ ਕਿਹੜਾ ਹੈ ?
(A) SBI
(B) PNB
(C) RBI
(D) ਉੱਪਰ ਦੱਸੇ ਸਾਰੇ ।
ਉੱਤਰ-
(C) RBI
ਪ੍ਰਸ਼ਨ 6.
ਭਾਰਤ ਵਿਚ ਆਰਥਿਕ ਆਧਾਰਿਕ ਸੰਰਚਨਾ ਦਾ ਮੁੱਖ ਤੱਤ ਕਿਹੜਾ ਹੈ ।
(A) ਬੈਂਕਿੰਗ
(B) ਬਿਜਲੀ ਸ਼ਕਤੀ
(C) ਸਿੰਜਾਈ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।
ਪ੍ਰਸ਼ਨ 7.
ਭਾਰਤ ਦੀ ਖ਼ਾਸ ਬੈਂਕਿੰਗ ਸੰਸਥਾ ਕਿਹੜੀ ਹੈ ?
(A) ਖੇਤਰੀ ਪੇਂਡੂ ਬੈਂਕ
(B) ਨਾਬਾਰਡ
(C) EXIM ਬੈਂਕ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)
ਪ੍ਰਸ਼ਨ 1.
ਆਧਾਰਭੂਤ ਸੰਰਚਨਾਵਾਂ ਦੀ ਕੀ ਲੋੜ ਹੈ ?
ਉੱਤਰ-
ਕਿਸੇ ਦੇਸ਼ ਦਾ ਰਾਸ਼ਟਰੀ ਉਤਪਾਦਨ ਸਿਰਫ਼ ਵਸਤੂਆਂ ਤੋਂ ਨਹੀਂ ਸਗੋਂ ਵਸਤੂਆਂ ਅਤੇ ਸੇਵਾਵਾਂ ਦੋਹਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ । ਆਧਾਰਭੂਤ ਸੰਰਚਨਾਵਾਂ-ਆਵਾਜਾਈ ਤੇ ਸੰਚਾਰ ਦੇ ਸਾਧਨ, ਸ਼ਕਤੀ ਅਤੇ ਸਿੰਜਾਈ ਦੇ ਸਾਧਨ, ਬੈਂਕਿੰਗ ਪ੍ਰਣਾਲੀ, ਸਿੱਖਿਆ ਅਤੇ ਸਿਖਲਾਈ ਸੇਵਾਵਾਂ, ਸਿਹਤ ਅਤੇ ਸਫ਼ਾਈ ਸੇਵਾਵਾਂ ਅਰਥ-ਵਿਵਸਥਾ ਦੇ ਉਤਪਾਦਨ ਅਤੇ ਵਿਤਰਨ ਦਾ ਆਧਾਰ ਪੇਸ਼ ਕਰਦੀਆਂ ਹਨ | ਵਸਤੁਆਂ ਦੇ ਉਤਪਾਦਨ ਦੀਆਂ ਪ੍ਰਕਿਰਿਆਵਾਂ ਲਈ ਕਈ ਕਿਸਮ ਦੀਆਂ ਸੇਵਾਵਾਂ ਦੀ ਲੋੜ ਹੁੰਦੀ ਹੈ । ਇਨ੍ਹਾਂ ਆਧਾਰਭੂਤ ਸੰਰਚਨਾਵਾਂ ਦੀ ਘਾਟ ਕਾਰਨ ਕਿਸੇ ਅਰਥ-ਵਿਵਸਥਾ ਦੀ ਉਤਪਾਦਨ ਪ੍ਰਕਿਰਿਆ ਰੁਕ ਜਾਵੇਗੀ ।
ਪ੍ਰਸ਼ਨ 2.
ਇਕ ਅਰਥ-ਵਿਵਸਥਾ ਵਿਚ ਆਵਾਜਾਈ ਦੇ ਸਾਧਨਾਂ ਦਾ ਕੀ ਮਹੱਤਵ ਹੈ ?
ਉੱਤਰ-
ਆਵਾਜਾਈ ਜਾਂ ਯਾਤਾਯਾਤ ਦੇ ਸਾਧਨਾਂ ਦਾ ਭਾਵ ਮਨੁੱਖ ਨੂੰ ਇਕ ਥਾਂ ਤੋਂ ਦੂਜੀ ਥਾਂ ਤਕ ਲੈ ਜਾਣ ਤੋਂ ਹੈ । ਹਰ ਦੇਸ਼ ਦੀ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਦਰ ਉੱਤੇ ਆਵਾਜਾਈ ਦੇ ਸਾਧਨਾਂ ਦਾ ਅਸਰ ਪੈਂਦਾ ਹੈ । ਯਾਤਾਯਾਤ ਦੇ ਸਾਧਨਾਂ ਦਾ ਮਹੱਤਵ ਦੱਸਦੇ ਹੋਏ ਕਿਸੇ ਵਿਦਵਾਨ ਨੇ ਸੱਚ ਹੀ ਕਿਹਾ ਹੈ ਕਿ ਜੇ ਖੇਤੀਬਾੜੀ ਅਤੇ ਉਦਯੋਗ ਕਿਸੇ ਦੇਸ਼ ਦੀ ਅਰਥ-ਵਿਵਸਥਾ ਵਿਚ ਸਰੀਰ ਅਤੇ ਹੱਡੀਆਂ ਦੇ ਸਮਾਨ ਹਨ ਤਾਂ ਆਵਾਜਾਈ ਦੇ ਸਾਧਨ ਰੇਲ, ਸੜਕਾਂ, ਜਲ ਅਤੇ ਹਵਾ ਆਦਿ) ਸਿਰਾਵਾਂ ਅਤੇ ਧਮਣੀਆਂ ਦਾ ਕੰਮ ਕਰਦੇ ਹਨ ।
ਪ੍ਰਸ਼ਨ 3.
ਭਾਰਤ ਵਿਚ ਆਵਾਜਾਈ ਦੇ ਸਾਧਨ ਦੇ ਰੂਪ ਵਿਚ ਰੇਲਵੇ ਉੱਪਰ ਸੰਖੇਪ ਟਿੱਪਣੀ ਲਿਖੋ ।
ਉੱਤਰ-
ਰੇਲਵੇ ਲੰਬੀ ਦੂਰੀ ਦੇ ਭਾਰੇ ਮਾਲ ਲਈ ਅਤੇ ਮੁਸਾਫਰਾਂ ਦੀ ਆਵਾਜਾਈ ਲਈ ਸਭ ਤੋਂ ਵੱਧ ਸਸਤਾ ਆਵਾਜਾਈ ਦਾ ਸਾਧਨ ਹੈ । ਭਾਰਤ ਵਿਚ 16 ਅਪਰੈਲ, 1853 ਨੂੰ ਪਹਿਲੀ ਰੇਲਵੇ ਲਾਈਨ ਬੰਬਈ ਮੁੰਬਈ) ਤੋਂ ਥਾਨਾ ਵਿਚਕਾਰ ਵਿਛਾਈ ਗਈ । ਭਾਰਤੀ ਰੇਲਵੇ ਵਿਵਸਥਾ ਏਸ਼ੀਆ ਵਿਚ ਸਭ ਤੋਂ ਵੱਡੀ ਅਤੇ ਦੁਨੀਆ ਵਿਚ ਚੌਥੀ ਮੰਨੀ ਜਾਂਦੀ ਹੈ । ਇਸ ਸਮੇਂ ਭਾਰਤ ਵਿਚ ਰੇਲਵੇ ਲਾਈਨਾਂ ਦੀ ਕੁੱਲ ਲੰਬਾਈ 62759 ਕਿਲੋਮੀਟਰ ਹੈ । ਭਾਰਤ ਵਿਚ ਪ੍ਰਤੀਦਿਨ 7056 ਸਟੇਸ਼ਨਾਂ ਵਿਚਕਾਰ 13 ਹਜ਼ਾਰ ਗੱਡੀਆਂ ਚਲਦੀਆਂ ਹਨ ਜੋ ਕਿ ਪ੍ਰਤੀਦਿਨ ਔਸਤਨ 110 ਲੱਖ ਸਵਾਰੀਆਂ ਅਤੇ 6.8 ਲੱਖ ਟਨ ਸਾਮਾਨ ਢੋਂਦੀਆਂ ਹਨ ।
ਪ੍ਰਸ਼ਨ 4.
ਭਾਰਤ ਵਿਚ ਆਵਾਜਾਈ ਦੇ ਸਾਧਨ ਦੇ ਰੂਪ ਵਿਚ ਹਵਾਈ ਆਵਾਜਾਈ ਉੱਪਰ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਆਵਾਜਾਈ ਦਾ ਸਭ ਤੋਂ ਤੇਜ਼ ਅਤੇ ਮਹਿੰਗਾ ਸਾਧਨ ਹਵਾਈ ਆਵਾਜਾਈ ਹੈ । ਭਾਰਤ ਵਿਚ ਹਵਾਈ ਆਵਾਜਾਈ ਲਈ ਸਰਵਜਨਕ ਖੇਤਰ ਦੀਆਂ ਦੋ ਕੰਪਨੀਆਂ ਹਨ-ਇੰਡੀਅਨ ਏਅਰ ਲਾਈਨਜ਼ ਕਾਰਪੋਰੇਸ਼ਨ ਅਤੇ ਏਅਰ ਇੰਡੀਆ ਇੰਟਰਨੈਸ਼ਨਲ । ਸੰਨ 1992 ਤੋਂ ਕਈ ਨਿੱਜੀ ਖੇਤਰ ਦੀਆਂ ਕੰਪਨੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ । ਭਾਰਤ ਵਿਚ 4 ਅੰਤਰ-ਰਾਸ਼ਟਰੀ ਹਵਾਈ ਅੱਡੇ ਦਿੱਲੀ, ਮੁੰਬਈ, ਚੇਨੱਈ ਅਤੇ ਕੋਲਕਾਤਾ ਵਿਚ ਹਨ ਜਿਨ੍ਹਾਂ ਦਾ ਸੰਚਾਲਨ ਅੰਤਰ-ਰਾਸ਼ਟਰੀ ਹਵਾਈ ਅੱਡਾ ਪ੍ਰਾਧੀਕਰਨ ਦੁਆਰਾ ਕੀਤਾ ਜਾਂਦਾ ਹੈ ।
ਪ੍ਰਸ਼ਨ 5.
ਇਹ ਕਿਉਂ ਕਿਹਾ ਜਾਂਦਾ ਹੈ ਕਿ ਸੰਚਾਰ ਸੇਵਾਵਾਂ ਦਾ ਸੰਬੰਧ ਇਕ ਅਰਥ-ਵਿਵਸਥਾ ਦੀਆਂ ਸਮਾਜਿਕ ਅਤੇ ਆਰਥਿਕ ਸੰਰਚਨਾਵਾਂ ਦੋਹਾਂ ਨਾਲ ਹੁੰਦਾ ਹੈ ?
ਉੱਤਰ-
ਆਰਥਿਕ ਸੰਰਚਨਾਵਾਂ ਪ੍ਰਤੱਖ ਰੂਪ ਵਿਚ ਕਿਸੇ ਅਰਥ-ਵਿਵਸਥਾ ਦੀ ਉਤਪਾਦਨ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀਆਂ ਹਨ ਸਮਾਜਿਕ ਸੰਰਚਨਾਵਾਂ ਪ੍ਰਤੱਖ ਰੂਪ ਵਿਚ ਅਜਿਹਾ ਕਰਦੀਆਂ ਹਨ । ਸੰਚਾਰ ਸੇਵਾਵਾਂ ਕਿਸੇ ਅਰਥ-ਵਿਵਸਥਾ ਦੀ ਆਰਥਿਕ ਪ੍ਰਕਿਰਿਆ ਨੂੰ ਪ੍ਰਤੱਖ ਅਤੇ ਸਪੱਸ਼ਟ ਰੂਪ ਵਿਚ ਪ੍ਰਭਾਵਿਤ ਕਰਦੀਆਂ ਹਨ । ਇਸ ਲਈ ਸੰਚਾਰ ਸੇਵਾਵਾਂ ਨੂੰ ਆਰਥਿਕ ਅਤੇ ਸਮਾਜਿਕ ਦੋਹਾਂ ਸੰਰਚਨਾਵਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ ।
ਸੰਚਾਰ ਸੰਰਚਨਾ ਸਮਾਜਿਕ ਅਤੇ ਆਰਥਿਕ ਆਧਾਰਭੂਤ ਸੰਰਚਨਾ ਦੋਹਾਂ ਦਾ ਹੀ ਅੰਗ ਹੁੰਦੀਆਂ ਹਨ | ਪ੍ਰਣਾਲੀ ਨਿਵੇਸ਼ਕਾਰ, ਉਤਪਾਦਕ ਅਤੇ ਉਪਭੋਗਤਾ ਦੁਆਰਾ ਨਿਰਣਾ ਲੈਣ ਦੀਆਂ ਕਿਰਿਆਵਾਂ ਲਈ ਮਹੱਤਵਪੂਰਨ ਸੂਚਨਾਵਾਂ ਪ੍ਰਵਾਹ ਨੂੰ ਲਿਜਾਣ ਦਾ ਕੰਮ ਕਰਦੀ ਹੈ । ਇਹ ਮੰਡੀ ਵਿਚ ਹੋ ਰਹੇ ਸਾਰੇ ਪਰਿਵਰਤਨਾਂ ਦੀ ਜਾਣਕਾਰੀ ਦਿੰਦੀ ਹੈ । ਇਸ ਲਈ ਇਸ ਅਰਥ ਵਿਚ ਤਾਂ ਸੰਚਾਰ ਸੰਰਚਨਾ ਆਪ ਉਤਪਾਦਨ ਪ੍ਰਕਿਰਿਆਵਾਂ ਅਤੇ ਇਸ ਕਾਰਨ ਆਧਾਰਭੂਤ ਸੰਰਚਨਾ ਦਾ ਹੀ ਇਕ ਅੰਗ ਹੈ ਪਰੰਤੁ ਦੂਜੇ ਪਾਸੇ ਸੰਚਾਰ ਸੰਰਚਨਾ ਨੂੰ ਸਿੱਖਿਆ ਦੀ ਤਰ੍ਹਾਂ ਇਕ ਵਿਆਪਕ ਰੂਪ ਵਿਚ ਦੇਖਿਆ ਜਾ ਸਕਦਾ ਹੈ ।ਉਦਾਹਰਨ ਦੇ ਤੌਰ ‘ਤੇ ਪ੍ਰਸਾਰਨ ਪ੍ਰਣਾਲੀ ਦਾ ਉਪਯੋਗ ਕੀਤਾ ਜਾ ਸਕਦਾ ਹੈ । ਇਸ ਅਰਥ ਵਿਚ ਸੰਚਾਰ ਸੰਰਚਨਾ ਸਮਾਜਿਕ ਆਧਾਰਭੂਤ ਸੰਰਚਨਾ ਦਾ ਹੀ ਅੰਗ ਬਣ ਜਾਂਦੀ ਹੈ ।
ਪ੍ਰਸ਼ਨ 6.
ਭਾਰਤ ਵਿਚ ਬਿਜਲੀ ਦੇ ਮੁੱਖ ਸੋਮਿਆਂ ਉੱਤੇ ਚਾਨਣਾ ਪਾਓ ।
ਉੱਤਰ-
ਭਾਰਤ ਵਿਚ ਬਿਜਲੀ ਦੇ ਤਿੰਨ ਮੁੱਖ ਸੋਮੇ ਹਨ-
- ਤਾਪ ਬਿਜਲੀ – ਇਹ ਬਿਜਲੀ ਤਾਪ ਬਿਜਲੀ ਸਟੇਸ਼ਨਾਂ ਵਿਚ ਕੋਲੇ ਤੋਂ ਪੈਦਾ ਕੀਤੀ ਜਾਂਦੀ ਹੈ । ਭਾਰਤ ਵਿਚ ਬਿਜਲੀ ਪੈਦਾ ਕਰਨ ਦਾ ਇਹ ਸਭ ਤੋਂ ਮੁੱਖ ਸੋਮਾ ਹੈ । ਭਾਰਤ ਵਿਚ ਬਿਜਲੀ ਦੀ ਕੁੱਲ ਉਤਪਾਦਨ ਸਮਰੱਥਾ ਵਿਚ ਤਾਪ ਬਿਜਲੀ ਦਾ ਹਿੱਸਾ 65 ਪ੍ਰਤੀਸ਼ਤ ਹੈ ।
- ਜਲ ਬਿਜਲੀ – ਇਹ ਬਿਜਲੀ ਤੇਜ਼ੀ ਨਾਲ ਵਹਿੰਦੀਆਂ ਨਦੀਆਂ ਉੱਤੇ ਉੱਚੇ ਡੈਮ ਬਣਾ ਕੇ ਉਨ੍ਹਾਂ ਦੇ ਪਾਣੀ ਤੋਂ ਪੈਦਾ ਕੀਤੀ ਜਾਂਦੀ ਹੈ । ਭਾਰਤ ਵਿਚ ਬਹੁ-ਉਦੇਸ਼ੀ ਨਦੀ ਘਾਟੀ ਪਰਿਯੋਜਨਾਵਾਂ ਦੇ ਵਿਕਾਸ ਦੇ ਨਾਲ-ਨਾਲ ਜਲ ਬਿਜਲੀ ਦਾ ਉਤਪਾਦਨ ਵਧਦਾ ਜਾ ਰਿਹਾ ਹੈ ।
- ਪਰਮਾਣੂ ਬਿਜਲੀ – ਭਾਰਤ ਦੁਨੀਆ ਦੇ ਉਨ੍ਹਾਂ ਥੋੜ੍ਹੇ ਜਿਹੇ ਦੇਸ਼ਾਂ ਵਿਚੋਂ ਹੈ ਜੋ ਪਰਮਾਣੂ ਸ਼ਕਤੀ ਦੇ ਉਤਪਾਦਨ ਦੀ ਸਮਰੱਥਾ ਰੱਖਦੇ ਹਨ । ਭਾਰਤ ਵਿਚ ਪਰਮਾਣੂ ਸ਼ਕਤੀ ਪੈਦਾ ਕਰਨ ਲਈ ਕਾਫ਼ੀ ਮਾਤਰਾ ਵਿਚ ਖਣਿਜ ਉਪਲੱਬਧ ਹਨ, ਪਰੰਤੂ ਪਰਮਾਣੂ ਬਿਜਲੀ ਦਾ ਉਤਪਾਦਨ ਬਹੁਤ ਘੱਟ ਮਾਤਰਾ ਵਿਚ ਕੀਤਾ ਜਾਂਦਾ ਹੈ ।
ਪ੍ਰਸ਼ਨ 7.
ਬਹੁ-ਉਦੇਸ਼ੀ ਯੋਜਨਾਵਾਂ ਤੋਂ ਕੀ ਭਾਵ ਹੈ ? ਬਹੁ-ਉਦੇਸ਼ੀ ਨਦੀ ਘਾਟੀ ਪਰਿਯੋਜਨਾਵਾਂ ਦੇ ਉਦੇਸ਼ ਦੱਸੋ ।
ਉੱਤਰ-
ਬਹੁ-ਉਦੇਸ਼ੀ ਯੋਜਨਾਵਾਂ-ਬਹੁ-ਉਦੇਸ਼ੀ ਯੋਜਨਾਵਾਂ ਤੋਂ ਭਾਵ ਉਨ੍ਹਾਂ ਬਹੁਮੁਖੀ ਪਰਿਯੋਜਨਾਵਾਂ ਤੋਂ ਹੈ ਜਿਨ੍ਹਾਂ ਦਾ ਨਿਰਮਾਣ ਇਕ ਤੋਂ ਵੱਧ ਸਮੱਸਿਆਵਾਂ ਦਾ ਹੱਲ ਕਰਨ ਲਈ ਕੀਤਾ ਗਿਆ ਹੈ ।
ਬਹੁ-ਉਦੇਸ਼ੀ ਯੋਜਨਾਵਾਂ ਦੇ ਉਦੇਸ਼-
- ਜਲ-ਬਿਜਲੀ ਦਾ ਉਤਪਾਦਨ ।
- ਸਿੰਜਾਈ ਦੀਆਂ ਸਹੂਲਤਾਂ ਜੁਟਾਉਣਾ ।
- ਹੜਾਂ ਦੀ ਰੋਕਥਾਮ ਕਰਨਾ ।
- ਦਲਦਲਾਂ ਨੂੰ ਸੁਕਾਉਣਾ ਅਤੇ ਖੇਤੀ ਯੋਗ ਜ਼ਮੀਨ ਵਧਾਉਣਾ ।
- ਜਲ-ਯਾਤਾਯਾਤ ਦੀਆਂ ਸਹੂਲਤਾਂ ਜੁਟਾਉਣਾ ।
- ਬਣਾਵਟੀ ਜਲ ਭੰਡਾਰਾਂ ਵਿਚ ਮੱਛੀ ਪਾਲਣ ਕਰਨਾ ।
- ਦਰੱਖ਼ਤ ਲਗਾਉਣਾ ਅਤੇ ਜੰਗਲਾਂ ਦਾ ਉੱਚਿਤ ਸ਼ੋਸ਼ਣ ਕਰਨਾ ।
ਪ੍ਰਸ਼ਨ 8.
ਉਪਭੋਗਤਾ ਸੰਰਖਣ ਕਾਨੂੰਨ 1986 ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਉਪਭੋਗਤਾ ਸੰਰਖਣ ਕਾਨੂੰਨ 1986 ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
- ਨਿੱਜੀ, ਸਰਵਜਨਕ ਅਤੇ ਸਹਿਕਾਰੀ ਖੇਤਰ ਦੇ ਸਾਰੇ ਵਿਕਰੇਤਾਵਾਂ ਉੱਪਰ ਇਹ ਕਾਨੂੰਨ ਲਾਗੂ ਹੁੰਦਾ ਹੈ ।
- ਇਹ ਕਾਨੂੰਨ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦਾ ਸੌਖਾ ਅਤੇ ਸਸਤਾ ਹੱਲ ਕਰਦਾ ਹੈ ।
- ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਤਿੰਨ-ਪੜਾਵੀ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ ਹਨ-
- ਜ਼ਿਲ੍ਹਾ ਫੋਰਮ
- ਰਾਜ ਆਯੋਗ
- ਰਾਸ਼ਟਰੀ ਆਯੋਗ ।
- ਉਪਭੋਗਤਾ ਆਪਣੀਆਂ ਸ਼ਿਕਾਇਤਾਂ ਵਸਤੂ ਦੇ ਖਰੀਦਣ ਦੇ ਦੋ ਸਾਲ ਤਕ ਕਰ ਸਕਦਾ ਹੈ ।
ਪ੍ਰਸ਼ਨ 9.
ਭਾਰਤ ਵਿਚ ਸਰਵਜਨਕ ਵਿਤਰਨ ਪ੍ਰਣਾਲੀ ਦੀ ਲੋੜ ਉੱਤੇ ਇਕ ਸੰਖੇਪ ਟਿੱਪਣੀ ਲਿਖੋ । (PB. 2002 S. 07)
ਉੱਤਰ-
ਭਾਰਤ ਵਿਚ ਸਰਵਜਨਕ ਵਿਤਰਨ ਪ੍ਰਣਾਲੀ ਦੀ ਲੋੜ ਇਸ ਲਈ ਅਨੁਭਵ ਕੀਤੀ ਗਈ ਹੈ ਕਿਉਂਕਿ ਮੰਗ ਅਤੇ ਪੂਰਤੀ ਦੀਆਂ ਬਾਜ਼ਾਰ ਸ਼ਕਤੀਆਂ ਜੀਵਨ ਦੀਆਂ ਜ਼ਰੂਰੀ ਵਸਤੂਆਂ ਦਾ ਸਮਾਜਿਕ ਪੱਖ ਤੋਂ ਉੱਚਿਤ ਵਿਤਰਨ-ਕਰਨ ਵਿਚ ਅਸਮਰੱਥ ਰਹੀਆਂ ਹਨ । ਇਸ ਲਈ ਪੂਰਤੀ ਅਤੇ ਮੰਗ ਦੋਹਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸ਼ਕਤੀਆਂ ਹੇਠ ਲਿਖੇ ਕਾਰਨਾਂ ਤੋਂ ਜ਼ਿੰਮੇਵਾਰ ਹਨ-
- ਭਾਰਤ ਵਿਚ ਜੀਵਨ ਦੀਆਂ ਜ਼ਰੂਰੀ ਵਸਤੁਆਂ ਦੀ ਪੂਰਤੀ ਤਿੰਨ ਕਾਰਨਾਂ ਤੋਂ ਮੰਗ ਦੀ ਤੁਲਨਾ ਵਿਚ ਘੱਟ ਹੈ ਜਿਵੇਂ-
- ਨਾ-ਕਾਫ਼ੀ ਉਤਪਾਦਨ,
- ਉਤਪਾਦਨ ਦੇ ਭੰਡਾਰਨ ਅਤੇ ਵਿਕਰੀ ਦੀਆਂ ਸਹੂਲਤਾਂ ਦੀ ਘਾਟ ਅਤੇ
- ਜਮਾਂਖੋਰੀ ।
- ਭਾਰਤ ਵਿਚ ਜ਼ਿਆਦਾਤਰ ਉਪਭੋਗਤਾਵਾਂ ਦੇ ਗ਼ਰੀਬ ਹੋਣ ਦੇ ਕਾਰਨ ਉਨ੍ਹਾਂ ਵਲੋਂ ਬਾਜ਼ਾਰ ਕੀਮਤ ਤੇ ਜ਼ਰੂਰੀ ਵਸਤੂਆਂ ਖ਼ਰੀਦਣ ਦੀ ਸੰਭਾਵਨਾ ਘੱਟ ਹੁੰਦੀ ਹੈ । ਇਸ ਦੇ ਫਲਸਰੂਪ ਭੁੱਖਮਰੀ ਅਤੇ ਕੁਪੋਸ਼ਣ ਦੀਆਂ ਬੁਰਾਈਆਂ ਪੈਦਾ ਹੋਣ ਦੀਆਂ ਸੰਭਾਵਨਾਵਾਂ ਰਹਿੰਦੀਆਂ ਹਨ ।
ਪ੍ਰਸ਼ਨ 10.
ਉਪਭੋਗਤਾਵਾਂ ਦੇ ਸ਼ੋਸ਼ਣ ਦੇ ਕੀ ਕਾਰਨ ਹਨ ?
ਉੱਤਰ-
- ਜ਼ਿਆਦਾਤਰ ਭਾਰਤੀ ਅਨਪੜ੍ਹ, ਕਿਸਮਤਵਾਦੀ ਅਤੇ ਰੂੜ੍ਹੀਵਾਦੀ ਹਨ । ਉਪਭੋਗਤਾ ਆਪਣੇ ਫ਼ਰਜ਼ਾਂ ਦਾ ਪਾਲਣ ਨਹੀਂ ਕਰਦੇ, ਇਸ ਲਈ ਉਤਪਾਦਕਾਂ ਅਤੇ ਦੁਕਾਨਦਾਰਾਂ ਦੁਆਰਾ ਉਨ੍ਹਾਂ ਦਾ ਸਮੇਂ-ਸਮੇਂ ਤੇ ਸ਼ੋਸ਼ਣ ਕੀਤਾ ਜਾਂਦਾ ਹੈ ।
- ਉਪਭੋਗਤਾਵਾਂ ਵਿਚ ਸੰਗਠਨ ਅਤੇ ਏਕਤਾ ਦੀ ਘਾਟ ਹੈ ਉਹ ਆਪਣੇ ‘ਉਪਭੋਗਤਾ ਅੰਦੋਲਨ’ ਵਿਚ ਵੀ ਸਰਗਰਮ ਹਿੱਸਾ ਨਹੀਂ ਲੈਂਦੇ ।
- ਉਤਪਾਦਕ ਅਤੇ ਦੁਕਾਨਦਾਰ ਸ਼ਾਸਨ ਦੀ ਅਕਿਰਿਆਸ਼ੀਲਤਾ ਦਾ ਲਾਭ ਉਠਾਉਂਦੇ ਹਨ ।
- ਜ਼ਿਆਦਾਤਰ ਭਾਰਤੀ ਉਤਪਾਦਕਾਂ ਅਤੇ ਵਪਾਰੀਆਂ ਦਾ ਵਪਾਰਕ ਪੱਧਰ ਬਹੁਤ ਜ਼ਿਆਦਾ ਨੀਵਾਂ ਹੈ ਤੋਂ ਵਧੇਰੇ ਲਾਭ ਕਮਾਉਣ ਦੇ ਲਾਲਚ ਵਿਚ ਉਹ ਮੌਕਾ ਮਿਲਦਿਆਂ ਹੀ ਉਪਭੋਗਤਾਵਾਂ ਨੂੰ ਧੋਖਾ ਦੇ ਕੇ ਉਨ੍ਹਾਂ ਨੂੰ ਲੁੱਟ ਲੈਂਦੇ ਹਨ ।
ਪ੍ਰਸ਼ਨ 11.
ਸਰਵਜਨਕ ਵੰਡ ਪ੍ਰਣਾਲੀ ‘ਤੇ ਨੋਟ ਲਿਖੋ ।
ਉੱਤਰ-
ਭਾਰਤ ਸਰਕਾਰ ਦੇਸ਼ ਦੇ ਗਰੀਬ ਵਰਗ ਲਈ ਜੀਵਨ ਦੀਆਂ ਲੋੜੀਂਦੀਆਂ ਵਸਤਾਂ; ਜਿਵੇਂ ਕਣਕ, ਚੌਲ, ਖੰਡ, ਮਿੱਟੀ ਦਾ ਤੇਲ ਅਤੇ ਕੱਪੜੇ ਦੀ ਘੱਟ ਕੀਮਤ ‘ਤੇ ਵੰਡ ਕਰਾਉਣ ਲਈ ਯਤਨਸ਼ੀਲ ਹੈ । ਇਸ ਲਈ ਇਸ ਉਦੇਸ਼ ਲਈ ਦੇਸ਼ ਵਿਚ ਸਰਵਜਨਕ ਵੰਡ ਪ੍ਰਣਾਲੀ ਅਪਣਾਈ ਗਈ ਹੈ । ਦੂਜੇ ਸ਼ਬਦਾਂ ਵਿਚ, ਸਰਵਜਨਕ ਵੰਡ ਪ੍ਰਣਾਲੀ ਦੁਆਰਾ ਸਰਕਾਰ ਦੇਸ਼ ਦੀ ਜਨਤਾ, ਵਿਸ਼ੇਸ਼ ਤੌਰ ‘ਤੇ ਗ਼ਰੀਬ ਵਰਗ ਨੂੰ ਉੱਚਿਤ ਕੀਮਤ ਦੀਆਂ ਦੁਕਾਨਾਂ ਦੁਆਰਾ ਜੀਵਨ ਦੀਆਂ ਲੋੜੀਂਦੀਆਂ ਵਸਤਾਂ; ਜਿਵੇਂ ਅਨਾਜ, ਖੰਡ, ਮਿੱਟੀ ਦਾ ਤੇਲ, ਮੋਟੇ ਕੱਪੜੇ ਆਦਿ ਦੀਆਂ ਰਿਆਇਤੀ ਕੀਮਤਾਂ ‘ਤੇ ਨਿਸਚਿਤ ਮਾਤਰਾ ਵਿਚ ਵੰਡ ਕਰਦੀ ਹੈ ।
ਪ੍ਰਸ਼ਨ 12.
ਭਾਰਤ ਵਿਚ ਸਰਵਜਨਕ ਵੰਡ ਪ੍ਰਣਾਲੀ ਦੀ ਮੌਜੂਦਾ ਸਥਿਤੀ ਦਾ ਵਰਣਨ ਕਰੋ ।
ਉੱਤਰ-
ਸਰਕਾਰ ਨੇ ਲੋੜੀਂਦੀਆਂ ਵਸਤਾਂ ਦੀਆਂ ਘੱਟ ਕੀਮਤਾਂ ‘ਤੇ ਰਾਸ਼ਨ ਕਾਰਡਾਂ ਦੁਆਰਾ ਵੰਡ ਕਰਨ ਲਈ ਲਗਪਗ 4.37 ਲੱਖ ਉੱਚਿਤ ਕੀਮਤ ਦੀਆਂ ਦੁਕਾਨਾਂ ਖੋਲ੍ਹੀਆਂ ਹਨ । 1988 ਵਿਚ 180 ਲੱਖ ਟਨ ਅਤੇ 1996-97 ਵਿਚ 190 ਲੱਖ ਟਨ ਅਨਾਜ ਦੇ ਇਲਾਵਾ ਖੰਡ, ਮਿੱਟੀ ਦਾ ਤੇਲ, ਕੋਲੇ ਅਤੇ ਮੋਟੇ ਕੱਪੜੇ ਦੀ ਵੀ ਵੰਡ ਕੀਤੀ ਜਾਂਦੀ ਹੈ । ਪਹਾੜੀ ਅਤੇ ਸੁੱਕੇ ਖੇਤਰਾਂ ਦੀ ਆਬਾਦੀ ਵਾਲਿਆਂ ਲਈ ਚਾਹ, ਸਾਬਣ, ਦਾਲਾਂ ਅਤੇ ਆਇਓਡਾਈਂਡ ਨਮਕ ਵਰਗੀਆਂ ਵਸਤਾਂ ਦੀ ਵੰਡ ਕਰਨ ਲਈ ਨਵੀਂ ਸਕੀਮ ਚਾਲੂ ਕੀਤੀ ਗਈ ਹੈ । ਇਸਨੂੰ ਸੰਸ਼ੋਧਿਤ ਸਰਵਜਨਕ ਵੰਡ ਪ੍ਰਣਾਲੀ ਕਿਹਾ ਜਾਂਦਾ ਹੈ । ਇਸ ਪ੍ਰਣਾਲੀ ਦੇ ਤਹਿਤ ਭਾਰਤੀ ਖਾਧ ਨਿਗਮ ਦੁਆਰਾ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਨੂੰ ਵਿਸ਼ੇਸ਼ ਰਿਆਇਤੀ ਦਰਾਂ ਤੇ ਖਾਧ-ਅਨਾਜ ਦੀ ਪੂਰਤੀ ਕੀਤੀ ਜਾਂਦੀ ਹੈ ।
SST Guide for Class 10 PSEB ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ Textbook Questions and Answers
ਅਭਿਆਸ ਦੇ ਪ੍ਰਸ਼ਨ
I. ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ ਜਾਂ ਇਕ ਲਾਈਨ ਵਿਚ ਦਿਓ-
ਪ੍ਰਸ਼ਨ 1.
ਆਧਾਰਿਕ ਸੰਰਚਨਾ ਤੋਂ ਕੀ ਭਾਵ ਹੈ ?
ਉੱਤਰ-
ਅਰਥ-ਵਿਵਸਥਾ ਦੇ ਪੁੰਜੀ ਸਟਾਕ ਦਾ ਉਹ ਭਾਗ ਜੋ ਵੱਖ-ਵੱਖ ਕਿਸਮ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਪੱਖ ਤੋਂ ਜ਼ਰੂਰੀ ਹੁੰਦਾ ਹੈ, ਅਰਥ-ਵਿਵਸਥਾ ਦਾ ਸਹਾਇਕ ਢਾਂਚਾ ਜਾਂ ਆਧਾਰਿਕ ਸੰਰਚਨਾ ਅਖਵਾਉਂਦਾ ਹੈ ।
ਪ੍ਰਸ਼ਨ 2.
ਭਾਰਤ ਦੀਆਂ ਕੋਈ ਦੋ ਮੁੱਖ ਆਰਥਿਕ ਆਧਾਰਿਤ ਸੰਰਚਨਾਵਾਂ ਕਿਹੜੀਆਂ ਹਨ ?
ਉੱਤਰ-
- ਯਾਤਾਯਾਤ ਅਤੇ ਸੰਚਾਰ
- ਬਿਜਲੀ ਸ਼ਕਤੀ
- ਸਿੰਜਾਈ
- ਮੁਦਰਾ-ਪੂਰਤੀ
- ਬੈਂਕਿੰਗ ਅਤੇ ਦੂਜੀਆਂ ਵਿੱਤੀ ਸੰਸਥਾਵਾਂ ।
ਪ੍ਰਸ਼ਨ 3.
ਭਾਰਤ ਵਿਚ ਯਾਤਾਯਾਤ ਦੇ ਕੋਈ ਦੋ ਮੁੱਖ ਸਾਧਨ ਕਿਹੜੇ ਹਨ ?
ਉੱਤਰ-
- ਰੇਲਵੇ
- ਸੜਕ ਯਾਤਾਯਾਤ
- ਜਲ ਯਾਤਾਯਾਤ
- ਹਵਾਈ ਯਾਤਾਯਾਤ ।
ਪ੍ਰਸ਼ਨ 4.
ਸਿੰਜਾਈ ਤੋਂ ਕੀ ਭਾਵ ਹੈ ?
ਉੱਤਰ-
ਜ਼ਮੀਨ ਨੂੰ ਬਣਾਵਟੀ ਸਾਧਨਾਂ ਦੁਆਰਾ ਪਾਣੀ ਦੇਣ ਨੂੰ ਹੀ ਸਿੰਜਾਈ ਕਹਿੰਦੇ ਹਨ । ਵਰਖਾ ਦੀ ਅਨਿਯਮਿਤਤਾ, ਵਰਖਾ ਦੀ ਵੰਡ ਅਤੇ ਵਰਖਾ ਦਾ ਅਨਿਸਚਿਤ ਸਮਾਂ ਸਿੰਜਾਈ ਦੀ ਲੋੜ ਲਈ ਜ਼ਿੰਮੇਵਾਰ ਹੈ । ਭਾਰਤ ਵਿਚ ਵਰਖਾ, ਟਿਉਬਵੈੱਲ, ਖੂਹ, ਤਲਾਬ, ਨਹਿਰਾਂ ਅਤੇ ਸ਼ਕਤੀ ਚਲਿਤ ਪੰਪਸੈੱਟ ਸਿੰਜਾਈ ਦੇ ਮੁੱਖ ਸਾਧਨ ਹਨ ।
ਪ੍ਰਸ਼ਨ 5.
ਭਾਰਤ ਵਿਚ ਸਿੰਚਾਈ ਦੇ ਮੁੱਖ ਸਾਧਨ ਕਿਹੜੇ ਹਨ ?
ਉੱਤਰ-
ਖੂਹ, ਟਿਊਬਵੈੱਲ, ਤਲਾਬ, ਨਹਿਰਾਂ ਆਦਿ ।
ਪ੍ਰਸ਼ਨ 6.
ਕਿੰਨੇ ਵਪਾਰਕ ਬੈਂਕ ਰਾਸ਼ਟਰੀਕਰਨ ਕੀਤੇ ਗਏ ਹਨ ?
ਉੱਤਰ-
ਸੰਨ 1969 ਵਿਚ 14 ਅਤੇ ਸੰਨ 1980 ਵਿਚ 6 ਭਾਵ 20 ਵੱਡੇ ਬੈਂਕਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ ਹੈ । ਪਰ ਹੁਣ ਇਹਨਾਂ ਦੀ ਸੰਖਿਆ 19 ਹੈ ।
ਪ੍ਰਸ਼ਨ 7.
ਭਾਰਤ ਦੇ ਕੇਂਦਰੀ ਬੈਂਕ ਦਾ ਨਾਂ ਲਿਖੋ ।
ਉੱਤਰ-
ਭਾਰਤੀ ਰਿਜ਼ਰਵ ਬੈਂਕ ।
ਪ੍ਰਸ਼ਨ 8.
ਭਾਰਤ ਦੀਆਂ ਵਿਸ਼ਿਸ਼ਟ ਬੈਂਕਿੰਗ ਸੰਸਥਾਵਾਂ ਕਿਹੜੀਆਂ ਹਨ ?
ਉੱਤਰ-
- ਭਾਰਤੀ ਉਦਯੋਗਿਕ ਵਿਕਾਸ ਬੈਂਕ
- ਲਘੂ ਉਦਯੋਗ ਵਿਕਾਸ ਬੈਂਕ
- ਭਾਰਤੀ ਉਦਯੋਗਿਕ ਵਿੱਤ ਨਿਗਮ
- ਸਹਿਕਾਰੀ ਸਮਿਤੀਆਂ
- ਪੇਂਡੂ ਖੇਤੀ ਬੈਂਕ
- ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ
- ਨਿਰਯਾਤ-ਆਯਾਤ ਬੈਂਕ ਆਦਿ ।
ਪ੍ਰਸ਼ਨ 9.
ਉਪਭੋਗਤਾ ਸੰਰਖਣ ਤੋਂ ਕੀ ਭਾਵ ਹੈ ?
ਉੱਤਰ-
ਉਪਭੋਗਤਾ ਸੰਰਖਣ ਤੋਂ ਭਾਵ ਹੈ ਉਪਭੋਗਤਾ ਵਸਤੁਆਂ ਦੇ ਉਤਪਾਦਕਾਂ ਦੇ ਅਨੁਚਿਤ ਵਪਾਰ ਵਿਹਾਰਾਂ ਦੇ ਸਿੱਟੇ ਵਜੋਂ ਹੋਣ ਵਾਲੇ ਸ਼ੋਸ਼ਣ ਤੋਂ ਸੁਰੱਖਿਆ ਕਰਨਾ ।
II. ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਦਿਓ-
ਪ੍ਰਸ਼ਨ 1.
ਆਧਾਰਿਕ ਸੰਰਚਨਾ ਤੋਂ ਕੀ ਭਾਵ ਹੈ ? ਇਸ ਦੀ ਕੀ ਲੋੜ ਹੈ ?
ਉੱਤਰ-
ਆਧਾਰਿਕ ਸੰਰਚਨਾ – ਆਧਾਰਿਕ ਸੰਰਚਨਾ ਤੋਂ ਭਾਵ ਉਨ੍ਹਾਂ ਸਹੁਲਤਾਂ, ਕਿਰਿਆਵਾਂ ਅਤੇ ਸੇਵਾਵਾਂ ਤੋਂ ਹੈ ਜੋ ਦੂਜੇ ਖੇਤਰਾਂ ਦੇ ਸੰਚਾਲਨ ਅਤੇ ਵਿਕਾਸ ਵਿਚ ਸਹਾਇਕ ਹੁੰਦੀਆਂ ਹਨ ।
ਆਧਾਰਿਕ ਸੰਰਚਨਾ ਦੀ ਲੋੜ – ਅਸਲ ਵਿਚ ਹਰ ਦੇਸ਼ ਦੇ ਆਰਥਿਕ ਵਿਕਾਸ ਲਈ ਆਧਾਰਿਕ ਸੰਰਚਨਾ ਇਕ ਪੂਰਵ ਸ਼ਰਤ ਹੈ । ਇਸ ਦੀ ਕਾਫ਼ੀ ਪ੍ਰਾਪਤੀ ਵਿਕਾਸ ਦਾ ਆਧਾਰ ਹੈ ਅਤੇ ਇਸ ਦੀ ਨਾਕਾਫੀ ਪ੍ਰਾਪਤੀ ਵਿਕਾਸ ਦੀ ਸਭ ਤੋਂ ਵੱਡੀ ਰੁਕਾਵਟ ਹੈ ।
ਪ੍ਰਸ਼ਨ 2.
ਭਾਰਤ ਦੀਆਂ ਮੁੱਖ ਆਰਥਿਕ ਆਧਾਰਿਕ ਸੰਰਚਨਾਵਾਂ ਕਿਹੜੀਆਂ ਹਨ ?
ਉੱਤਰ-
ਆਰਥਿਕ ਆਧਾਰਿਕ ਸੰਰਚਨਾ ਤੋਂ ਭਾਵ ਉਸ ਪੁੱਜੀ ਸਟਾਕ ਤੋਂ ਹੈ ਜੋ ਉਤਪਾਦਨ ਪ੍ਰਣਾਲੀ ਨੂੰ ਪ੍ਰਤੱਖ ਸੇਵਾਵਾਂ ਪ੍ਰਦਾਨ ਕਰਦਾ ਹੈ । ਦੂਜੇ ਸ਼ਬਦਾਂ ਵਿਚ, ਆਰਥਿਕ ਆਧਾਰਿਕ ਸੰਰਚਨਾਵਾਂ ਉਹ ਸਹੂਲਤਾਂ ਅਤੇ ਸੇਵਾਵਾਂ ਹਨ ਜੋ ਉਤਪਾਦਨ ਅਤੇ ਵਿਤਰਨ ਪ੍ਰਣਾਲੀ ਨੂੰ ਪ੍ਰਤੱਖ ਰੂਪ ਵਿਚ ਪ੍ਰਭਾਵਿਤ ਕਰਦੀਆਂ ਹਨ ।
ਭਾਰਤ ਦੀਆਂ ਮੁੱਖ ਆਰਥਿਕ ਆਧਾਰਿਕ ਸੰਰਚਨਾਵਾਂ ਹੇਠ ਲਿਖੀਆਂ ਹਨ-
- ਯਾਤਾਯਾਤ ਅਤੇ ਸੰਚਾਰ
- ਬਿਜਲੀ
- ਸਿੰਜਾਈ
- ਮੁਦਰਾ ਪੂਰਤੀ
- ਬੈਂਕਿੰਗ ਅਤੇ ਦੂਜੀਆਂ ਵਿੱਤੀ ਸੰਸਥਾਵਾਂ ।
ਪ੍ਰਸ਼ਨ 3.
ਭਾਰਤ ਦੀਆਂ ਮੁੱਖ ਮੋਦਰਿਕ ਸੰਸਥਾਵਾਂ ਕਿਹੜੀਆਂ ਹਨ ?
ਉੱਤਰ-
ਭਾਰਤ ਦੀਆਂ ਮੁੱਖ ਮੌਦਰਿਕ ਸੰਸਥਾਵਾਂ ਹੇਠ ਲਿਖੀਆਂ ਹਨ-
- ਸ਼ਾਹੂਕਾਰ – ਇਹ ਬਹੁਤ ਜ਼ਿਆਦਾ ਵਿਆਜ ਲੈਂਦੇ ਹਨ ।
- ਭਾਰਤੀ ਰਿਜ਼ਰਵ ਬੈਂਕ – ਇਹ ਭਾਰਤ ਦੀ ਕੇਂਦਰੀ ਬੈਂਕ ਹੈ ।
- ਵਪਾਰਿਕ ਬੈਂਕ – ਇਹ ਬੈਂਕ ਆਮ ਤੌਰ ਤੇ ਘੱਟ ਸਮੇਂ ਦਾ ਕਰਜ਼ਾ ਦਿੰਦੇ ਹਨ ।
- ਵਿਸ਼ਿਸ਼ਟ ਬੈਂਕਿੰਗ ਸੰਸਥਾਵਾਂ – ਭਾਰਤੀ ਉਦਯੋਗਿਕ ਵਿਕਾਸ ਬੈਂਕ, ਪੇਂਡੂ ਖੇਤਰੀ ਬੈਂਕ, ਨਿਰਯਾਤ-ਆਯਾਤ ਬੈਂਕ ਆਦਿ ਖਾਸ ਬੈਂਕਿੰਗ ਸੰਸਥਾਵਾਂ ਹਨ ।
- ਗੈਰ-ਬੈਂਕਿੰਗ ਵਿੱਤੀ ਸੰਸਥਾਵਾਂ – ਭਾਰਤ ਦੀਆਂ ਮੁੱਖ ਗੈਰ-ਬੈਂਕਿੰਗ ਸੰਸਥਾਵਾਂ ਯੂਨਿਟ ਟਰੱਸਟ, ਅਤੇ ਜੀਵਨ ਬੀਮਾ ਨਿਗਮ ਹਨ ।
- ਸਟਾਕ ਐਕਸਚੇਂਜ – ਇਹ ਉਹ ਸੰਸਥਾਵਾਂ ਹਨ ਜਿੱਥੇ ਕੰਪਨੀਆਂ ਦੇ ਸ਼ੇਅਰ ਜਾਂ ਡਿਬੈਂਚਰ ਖ਼ਰੀਦੇ ਅਤੇ ਵੇਚੇ ਜਾਂਦੇ ਹਨ ।
ਪ੍ਰਸ਼ਨ 4.
ਉਪਭੋਗਤਾ ਦੇ ਸ਼ੋਸ਼ਣ ਤੋਂ ਕੀ ਭਾਵ ਹੈ ? ਉਪਭੋਗਤਾ ਸੰਰਖਣ ਦੇ ਮੁੱਖ ਉਪਾਅ ਦੱਸੋ ।
ਉੱਤਰ-
ਉਪਭੋਗਤਾ ਦਾ ਸ਼ੋਸ਼ਣ – ਉਪਭੋਗਤਾ ਦੇ ਸੋਸ਼ਣ ਤੋਂ ਭਾਵ ਹੈ, ਉਪਭੋਗਤਾ ਵਸਤੂਆਂ ਦੇ ਉਤਪਾਦਕਾਂ ਦੇ ਅਨੁਕੂਲ ਵਪਾਰ ਵਿਹਾਰਾਂ ਦੇ ਫਲਸਰੂਪ ਹੋਣ ਵਾਲਾ ਸ਼ੋਸ਼ਣ 1 ਉਤਪਾਦਕ ਉਪਭੋਗਤਾਵਾਂ ਦਾ ਕਈ ਤਰ੍ਹਾਂ ਨਾਲ ਸ਼ੋਸ਼ਣ ਕਰਦੇ ਹਨ, ਜਿਵੇਂ ਉਤਪਾਦਕ ਦੇ ਗੁਣਾਂ ਦੇ ਵਿਸ਼ੇ ਵਿਚ ਝੂਠੀਆਂ ਸੂਚਨਾਵਾਂ ਦੇਣਾ, ਮਿਲਾਵਟ ਕਰਨਾ, ਘੱਟ ਵਜ਼ਨ ਜਾਂ ਗ਼ਲਤ ਮਾਂਪਾਂ ਦੀ ਵਰਤੋਂ ਕਰਨਾ ਆਦਿ ।
ਉਪਭੋਗਤਾ ਸੰਰਖਣ ਦੇ ਮੁੱਖ ਉਪਾਅ
1. ਏਕਾਧਿਕਾਰ ਅਤੇ ਪ੍ਰਤੀਬੰਧਾਤਮਕ ਵਪਾਰ ਵਿਵਹਾਰ ਐਕਟ (1969) – ਭਾਰਤ ਵਿਚ ਵੱਡੇ ਉਤਪਾਦਕਾਂ ਅਤੇ ਵਪਾਰ ਸਮੂਹਾਂ ਤੋਂ ਉਪਭੋਗਤਾਵਾਂ ਅਤੇ ਛੋਟੇ ਉਤਪਾਦਕਾਂ ਨੂੰ ਸੰਰਖਣ ਦੇਣ ਲਈ 1969 ਵਿਚ ਇਹ ਐਕਟ ਲਾਗੂ ਕੀਤਾ ਗਿਆ ।
2. ਉਪਭੋਗਤਾ ਸੰਰਖਣ ਐਕਟ (1986) – ਉਪਭੋਗਤਾਵਾਂ ਦਾ ਸਭ ਪੱਧਰ ਦੇ ਉਤਪਾਦਕਾਂ ਤੋਂ ਸੰਰਖਣ ਕਰਨ ਲਈ 1986 ਵਿਚ ਉਪਭੋਗਤਾ ਸੰਰਖਣ ਐਕਟ ਪਾਸ ਕੀਤਾ ਗਿਆ । ਇਹ ਐਕਟ 1987 ਵਿਚ ਲਾਗੂ ਕੀਤਾ ਗਿਆ ਹੈ । ਇਸ਼ ਵਿਚ ਉਪਭੋਗਤਾ ਦੀਆਂ ਸ਼ਿਕਾਇਤਾਂ ਨੂੰ ਘੱਟ ਖ਼ਰਚ ਤੇ ਅਤੇ ਜਲਦੀ ਨਿਪਟਾਉਣ ਲਈ ਜ਼ਿਲਾ, ਰਾਜ ਅਤੇ ਰਾਸ਼ਟਰੀ ਪੱਧਰ ਤੇ ਉਪਭੋਗਤਾ ਝਾਰ ਨਿਵਾਰਨ ਫੋਰਮ ਸਥਾਪਿਤ ਕੀਤੇ ਗਏ ਹਨ । .
ਪ੍ਰਸ਼ਨ 6.
ਸਰਵਜਨਕ ਵਿਤਰਨ ਪ੍ਰਣਾਲੀ ਤੋਂ ਕੀ ਭਾਵ ਹੈ ? ਭਾਰਤ ਵਿਚ ਸਰਵਜਨਕ ਵਿਤਰਨ ਪ੍ਰਣਾਲੀ ਦੀ ਵਰਤਮਾਨ ਸਥਿਤੀ ਦਾ ਵਰਣਨ ਕਰੋ ।
ਉੱਤਰ-
ਸਰਵਜਨਕ ਵਿਤਰਨ ਪ੍ਰਣਾਲੀ – ਸਰਵਜਨਕ ਵਿਤਰਨ ਪ੍ਰਣਾਲੀ ਦੁਆਰਾ ਸਰਕਾਰ ਦੇਸ਼ ਦੀ ਜਨਤਾ, ਵਿਸ਼ੇਸ਼ ਰੂਪ ਨਾਲ ਗ਼ਰੀਬ ਸ਼੍ਰੇਣੀ ਨੂੰ ਉੱਚਿਤ ਕੀਮਤ ਦੀਆਂ ਦੁਕਾਨਾਂ ਦੁਆਰਾ ਜੀਵਨ ਦੀਆਂ ਜ਼ਰੂਰੀ ਵਸਤੂਆਂ ਜਿਵੇਂ ਅਨਾਜ, ਖੰਡ, ਮਿੱਟੀ ਦਾ ਤੇਲ, ਮੋਟੇ ਕੱਪੜੇ ਆਦਿ ਦੀ ਰਿਆਇਤੀ ਕੀਮਤਾਂ ਉੱਪਰ ਨਿਸਚਿਤ ਮਾਤਰਾ ਵਿਚ ਵੰਡ ਕਰਦੀ ਹੈ ।
ਭਾਰਤ ਵਿਚ ਸਰਵਜਨਕ ਵਿਤਰਨ ਪ੍ਰਣਾਲੀ ਦੇ ਤਿੰਨ ਮੁੱਖ ਅੰਗ ਹਨ-
- ਨਿਊਨਤਮ ਕੀਮਤਾਂ ‘ਤੇ ਵਸੂਲੀ – ਸਾਲ 1988 ਵਿਚ ਸਰਕਾਰ ਨੇ 140 ਲੱਖ ਟਨ ਅਨਾਜ ਦੀ ਵਸੂਲੀ ਨਿਰਧਾਰਿਤ ਕੀਮਤਾਂ ਤੇ ਕੀਤੀ ਸੀ । ਸਾਲ 2009 ਵਿਚ ਇਹ ਵਸੂਲੀ ਵੱਧ ਕੇ 431 ਲੱਖ ਟਨ ਹੋ ਗਈ ।
- ਬੱਫਰ ਸਟਾਕ – ਸਰਵਜਨਕ ਪ੍ਰਣਾਲੀ ਦਾ ਦੂਜਾ ਢੰਗ ਸਰਕਾਰ ਦੁਆਰਾ ਅਨਾਜ, ਖੰਡ ਆਦਿ ਜ਼ਰੂਰੀ ਵਸਤੂਆਂ ਦਾ ਸਟਾਕ ਰੱਖਣਾ ਹੈ । ਇਸ ਸਟਾਕ ਨੂੰ ਬਫਰ ਸਟਾਕ ਕਿਹਾ ਜਾਂਦਾ ਹੈ ।
- ਉੱਚਿਤ ਮੁੱਲ ਦੀਆਂ ਦੁਕਾਨਾਂ – ਸਰਕਾਰ ਨੇ ਜ਼ਰੂਰੀ ਵਸਤੂਆਂ ਦਾ ਘੱਟ ਕੀਮਤਾਂ ਤੇ ਰਾਸ਼ਨ ਕਾਰਡਾਂ ਰਾਹੀਂ ਵੰਡ ਲਈ ਲਗਪਗ 4.6 ਲੱਖ ਉੱਚਿਤ ਮੁੱਲ ਦੀਆਂ ਦੁਕਾਨਾਂ ਖੋਲ੍ਹੀਆਂ ਹਨ ।